ਨਿਕਿਤਾ ਕਤਲਕਾਂਡ: ਪਰਿਵਾਰ ਅਤੇ ਸਮਾਜਿਕ ਸੰਗਠਨਾਂ ਨੇ ਐਤਵਾਰ ਨੂੰ ਦਿੱਤੀ ਬੰਦ ਦੀ ''ਕਾਲ''
Thursday, Oct 29, 2020 - 05:50 PM (IST)
ਫਰੀਦਾਬਾਦ— ਹਰਿਆਣਾ ਦੇ ਬਲੱਭਗੜ੍ਹ 'ਚ ਵਾਪਰੇ ਨਿਕਿਤਾ ਕਤਲਕਾਂਡ ਕਾਰਨ ਪੂਰੇ ਦੇਸ਼ 'ਚ ਰੋਹ ਦੀ ਲਹਿਰ ਹੈ। ਇਸ ਮਾਮਲੇ ਨੂੰ ਲੈ ਕੇ ਨਿਕਿਤਾ ਦੇ ਪਰਿਵਾਰ ਅਤੇ ਸਮਾਜਿਕ ਸੰਗਠਨਾਂ ਨੇ ਵੱਡਾ ਫ਼ੈਸਲਾ ਲੈਂਦੇ ਹੋਏ ਐਤਵਾਰ ਵਾਲੇ ਦਿਨ ਹਰਿਆਣਾ ਨੂੰ ਬੰਦ ਕਰਨ ਦੀ ਕਾਲ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਐਤਵਾਰ ਸਵੇਰੇ 10 ਵਜੇ ਫਰੀਦਾਬਾਦ ਨੂੰ ਚਾਰੋਂ ਪਾਸਿਓਂ ਜਾਮ ਕਰ ਦਿੱਤਾ ਜਾਵੇਗਾ। ਪਰਿਵਾਰ ਵਾਲਿਆਂ ਅਤੇ ਸਮਾਜਿਕ ਸੰਗਠਨਾਂ ਦੀ ਮੰਗ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਨ। ਉਨ੍ਹਾਂ ਨੇ ਮੁੱਖ ਮੰਤਰੀ ਖੱਟੜ ਨੂੰ ਦੋ ਦਿਨ ਦਾ ਸਮਾਂ ਦਿੱਤਾ ਹੈ ਅਤੇ ਨਾਲ ਹੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਦੋ ਦਿਨ ਵਿਚ ਜੇਕਰ ਮੁੱਖ ਮੰਤਰੀ ਖੱਟੜ ਫਰੀਦਾਬਾਦ ਨਹੀਂ ਪੁੱਜੇ ਤਾਂ ਪੂਰਾ ਹਰਿਆਣਾ ਜਾਮ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਨਿਕਿਤਾ ਕਤਲਕਾਂਡ: ਮ੍ਰਿਤਕ ਕੁੜੀ ਦੇ ਘਰ ਪੁੱਜੀ SIT ਟੀਮ, ਪਰਿਵਾਰ ਵਾਲਿਆਂ ਨੂੰ ਕੀਤੇ ਸਵਾਲ-ਜਵਾਬ
ਦੱਸਣਯੋਗ ਹੈ ਕਿ ਹਰਿਆਣਾ ਦੇ ਫਰੀਦਾਬਾਦ ਜ਼ਿਲ੍ਹੇ ਦੇ ਬਲੱਭਗੜ੍ਹ 'ਚ ਵਿਦਿਆਰਥਣ ਨਿਕਿਤਾ ਤੋਮਰ ਦਾ ਦਿਨ-ਦਿਹਾੜੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਨਿਕਿਤਾ ਬੀਕਾਮ ਫਾਈਨਲ ਈਅਰ ਦੀ ਵਿਦਿਆਰਥਣ ਸੀ। ਉਹ ਬੀਤੇ ਦਿਨੀਂ ਬਲੱਭਗੜ੍ਹ ਦੇ ਅਗਰਵਾਲ ਕਾਲਜ ਵਿਚ ਪ੍ਰੀਖਿਆ ਦੇਣ ਆਈ ਸੀ। ਜਦੋਂ ਸਿਰਫਿਰੇ ਨੇ ਉਸ ਨੂੰ ਪਹਿਲਾਂ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਫਿਰ ਉਸ ਨੂੰ ਗੋਲੀ ਮਾਰ ਦਿੱਤੀ। ਨਿਕਿਤਾ ਨੂੰ ਮਾਂ ਅਤੇ ਭਰਾ ਨੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਕਤਲ ਕੇਸ ਵਿਚ ਦੋਸ਼ੀ ਤੌਸਿਫ਼ ਅਤੇ ਉਸ ਦੇ ਦੋਸਤ ਰੇਹਾਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਸ਼ੀ ਨੇ ਪੁੱਛ-ਗਿੱਛ ਦੌਰਾਨ ਪੁਲਸ ਨੂੰ ਦੱਸਿਆ ਸੀ ਕਿ ਨਿਕਿਤਾ ਕਿਸੇ ਹੋਰ ਨਾਲ ਵਿਆਹ ਕਰਵਾਉਣ ਵਾਲੀ ਸੀ, ਇਸ ਲਈ ਉਸ ਨੇ ਉਸ ਨੂੰ ਮਾਰ ਦਿੱਤਾ।
ਇਹ ਵੀ ਪੜ੍ਹੋ: ਹਰਿਆਣਾ 'ਚ ਗਾਇਕ ਦੇ ਘਰ ਬਾਹਰ ਬਦਮਾਸ਼ਾਂ ਨੇ ਚਲਾਈਆਂ ਅੰਨ੍ਹੇਵਾਹ ਗੋਲ਼ੀਆਂ, ਜਾਨੋਂ ਮਾਰਨ ਦੀ ਦਿੱਤੀ ਧਮਕੀ
ਦੱਸ ਦੇਈਏ ਕਿ ਨਿਕਿਤਾ ਕਤਲਕਾਂਡ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਕਰ ਰਹੀ ਹੈ। ਕਤਲਕਾਂਡ ਮਗਰੋਂ ਪੁਰੀ ਸਿਆਸਤ ਵਿਚ ਹੱਲ-ਚੱਲ ਪੈਦਾ ਹੋ ਗਈ ਹੈ। ਹਰ ਦਿਨ ਨਵੇਂ-ਨਵੇਂ ਖ਼ੁਲਾਸੇ ਸਾਹਮਣੇ ਆ ਰਹੇ ਹਨ। ਮੁੱਖ ਦੋਸ਼ੀ ਤੌਸਿਫ਼ ਸਿਆਸਤ ਅਤੇ ਅਪਰਾਧਕ ਬੈਕਗਰਾਊਂਡ ਤੋਂ ਹੈ।