ਅੱਜ ਤੋਂ ਜੰਮੂ-ਕਸ਼ਮੀਰ ਦੇ ਸਾਰੇ ਜ਼ਿਲ੍ਹਿਆਂ ’ਚ ਲੱਗੇਗਾ ਨਾਈਟ ਕਰਫਿਊ

Wednesday, Apr 21, 2021 - 11:37 AM (IST)

ਅੱਜ ਤੋਂ ਜੰਮੂ-ਕਸ਼ਮੀਰ ਦੇ ਸਾਰੇ ਜ਼ਿਲ੍ਹਿਆਂ ’ਚ ਲੱਗੇਗਾ ਨਾਈਟ ਕਰਫਿਊ

ਜੰਮੂ– ਜੰਮੂ-ਕਸ਼ਮੀਰ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਧਿਆਨ ’ਚ ਰੱਖਦੇ ਹੋਏ ਉਪ ਰਾਜਪਾਲ ਮਨੋਜ ਸਿਨਹਾ ਦੀ ਅਗਵਾਈ ’ਚ ਆਫਤ ਪ੍ਰਬੰਧਨ, ਰਾਹਤ, ਪੁਨਰਵਾਸ ਅਤੇ ਪੁਨਰ ਨਿਰਮਾਣ ਵਿਭਾਗ ਸਮੇਤ ਹੋਰ ਮਹੱਤਵਪੂਰਨ ਵਿਭਾਗਾਂ ਦੀ ਹੋਈ ਬੈਠਕ ਤੋਂ ਬਾਅਦ ਕੋਰੋਨਾ ਮਹਾਮਾਰੀ ਦੇ ਪਸਾਰ ਦੀ ਰੋਕਥਾਮ ਨੂੰ ਲੈ ਕੇ ਜੰਮੂ-ਕਸ਼ਮੀਰ ਦੇ 20 ਜ਼ਿਲਿਆਂ ਦੇ ਸ਼ਹਿਰੀ/ਮਿਊਂਸਪਲ ਖੇਤਰਾਂ ’ਚ ਬੁੱਧਵਾਰ ਤੋਂ ਰਾਤ ਦਾ ਕਰਫਿਊ ਲਾਉਣ ਦਾ ਐਲਾਨ ਕੀਤਾ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ 8 ਜ਼ਿਲ੍ਹਿਆਂ ’ਚ ਨਾਈਟ ਕਰਫਿਊ ਲਗਾਇਆ ਗਿਆ ਸੀ। ਪਰ ਹੁਣ ਕੋਰੋਨਾ ਦੀ ਸਥਿਤੀ ਨੂੰ ਵੇਖਦੇ ਹੋਏ ਇਸ ਨੂੰ ਪੂਰੇ ਸੂਬੇ ’ਚ ਲਾਗੂ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸੂਬੇ ’ਚ ਬਾਜ਼ਾਰਾਂ ਨੂੰ ਵੀ ਰੋਟੇਸ਼ਨ ਦੇ ਆਧਾਰ ’ਤੇ ਖੋਲ੍ਹਣ ਅਤੇ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਹੁਣ ਬਾਜ਼ਾਰ ’ਚ ਰੋਜ਼ਾਨਾ 50 ਫੀਸਦੀ ਦੁਕਾਨਾਂ ਹੀ ਖੋਲ੍ਹੀਆਂ ਜਾਣਗੀਆਂ। ਇਹ ਵਿਵਸਥਾ ਅਗਲੇ ਹੁਕਮਾਂ ਤਕ ਜਾਰੀ ਰਹਿਣ ਵਾਲੀ ਹੈ। 

 

ਨਵੇਂ ਨਿਯਮਾਂ ਦਾ ਸਖਤੀ ਨਾਲ ਪਾਲਨ ਹੋਵੇ- ਉਪ ਰਾਜਪਾਲ
ਨਵੇਂ ਨਿਯਮਾਂ ਮੁਤਾਬਕ, ਬਾਜ਼ਾਰਾਂ, ਸ਼ਾਪਿੰਗ ਕੰਪਲੈਕਸ ਅਤੇ ਮਾਲ ’ਚ ਦੁਕਾਨਾਂ ਨੂੰ ਰੋਟੇਸ਼ਨ ਦੇ ਆਧਾਰ ’ਤੇ ਖੋਲ੍ਹਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਇਨ੍ਹਾਂ ਸਾਰੀਆਂ ਥਾਵਾਂ ’ਤੇ ਇਕ ਸਮੇਂ ’ਚ ਸਿਰਫ 50 ਫੀਸਦੀ ਦੁਕਾਨਾਂ ਹੀ ਖੋਲ੍ਹੀਆਂ ਜਾਣਗੀਆਂ। ਨਾਲ ਹੀ ਹਰ ਐਤਵਾਰ ਬਾਜ਼ਾਰਾਂ ਨੂੰ ਪੂਰੀ ਤਰ੍ਹਾਂ ਬੰਦ ਰੱਖਿਆ ਜਾਵੇਗਾ। ਉਪ ਰਾਜਪਾਲ ਨੇ ਕਿਹਾ ਕਿ ਇਨ੍ਹਾਂ ਨਿਯਮਾਂ ਦਾ ਸਖਤੀ ਨਾਲ ਪਾਲਨ ਕਰਵਾਇਆ ਜਾਵੇ। ਇਸ ਤੋਂ ਇਲਾਵਾ ਪਬਲਿਕ ਟ੍ਰਾਂਸਪੋਰਟ ਨੂੰ ਸਿਰਫ 50 ਫੀਸਦੀ ਸਮਰੱਥਾ ਨਾਲ ਹੀ ਚਾਲੂ ਰੱਖਣ ਦੀ ਮਨਜ਼ੂਰੀ ਦਿੱਤੀ ਹੈ। ਸੂਬੇ ’ਚ ਇਨ੍ਹਾਂ ਸਾਰੇ ਨਿਯਮਾਂ ਦਾ ਪਾਲਨ ਕਰਵਾਉਣ ਦੀ ਜ਼ਿੰਮੇਵਾਰੀ ਡੀ.ਐੱਸ.ਪੀ. ਦੀ ਹੋਵੇਗੀ। 

ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਪ੍ਰਸ਼ਾਸਨ ਅਮਰਨਾਥ ਯਾਤਰਾ ਨੂੰ ਲੈ ਕੇ ਵੀ ਤਿਆਰੀਆਂ ਕਰ ਰਿਹਾ ਹੈ। ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਦੀ ਯਾਤਰਾ ਨੂੰ ਲੈ ਕੇ ਕੁਝ ਵੱਡੇ ਫੈਸਲੇ ਲਏ ਜਾ ਸਕਦੇ ਹਨ। ਦੱਸ ਦੇਈਏ  ਕਿ ਅਮਰਨਾਥ ਯਾਤਰਾ ਦੀ ਸ਼ੁਰੂਆਤ 28 ਜੂਨ ਤੋਂ ਹੋਣੀ ਹੈ। 


author

Rakesh

Content Editor

Related News