NIA ਨੇ ਦਰਜੀ ਕਤਲਕਾਂਡ ’ਚ UAPA ਤਹਿਤ ਮਾਮਲਾ ਕੀਤਾ ਦਰਜ, ਦੋਸ਼ੀਆਂ ਨੂੰ ਲੈ ਕੇ ਕੀਤਾ ਵੱਡਾ ਖ਼ੁਲਾਸਾ

06/29/2022 5:09:03 PM

ਨਵੀਂ ਦਿੱਲੀ– ਰਾਸ਼ਟਰੀ ਜਾਂਚ ਏਜੰਸੀ( ਐੱਨ. ਆਈ. ਏ.) ਨੇ ਰਾਜਸਥਾਨ ਦੇ ਉਦੈਪੁਰ ’ਚ 2 ਲੋਕਾਂ ਵਲੋਂ ਇਕ ਦਰਜੀ ਦਾ ਬੇਰਹਿਮੀ ਨਾਲ ਕਤਲ ਦੇ ਸਬੰਧ ’ਚ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (UAPA) ਤਹਿਤ ਬੁੱਧਵਾਰ ਨੂੰ ਮਾਮਲਾ ਦਰਜ ਕੀਤਾ। ਇਸ ਦੇ ਨਾਲ ਹੀ ਏਜੰਸੀ ਨੇ ਖ਼ੁਲਾਸਾ ਕੀਤਾ ਕਿ ਦੋਸ਼ੀ ਦੇਸ਼ ਭਰ ’ਚ ਜਨਤਾ ਦਰਮਿਆਨ ਅੱਤਵਾਦ ਫੈਲਾਉਣਾ ਚਾਹੁੰਦੇ ਸਨ। ਏਜੰਸੀ ਦੇ ਇਕ ਬੁਲਾਰੇ ਨੇ ਕਿਹਾ ਕਿ NIA ਦੀ ਟੀਮ ਉਦੈਪੁਰ ਪਹੁੰਚ ਗਈ ਹੈ ਅਤੇ ਉਨ੍ਹਾਂ ਨੇ ਮਾਮਲੇ ਦੀ ਤੁਰੰਤ ਜਾਂਚ ਲਈ ਜ਼ਰੂਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਦੋਸ਼ੀ ਵਿਅਕਤੀਆਂ ਨੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਹੋਏ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਸੀ, ਤਾਂ ਕਿ ਪੂਰੇ ਦੇਸ਼ ’ਚ ਲੋਕਾਂ ਵਿਚਾਲੇ ਦਹਿਸ਼ਤ ਫੈਲਾਈ ਜਾ ਸਕੇ। 

ਇਹ ਵੀ ਪੜ੍ਹੋ- ਨੂਪੁਰ ਸ਼ਰਮਾ ਦੇ ਸਮਰਥਨ 'ਚ ਪੁੱਤਰ ਵੱਲੋਂ ਪੋਸਟ ਪਾਉਣ 'ਤੇ ਪਿਓ ਦਾ ਕਤਲ, ਸੜਕਾਂ 'ਤੇ ਪ੍ਰਦਰਸ਼ਨ

ਅਧਿਕਾਰੀਆਂ ਨੇ ਕਿਹਾ ਕਿ ਆਈ. ਪੀ. ਸੀ ਅਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਸ਼ੁਰੂਆਤ 'ਚ ਇਸ ਘਟਨਾ ਦੇ ਸਬੰਧ 'ਚ ਉਦੈਪੁਰ ਦੇ ਧਨਮੰਡੀ ਥਾਣੇ 'ਚ ਮਾਮਲਾ ਦਰਜ ਕੀਤਾ ਗਿਆ ਸੀ। ਬੁਲਾਰੇ ਨੇ ਦੱਸਿਆ ਕਿ NIA ਨੇ ਮੁਲਜ਼ਮਾਂ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 452, 302, 153 (ਏ), 153 (ਬੀ), 295 (ਏ) ਅਤੇ 34 ਦੇ ਨਾਲ-ਨਾਲ ਗ਼ੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ), ਕਾਨੂੰਨ, 1967 ਦੀਆਂ ਧਾਰਾਵਾਂ 16, 18 ਅਤੇ 20 ਤਹਿਤ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੇ ਪੀੜਤਾ 'ਤੇ ਤੇਜ਼ਧਾਰ ਹਥਿਆਰਾਂ ਨਾਲ ਕਈ ਵਾਰ ਕੀਤੇ ਸਨ।

ਇਹ ਵੀ ਪੜ੍ਹੋ- ਗ੍ਰਹਿ ਮੰਤਰਾਲਾ ਨੇ ਉਦੇਪੁਰ ਕਤਲਕਾਂਡ ਦੀ ਜਾਂਚ NIA ਨੂੰ ਸੌਂਪੀ

ਕੀ ਹੈ ਪੂਰਾ ਮਾਮਲਾ- 
ਦੱਸ ਦੇਈਏ ਕਿ ਰਾਜਸਥਾਨ ਦੇ ਉਦੈਪੁਰ ਦੇ ਇਕ ਦਰਜੀ ਕਨ੍ਹਈਆ ਲਾਲ ਸਾਹੂ ਦਾ ਮੰਗਲਵਾਰ ਰਾਤ ਗਲ ਵੱਢ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਘਟਨਾ ਨੂੰ ਅੰਜ਼ਾਮ ਦੇਣ ਮਗਰੋਂ ਦੋਸ਼ੀਆਂ ਨੇ ਵੀਡੀਓ ਬਣਾ ਕੇ ਇਸ ਨੂੰ ਸੋਸ਼ਲ ਮੀਡੀਆ ’ਤੇ ਸਾਂਝਾ ਕੀਤਾ ਸੀ ਅਤੇ ਕਿਹਾ ਸੀ ਕਿ ਇਸਲਾਮ ਦੇ ਅਪਮਾਨ ਦਾ ਬਦਲਾ ਲੈਣ ਲਈ ਵਾਰਦਾਤ ਨੂੰ ਅੰਜ਼ਾਮ ਦਿੱਤਾ  ਗਿਆ ਹੈ। ਪੁਲਸ ਨੇ ਦੋਹਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਦਰਜੀ ਕਨ੍ਹਈਆ ਲਾਲ ਦੇ 8 ਸਾਲਾ ਪੁੱਤਰ ਨੇ ਉਨ੍ਹਾਂ ਦੇ ਮੋਬਾਈਲ ਫੋਨ ਤੋਂ ਭਾਜਪਾ ਆਗੂ ਨੂਪੁਰ ਸ਼ਰਮਾ ਦੇ ਸਮਰਥਨ ’ਚ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕੀਤੀ ਸੀ। ਇਸ ਤੋਂ ਗੁੱਸੇ ’ਚ ਆਏ ਦੋਸ਼ੀਆਂ ਨੇ ਉਸ ਦੇ ਪਿਤਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਨੂਪੁਰ ਨੇ ਹਾਲ ਹੀ ’ਚ ਪੈਗੰਬਰ ਮੁਹੰਮਦ ਖ਼ਿਲਾਫ ਇੰਤਰਾਜ਼ਯੋਗ ਟਿੱਪਣੀ ਕੀਤੀ ਸੀ। 
 


Tanu

Content Editor

Related News