NIA ਮੁਖੀ ਨੇ ਜੰਮੂ ''ਚ ਮੁਕਾਬਲੇ ਵਾਲੀ ਜਗ੍ਹਾ ਦਾ ਕੀਤਾ ਦੌਰਾ
Saturday, Apr 23, 2022 - 02:14 PM (IST)
ਜੰਮੂ (ਭਾਸ਼ਾ)- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੇ ਮੁਖੀ ਕੁਲਦੀਪ ਸਿੰਘ ਨੇ ਸ਼ਨੀਵਾਰ ਨੂੰ ਜੰਮੂ ਦੇ ਸੁੰਜਵਾਂ ਇਲਾਕੇ ਦਾ ਦੌਰਾ ਕੀਤਾ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਤੋਂ ਪਹਿਲਾਂ ਸੁਰੱਖਿਆ ਫ਼ੋਰਸਾਂ ਨਾਲ ਭਿਆਨਕ ਮੁਕਾਬਲੇ 'ਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ 2 ਆਤਮਘਾਤੀ ਹਮਲਾਵਰ ਮਾਰੇ ਗਏ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਐੱਨ.ਆਈ.ਏ. ਮੁਖੀ ਨਾਲ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.), ਜੰਮੂ ਸੈਕਟਰ ਦੇ ਇੰਸਪੈਕਟਰ ਜਨਰਲ ਪੀ.ਐੱਸ. ਰਣਪਿਸੇ ਵੀ ਸਨ। ਅਧਿਕਾਰੀਆਂ ਨੇ ਦੱਸਿਆ ਸਿੰਘ, ਜੋ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ ਜਨਰਲ ਡਾਇਰੈਕਟਰ ਵੀ ਹਨ ਨੂੰ ਸੀ.ਆਰ.ਪੀ.ਐੱਫ. ਅਧਿਕਾਰੀਆਂ ਨੇ ਮੁਕਾਬਲੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਐੱਨ.ਆਈ.ਏ. ਦੀ ਇਕ ਟੀਮ ਨੇ ਸ਼ੁੱਕਰਵਾਰ ਸ਼ਾਮ ਨੂੰ ਮੁਕਾਬਲੇ ਵਾਲੀ ਜਗ੍ਹਾ ਦਾ ਦੌਰਾ ਕੀਤਾ ਸੀ ਅਤੇ ਏਜੰਸੀ ਇਸ ਮਾਮਲੇ ਦੀ ਜਾਂਚ ਆਪਣੇ ਹੱਥ ਲੈ ਸਕਦੀ ਹੈ। ਸ਼ੁੱਕਰਵਾਰ ਨੂੰ ਸੁੰਜਵਾਂ 'ਚ ਫ਼ੌਜ ਦੇ ਇਕ ਕੰਪਲੈਕਸ ਦੇ ਨੇੜੇ ਹੋਏ ਮੁਕਾਬਲੇ 'ਚ ਕੇਂਦਰੀ ਉਦਯੋਗਿਕ ਸੁਰੱਖਿਆ ਫ਼ੋਰਸ (ਸੀ.ਆਈ.ਐੱਸ.ਐੱਫ.) ਦਾ ਇਕ ਜਵਾਨ ਸ਼ਹੀਦ ਹੋ ਗਿਆ ਸੀ। ਇਸ ਦੌਰਾਨ ਅੱਤਵਾਦੀਆਂ ਨੇ ਸੀ.ਆਈ.ਐੱਸ.ਐੱਫ. ਕਰਮੀਆਂ ਨੂੰ ਲਿਜਾ ਰਹੀ ਬੱਸ 'ਤੇ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਹੋਏ ਮੁਕਾਬਲੇ 'ਚ 9 ਸੁਰੱਖਿਆ ਕਰਮੀ ਜ਼ਖ਼ਮੀ ਹੋ ਗਏ ਸਨ।
ਜੰਮੂ ਕਸ਼ਮੀਰ ਪੁਲਸ ਦੇ ਇੰਸਪੈਕਟਰ ਜਨਰਲ ਦਿਲਬਾਗ ਸਿੰਘ ਨੇ ਕਿਹਾ ਸੀ ਕਿ ਦੋਵੇਂ ਅੱਤਵਾਦੀ ਪਾਕਿਸਤਾਨ ਸਥਿਤ ਜੈਸ਼-ਏ-ਮੁਹੰਮਦ ਸੰਗਠਨ ਦੇ ਆਤਮਘਾਤੀ ਦਸਤੇ ਦਾ ਹਿੱਸਾ ਸਨ ਅਤੇ ਉਨ੍ਹਾਂ ਦੀ ਘੁਸਪੈਠ ਪ੍ਰਧਾਨ ਮੰਤਰੀ ਜੰਮੂ ਕਸ਼ਮੀਰ ਯਾਤਰਾ ਨੂੰ ਅਸਫ਼ਲ ਕਰਨ ਦੀ ਇਕ ਵੱਡੀ ਸਾਜਿਸ਼ ਹੋ ਸਕਦੀ ਹੈ। ਪ੍ਰਧਾਨ ਮੰਤਰੀ ਦਾ, 24 ਅਪ੍ਰੈਲ ਨੂੰ ਰਾਸ਼ਟਰੀ ਪੰਚਾਇਤੀ ਰਾਜ ਦਿਵਸ 'ਤੇ ਇੱਥੋਂ 17 ਕਿਲੋਮੀਟਰ ਦੂਰ ਸਾਂਬਾ ਜ਼ਿਲ੍ਹੇ ਦੇ ਪੱਲੀ ਪਿੰਡ ਜਾਣ ਦਾ ਪ੍ਰੋਗਰਾਮ ਹੈ। ਅਧਿਕਾਰੀਆਂ ਅਨੁਸਾਰ, ਪ੍ਰਧਾਨ ਮੰਤਰੀ ਦੇ ਦੌਰੇ ਲਈ ਬਹੁਪੱਧਰੀ ਸੁਰੱਖਿਆ ਵਿਵਸਥਾ ਕੀਤੀ ਗਈ ਹੈ। ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਸਰਹੱਦ 'ਤੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਅਤੇ ਜੰਮੂ ਕਸ਼ਮੀਰ 'ਚ ਮਹੱਤਵਪੂਰਨ ਅਦਾਰਿਆਂ 'ਚ ਉੱਚ ਪੱਧਰ ਦੀ ਚੌਕਸੀ ਵਰਤੀ ਜਾ ਰਹੀ ਹੈ।