ਮੈੱਸ ’ਚ ਰਵਾਇਤੀ ਪੋਸ਼ਾਕ ’ਚ ਦਿਸਣਗੇ ਜਲ ਸੈਨਾ ਦੇ ਅਧਿਕਾਰੀ, ਰਿਟਾ. ਬ੍ਰਿਗੇਡੀਅਰ ਹਰਦੀਪ ਸਿੰਘ ਸੋਹੀ ਨੇ ਦਿੱਤੀ ਜਾਣਕਾਰੀ
Tuesday, Feb 13, 2024 - 07:37 PM (IST)
ਨਵੀਂ ਦਿੱਲੀ– ਭਾਰਤੀ ਜਲ ਸੈਨਾ ਦੇ ਅਧਿਕਾਰੀ ਹੁਣ ਛੇਤੀ ਹੀ ਆਪਣੀ ਆਫੀਸਰਜ਼ ਮੈੱਸ, ਵਾਰਡ ਰੂਮ ਅਤੇ ਸੰਸਥਾਨਾਂ ’ਚ ਦੱਸੀ ਹੋਈ ਰਵਾਇਤੀ ਭਾਰਤੀ ਪੋਸ਼ਾਕ (ਕੁਰਤਾ-ਪਜਾਮਾ ਅਤੇ ਜੈਕੇਟ) ’ਚ ਨਜ਼ਰ ਆ ਸਕਦੇ ਹਨ। ਸ਼ੌਰਿਆ ਚੱਕਰ ਨਾਲ ਸਨਮਾਨਿਤ ਬ੍ਰਿਗੇਡੀਅਰ ਹਰਦੀਪ ਸਿੰਘ ਸੋਹੀ ਨੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਇਕ ਫੋਟੋ ਨਾਲ ਪੋਸਟ ਪਾਈ ਹੈ, ਜਿਸ ਲਿਖਿਆ ਹੈ, ‘ਭਾਰਤੀ ਜਲ ਸੈਨਾ ’ਚ ਆਫੀਸਰਜ਼ ਮੈੱਸ ’ਚ ਨਵਾਂ ਡਰੈੱਸ ਕੋਡ ਲਾਗੂ, ਛੇਤੀ ਹੀ ਭਾਰਤੀ ਫੌਜ ਅਤੇ ਭਾਰਤੀ ਹਵਾਈ ਫੌਜ ਵੀ ਇਸ ਦੀ ਨਕਲ ਕਰੇਗੀ।’
New Dress Code in Officers Mess Implemented in #IndianNavy .
— Brigadier Hardeep Singh Sohi,Shaurya Chakra (R) (@Hardisohi) February 13, 2024
Soon #IndianArmy and #IndianAirForce too shall follow suit.
Jai Hind 🇮🇳 pic.twitter.com/Ud4ipFlDLt
ਸਤੰਬਰ ’ਚ ਹੋ ਗਈ ਸੀ ਡਰੈੱਸ ਬਦਲਣ ਦੀ ਤਿਆਰੀ
ਦੱਸ ਦਈਏ ਕਿ ਜਲ ਸੈਨਾ ਨੇ ਆਪਣੇ ਅਧਿਕਾਰੀਆਂ ਅਤੇ ਨਾਵਿਕਾਂ ਲਈ ਮੈੱਸ, ਵਾਰਡ ਰੂਮ ਅਤੇ ਸੰਸਥਾਵਾਂ ’ਚ ਦੱਸੀ ਹੋਈ ਰਵਾਇਤੀ ਭਾਰਤੀ ਪੋਸ਼ਾਕ ਪਹਿਣਨ ਦੀ ਇਜਾਜ਼ਤ ਦੇਣ ਦਾ ਖਾਕਾ ਬੀਤੇ ਸਾਲ ਸਤੰਬਰ ’ਚ ਹੀ ਤਿਆਰ ਕਰਨਾ ਸ਼ੁਰੂ ਕਰ ਦਿੱਤਾ ਸੀ। ਪਿਛਲੇ ਸਾਲ ਦਸੰਬਰ ’ਚ ਜਲ ਸੈਨਾ ਮੁਖੀ ਐਡਮਿਰਲ ਆਰ. ਹਰੀਕੁਮਾਰ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨੇ ਲਾਲ ਕਿਲੇ ਦੀ ਫਸੀਲ ਤੋਂ 5 ਅਹਿਦ ਲਏ ਸਨ, ਜਿਨ੍ਹਾਂ ’ਚ ਗੁਲਾਮੀ ਦੀ ਸੋਚ ਤੋਂ ਮੁਕਤੀ ਵੀ ਸ਼ਾਮਲ ਸੀ।
ਉਨ੍ਹਾਂ ਕਿਹਾ ਸੀ ਕਿ ਉਸ ਆਖਰੀ ਬ੍ਰਿਟਿਸ਼ ਰਾਜ ਦੀ ਜਲ ਸੈਨਾ ਦੇ ਫਜ਼ੂਲ ਜਾਂ ਪੁਰਾਣੀਆਂ ਰਵਾਇਤਾਂ, ਪ੍ਰਕਿਰਿਆਵਾਂ ਜਾਂ ਪ੍ਰਤੀਕਾਂ ਨੂੰ ਅਸੀਂ ਬੰਦ ਕਰ ਸਕਦੇ ਹਾਂ। ਆਧੁਨਿਕ ਹਕੀਕਤਾਂ ਦੇ ਅਨੁਸਾਰ ਪੁਰਾਣੀਆਂ ਰਵਾਇਤਾਂ ’ਚ ਸੋਧ ਕੀਤੀ ਜਾ ਸਕਦੀ ਹੈ।
ਜਲ ਸੈਨਾ ਕੋਲ ਹੈ ਸਵਦੇਸ਼ੀ ਝੰਡਾ
ਜ਼ਿਕਰਯੋਗ ਹੈ ਕਿ ਨਰਿੰਦਰ ਮੋਦੀ ਨੇ 2 ਸਤੰਬਰ 2022 ਨੂੰ ਸਵਦੇਸ਼ੀ ਜੰਗੀ ਬੇੜੇ ਆਈ. ਐੱਨ. ਐੱਸ. ਵਿਕ੍ਰਾਂਤ ਨੂੰ ਪਾਣੀ ’ਚ ਉਤਾਰਨ ਦੌਰਾਨ ਜਲ ਸੈਨਾ ਲਈ ਇਕ ਨਵੇਂ ਸਵਦੇਸ਼ੀ ਝੰਡੇ ਨੂੰ ਲਹਿਰਾਇਆ ਸੀ। ਇਸ ਦੌਰਾਨ ਜਲ ਸੈਨਾ ਨੂੰ ਸਵਦੇਸ਼ੀ ਮੁਹਿੰਮ ਦੇ ਅਨੁਸਾਰ ਇਕ ਨਵਾਂ ਰਾਸ਼ਟਰਪਤੀ ਮਾਨਕ ਅਤੇ ਰੰਗ ਦੇ ਨਾਲ-ਨਾਲ ਕ੍ਰੈਸਟ ਵੀ ਮਿਲਿਆ ਸੀ।
ਉਸ ਤੋਂ ਪਹਿਲਾਂ ਅਗਸਤ ਮਹੀਨੇ ’ਚ ਜਲ ਸੈਨਾ ਨੇ ਆਪਣੇ ਅਧਿਕਾਰੀਆਂ ਦੇ ਡੰਡੇ ਲਿਜਾਣ ਦੀ ਰਵਾਇਤ ’ਤੇ ਰੋਕ ਲਗਾ ਦਿੱਤੀ ਸੀ। ਸਮਾਂ ਲੰਘਣ ਦੇ ਨਾਲ ਜਲ ਸੈਨਾ ਦੇ ਜਵਾਨਾਂ ਵਲੋਂ ਡੰਡੇ ਲਿਜਾਣਾ ਹੌਲੀ-ਹੌਲੀ ਇਕ ਰਵਾਇਤ ਬਣ ਗਈ। ਇਸ ਨੂੰ ਲੈ ਕੇ ਜਲ ਸੈਨਾ ਦੇ ਨਿਰਦੇਸ਼ ’ਚ ਕਿਹਾ ਗਿਆ ਸੀ ਕਿ ਡੰਡਾ ਫੜਨਾ ਅਧਿਕਾਰ ਜਾਂ ਸ਼ਕਤੀ ਦਾ ਪ੍ਰਤੀਕਵਾਦ ਇਕ ਬਸਤੀਵਾਦੀ ਵਿਰਾਸਤ ਹੈ, ਜੋ ਅੰਮ੍ਰਿਤਕਾਲ ਦੀ ਬਦਲੀ ਹੋਈ ਜਲ ਸੈਨਾ ’ਚੋਂ ਬਾਹਰ ਹੈ।