16 ਸਾਲਾ ਵਿਦਿਆਰਥੀ ਨੇ CBSE ਦੇ ਪੇਪਰ ਲੀਕ ਦੀ ਦਿੱਤੀ ਸੀ ਜਾਣਕਾਰੀ

Saturday, Mar 31, 2018 - 07:11 PM (IST)

ਨਵੀਂ ਦਿੱਲੀ— ਸੈਕੰਡਰੀ ਸਿੱਖਿਆ ਕੇਂਦਰ ਬੋਰਡ (ਸੀ. ਬੀ. ਐੱਸ. ਈ.) ਪੇਪਰ ਲੀਕ ਦਾ ਮਾਮਲਾ ਸੁਰਖੀਆਂ 'ਚ ਹੈ ਅਤੇ ਕ੍ਰਾਈਮ ਬ੍ਰਾਂਚ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਥੇ ਹੀ ਇਸ ਪੂਰੇ ਮਾਮਲੇ 'ਚ ਸੂਚਕ ਵੀ ਇਕ 16 ਸਾਲ ਦਾ ਵਿਦਿਆਰਥੀ ਹੈ, ਜੋ ਖੁਦ 10ਵੀਂ ਜਮਾਤ ਦੀ ਪ੍ਰੀਖਿਆ 'ਚ ਹਿੱਸਾ ਲੈ ਰਿਹਾ ਹੈ ਅਤੇ ਉਸ ਨੇ ਸਭ ਤੋਂ ਪਹਿਲਾਂ ਬੋਰਡ ਦੇ ਚੇਅਰਪਰਸਨ ਨੂੰ ਗਣਿਤ ਦੇ ਪੇਪਰ ਲੀਕ ਦੀ ਜਾਣਕਾਰੀ ਦਿੱਤੀ ਸੀ। ਇਹ ਵਿਦਿਆਰਥੀ ਪੱਛਮੀ ਦਿੱਲੀ ਦੇ ਇਕ ਸਕੂਲ 'ਚ ਪੜਾਈ ਕਰਦਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਉਸ ਨੇ ਸਭ ਤੋਂ ਪਹਿਲਾਂ ਜਾਣਕਾਰੀ ਬੋਰਡ ਨੂੰ ਦਿੱਤੀ ਸੀ।
ਇਕ ਖਬਰ ਮੁਤਾਬਕ ਸੀ. ਬੀ. ਐੱਸ. ਈ. ਦੀ ਚੇਅਰਪਰਸਨ ਅਨਿਤਾ ਕਰਵਾਲ ਨੂੰ 28 ਮਾਰਚ ਨੂੰ ਹੋਈ ਪ੍ਰੀਖਿਆ ਤੋਂ ਕੁੱਝ ਘੰਟੇ ਪਹਿਲਾ ਰਾਤ 1.39 ਦੇ ਕਰੀਬ ਅਧਿਕਾਰਕ ਮੇਲ 'ਤੇ ਇਕ ਸ਼ਿਕਾਇਤ ਮਿਲੀ ਸੀ। ਜਿਸ 'ਚ ਦੱਸਿਆ ਗਿਆ ਸੀ ਕਿ ਵਟਸਐਪ 'ਤੇ ਪੇਪਰ ਲੀਕ ਹੋ ਗਿਆ ਹੈ। ਜਿਸ 'ਚ ਇਕ ਵਿਦਿਆਰਥੀ ਨੇ ਆਪਣੇ ਪਿਤਾ ਦੀ ਆਈ. ਡੀ. ਤੋਂ ਇਕ ਮੇਲ ਕਰਦੇ ਹੋਏ ਇਹ ਜਾਣਕਾਰੀ ਦਿੱਤੀ ਅਤੇ ਪੇਪਰ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ।
ਪੇਪਰਾਂ ਦੀ ਸ਼ੁਰੂਆਤ ਤੋਂ ਬਾਅਦ ਬੋਰਡ ਨੇ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ। ਉਸ ਤੋਂ ਬਾਅਦ ਕ੍ਰਾਈਮ ਬ੍ਰਾਂਚ ਨੇ 28 ਮਾਰਚ ਰਾਤ 8 ਵਜੇ ਇਸ ਮਾਮਲੇ 'ਚ ਐੱਫ. ਆਈ. ਆਰ. ਦਰਜ ਕੀਤੀ ਅਤੇ ਇਹ ਐੱਫ. ਆਈ. ਆਰ. ਬੋਰਡ ਨੂੰ ਆਈ ਇਸ ਮੇਲ ਦੇ ਆਧਾਰ 'ਤੇ ਦਰਜ ਕੀਤੀ ਗਈ ਸੀ। ਕ੍ਰਾਈਮ ਬ੍ਰਾਂਚ  ਨੇ ਇਸ ਮਾਮਲੇ 'ਚ ਗੂਗਲ ਤੋਂ ਸਹਾਇਤਾ ਮੰਗੀ ਹੈ ਤਾਂ ਜੋ ਉਸ ਖੇਤਰ ਦੀ ਪਛਾਣ ਕੀਤੀ ਜਾ ਸਕੇ। ਹਾਲਾਂਕਿ ਐੱਚ. ਟੀ. ਦੀ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਉਸ ਵਿਦਿਆਰਥੀ ਦੇ ਪਿਤਾ ਦਿੱਲੀ ਕਲੱਬ 'ਚ ਕੰਮ ਕਰਦੇ ਹਨ ਅਤੇ ਉਨ੍ਹਾਂ ਨੇ ਯਕੀਨੀ ਕੀਤਾ ਹੈ ਕਿ ਉਨ੍ਹਾਂ ਦੇ ਬੇਟੇ ਨੇ ਹੀ ਸੀ. ਬੀ. ਐੱਸ. ਈ. ਨੂੰ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਸੀ।
ਉਨ੍ਹਾਂ ਨੇ ਦੱਸਿਆ ਕਿ ਮੇਰੇ ਬੇਟੇ ਨੂੰ ਵਟਸਐਪ 'ਤੇ ਕਿਸੇ ਨੇ ਗਣਿਤ ਦਾ ਪੇਪਰ ਭੇਜਿਆ ਸੀ, ਜਿਸ ਕਾਰਨ ਉਹ ਪਰੇਸ਼ਾਨ ਸੀ ਅਤੇ ਉਸ ਨੇ ਮੈਨੂੰ ਦੱਸਿਆ ਕਿ ਉਹ ਸੀ. ਬੀ. ਐੱਸ. ਈ. ਨੂੰ ਸੂਚਨਾ ਦੇਣਗੇ ਅਤੇ ਪ੍ਰੀਖਿਆ ਰੱਦ ਹੋਵੇ। ਜਿਸ ਤੋਂ ਬਾਅਦ ਬੇਟੇ ਨੇ ਮੇਲ 'ਚ ਵਾਇਰਲ ਪੇਪਰ ਵੀ ਅਟੈਚ ਕੀਤਾ ਸੀ ਅਤੇ ਮੇਲ 28 ਮਾਰਚ ਸਵੇਰੇ ਤਕ ਨਹੀਂ ਦੇਖੀ ਗਈ ਸੀ ਅਤੇ ਤਦ ਤਕ ਬਹੁਤ ਦੇਰ ਹੋ ਚੁਕੀ ਸੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਅਸੀਂ ਪੁਲਸ ਦਾ ਸਾਥ ਦੇਣ ਲਈ ਤਿਆਰ ਹਾਂ।


Related News