ਨੇਪਾਲ ਤੋਂ ਤਸਕਰੀ ਕਰ ਕੇ ਲਿਆਂਦਾ ਗਿਆ 6 ਕਰੋੜ ਦੀ ਗਾਂਜਾ ਮੱਧ ਪ੍ਰਦੇਸ਼ ''ਚ ਬਰਾਮਦ, 7 ਗ੍ਰਿਫ਼ਤਾਰ

10/08/2020 3:12:21 PM

ਇੰਦੌਰ- ਮਾਲੀਆ ਖੁਫੀਆ ਡਾਇਰੈਕਟੋਰੇਟ (ਡੀ.ਆਰ.ਆਈ.) ਨੇ ਨੇਪਾਲ ਤੋਂ ਤਸਕਰੀ ਰਾਹੀਂ ਲਿਆਂਦੀ ਗਈ 117 ਕਿਲੋਗ੍ਰਾਮ ਹਸ਼ੀਸ਼ (ਗਾਂਜਾ) ਬਰਾਮਦ ਕਰਦੇ ਹੋਏ ਮੱਧ ਪ੍ਰਦੇਸ਼ ਦੇ ਨਰਸਿੰਘਪੁਰ ਜ਼ਿਲ੍ਹੇ ਤੋਂ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਨਸ਼ੀਲੇ ਪਦਾਰਥਾਂ ਦੇ ਕਾਲੇ ਬਜ਼ਾਰ 'ਚ ਇਸ ਖੇਪ ਦੀ ਕੀਮਤ 6 ਕਰੋੜ ਰੁਪਏ ਦੱਸੀ ਜਾ ਰਹੀ ਹੈ। ਡੀ.ਆਰ.ਆਈ. ਨੇ ਵੀਰਵਾਰ ਨੂੰ ਜਾਰੀ ਬਿਆਨ 'ਚ ਇਹ ਜਾਣਕਾਰੀ ਦਿੱਤੀ। ਬਿਆਨ 'ਚ ਦੱਸਿਆ ਗਿਆ ਹੈ ਕਿ ਮੁਖਬਿਰ ਦੀ ਸੂਚਨਾ 'ਤੇ ਸਥਾਨਕ ਪੁਲਸ ਦੀ ਮਦਦ ਨਾਲ ਮੰਗਲਵਾਰ ਅਤੇ ਬੁੱਧਵਾਰ ਨੂੰ ਚਲਾਈ ਗਈ ਮੁਹਿੰਮ ਦੌਰਾਨ ਨਰਸਿੰਘਪੁਰ ਜ਼ਿਲ੍ਹੇ 'ਚ ਇਕ ਰਾਜਮਾਰਗ 'ਤੇ 2 ਕਾਰਾਂ ਨੂੰ ਰੋਕਿਆ ਗਿਆ। ਤਲਾਸ਼ੀ ਕੀਤੇ ਜਾਣ 'ਤੇ ਇਨ੍ਹਾਂ 'ਚੋਂ ਕੁੱਲ 117 ਕਿਲੋਗ੍ਰਾਮ ਗਾਂਜਾ ਮਿਲਿਆ। ਬਿਆਨ ਅਨੁਸਾਰ ਸ਼ਾਤਰ ਤਸਕਰਾਂ ਨੇ ਦੋਹਾਂ ਕਾਰਾਂ ਦੇ ਅੰਦਰ ਗਾਂਜਾ ਲੁਕਾਉਣ ਲਈ ਖਾਸ ਜਗ੍ਹਾ ਬਣਾਈ ਸੀ।

ਇਹ ਕਾਰਾਂ ਉੱਤਰ ਪ੍ਰਦੇਸ਼ ਅਤੇ ਤਾਮਿਲਨਾਡੂ 'ਚ ਰਜਿਸਟਰਡ ਹਨ। ਬਿਆਨ 'ਚ ਦੱਸਿਆ ਗਿਆ ਕਿ ਨਸ਼ੀਲੇ ਪਦਾਰਥ ਦੀ ਬਰਾਮਦ ਖੇਪ ਨੇਪਾਲ ਤੋਂ ਤਸਕਰੀ ਰਾਹੀਂ ਭਾਰਤ ਲਿਆਂਦੀ ਗਈ ਸੀ। ਇਸ ਤੋਂ ਬਾਅਦ ਇਸ ਨੂੰ ਉੱਤਰ ਪ੍ਰਦੇਸ਼ ਤੋਂ ਮੱਧ ਪ੍ਰਦੇਸ਼ ਦੇ ਰਸਤੇ ਚੇਨਈ ਲਿਆਂਦਾ ਜਾ ਰਿਹਾ ਸੀ। ਬਿਆਨ ਅਨੁਸਾਰ ਗਾਂਜੇ ਦੀ ਕੌਮਾਂਤਰੀ ਤਸਕਰੀ ਦੇ ਮਾਮਲੇ 'ਚ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਵਿਰੁੱਧ ਐੱਨ.ਡੀ.ਪੀ.ਐੱਸ. ਐਕਟ ਦੇ ਅਧੀਨ ਸ਼ਿਕਾਇਤ ਦਰਜ ਕੀਤੀ ਗਈ ਹੈ। ਪੂਰੀ ਜਾਂਚ ਜਾਰੀ ਹੈ।


DIsha

Content Editor

Related News