ਨਹਿਰੂ ਕੋਲ ਦੂਰਦ੍ਰਿਸ਼ਟੀ ਸੀ, ਭਾਰਤ ਦੀ ਤਰੱਕੀ ਲਈ ਉਨ੍ਹਾਂ ਦੀ ਅਗਵਾਈ ਜ਼ਰੂਰੀ ਸੀ : ਸ਼ਰਦ ਪਵਾਰ
Saturday, Jul 27, 2024 - 10:37 PM (IST)
ਸੰਭਾਜੀਨਗਰ, (ਭਾਸ਼ਾ)- ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦਚੰਦਰ ਪਵਾਰ) ਦੇ ਪ੍ਰਧਾਨ ਸ਼ਰਦ ਪਵਾਰ ਨੇ ਸ਼ਨੀਵਾਰ ਨੂੰ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਕੋਲ ਆਧੁਨਿਕ ਭਾਰਤ ਲਈ ਇਕ ਦ੍ਰਿਸ਼ਟੀਕੋਣ ਸੀ ਅਤੇ ਵੰਡ ਤੋਂ ਬਾਅਦ ਦੇਸ਼ ਨੂੰ ਇਕਜੁੱਟ ਰੱਖਣ ਲਈ ਉਨ੍ਹਾਂ ਦੀ ਅਗਵਾਈ ਦੀ ਲੋੜ ਸੀ।
ਇਥੇ ਇਕ ਕਿਤਾਬ ਦੇ ਰਿਲੀਜ਼ ਪ੍ਰੋਗਰਾਮ ’ਚ ਪਵਾਰ ਨੇ ਕਿਹਾ ਕਿ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਇਕ ਕੁਸ਼ਲ ਪ੍ਰਸ਼ਾਸਕ ਸਨ ਅਤੇ ਉਨ੍ਹਾਂ ਕਿਸਾਨਾਂ ਅਤੇ ਮਜ਼ਦੂਰ ਵਰਗ ਲਈ ਕੰਮ ਕੀਤਾ।
ਪਵਾਰ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਦੇਸ਼ ਨੂੰ ਇਕਜੁੱਟ ਕਰਨ ’ਚ ਪਟੇਲ ਦਾ ਯੋਗਦਾਨ ਬਹੁਤ ਵੱਡਾ ਸੀ, ਕਿਉਂਕਿ ਉਨ੍ਹਾਂ ਨੇ ਰਿਆਸਤਾਂ ਨੂੰ ਭਾਰਤ ਸੰਘ ਵਿਚ ਰਲੇਵੇਂ ਲਈ ਮਨਾਉਣ ਵਿਚ ਅਹਿਮ ਭੂਮਿਕਾ ਨਿਭਾਈ ਸੀ।
ਰਾਕਾਂਪਾ (ਸਪਾ) ਨੇਤਾ ਨੇ ਕਿਹਾ, ‘‘ਮਹਾਤਮਾ ਗਾਂਧੀ ਦੋਵਾਂ ਨੇਤਾਵਾਂ (ਨਹਿਰੂ ਅਤੇ ਪਟੇਲ) ਦੀ ਸਮਰੱਥਾ ਅਤੇ ਉਨ੍ਹਾਂ ਦੀ ਲੀਡਰਸ਼ਿਪ ਦੇ ਗੁਣਾਂ ਨੂੰ ਜਾਣਦੇ ਸਨ। ਦੇਸ਼ ਦੀ ਤਰੱਕੀ ਅਤੇ ਵਿਕਾਸ ਲਈ ਨਹਿਰੂ ਦਾ ਆਧੁਨਿਕ ਭਾਰਤ ਬਾਰੇ ਦ੍ਰਿਸ਼ਟੀਕੋਣ ਜ਼ਰੂਰੀ ਸੀ।’’
ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਦੇਸ਼ ਨੂੰ ਵਿਸ਼ਵ ਦੇ ਕੇਂਦਰੀ ਮੰਚ ’ਤੇ ਲਿਜਾਣ ਦਾ ਦ੍ਰਿਸ਼ਟੀਕੋਣ ਸੀ। ਵੰਡ ਤੋਂ ਬਾਅਦ ਦੇਸ਼ ਨੂੰ ਇਕਜੁੱਟ ਰੱਖਣ ਲਈ ਉਨ੍ਹਾਂ ਦੀ ਅਗਵਾਈ ਦੀ ਲੋੜ ਸੀ।
ਪਵਾਰ ਨੇ ਕਿਹਾ ਕਿ ਭਾਰਤ ਦੇ ਸੰਵਿਧਾਨ ਦਾ ਖਰੜਾ ਤਿਆਰ ਕਰਨ ’ਚ ਡਾ. ਬੀ. ਆਰ. ਅੰਬੇਡਕਰ ਦਾ ਯੋਗਦਾਨ ਅਤੇ ਬਿਜਲੀ ਤੇ ਜਲ ਸਰੋਤ ਦੇ ਖੇਤਰ ’ਚ ਉਨ੍ਹਾਂ ਦਾ ਕੰਮ ਵਿਲੱਖਣ ਸੀ।