ਨੀਰਵ ਮੋਦੀ ਦੀ ਭਾਜਪਾ ਸਹਿਯੋਗੀ- ਸ਼ਿਵ ਸੈਨਾ

02/17/2018 5:58:09 PM

ਮੁੰਬਈ— ਸ਼ਿਵ ਸੈਨਾ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਇਕ ਵਾਰ ਫਿਰ ਨਿਸ਼ਾਨਾ ਸਾਧਦੇ ਹੋਏ ਗੰਭੀਰ ਦੋਸ਼ ਲਗਾਇਆ ਹੈ ਕਿ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) 'ਚ ਹਜ਼ਾਰਾਂ ਕਰੋੜ ਰੁਪਏ ਦਾ ਮਹਾਘੁਟਾਲਾ ਕਰਨ ਵਾਲਾ ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਭਾਜਪਾ ਦਰਮਿਆਨ ਮਿਲੀਭਗਤ ਹੈ। ਕੇਂਦਰ ਅਤੇ ਮਹਾਰਾਸ਼ਟਰ ਸਰਕਾਰ ਦੀ ਭਾਜਪਾ ਸਰਕਾਰ 'ਚ ਸ਼ਾਮਲ ਸ਼ਿਵ ਸੈਨਾ ਨੇ ਸ਼ਨੀਵਾਰ ਨੂੰ ਅਖਬਾਰ 'ਸਾਮਨਾ' ਦੇ ਇਕ ਲੇਖ 'ਚ ਕਿਹਾ ਹੈ ਕਿ ਦਾਵੋਸ 'ਚ ਇਸੇ ਮਹੀਨੇ ਹੋਏ ਵਿਸ਼ਵ ਆਰਥਿਕ ਸੰਮੇਲਨ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯਾਤਰਾ ਦੌਰਾਨ ਇਕ ਪ੍ਰੋਗਰਾਮ 'ਚ ਨੀਰਵ ਮੋਦੀ ਵੀ ਸ਼ਾਮਲ ਸੀ। ਪਾਰਟੀ ਨੇ ਕਿਹਾ ਕਿ ਇਸ ਤੋਂ ਸਾਬਤ ਹੁੰਦਾ ਹੈ ਕਿ ਨੀਰਵ ਮੋਦੀ ਭਾਜਪਾ ਦਾ ਸਹਿਭਾਗੀ ਹੈ। ਅਖਬਾਰ ਨੇ ਲਿਖਿਆ ਹੈ,''ਨੀਰਵ ਮੋਦੀ ਭਾਜਪਾ ਦਾ ਸਹਿਯੋਗੀ ਹੈ ਅਤੇ ਉਸ ਨੇ ਚੋਣਾਂ ਦੌਰਾਨ ਭਾਜਪਾ ਦੀ ਮਦਦ ਕੀਤੀ। ਕਿਸਾਨ 100-500 ਰੁਪਏ ਦਾ ਬੈਂਕਾਂ ਦਾ ਕਰਜ਼ ਅਦਾ ਨਹੀਂ ਕਰ ਸਕਣ ਕਾਰਨ ਖੁਦਕੁਸ਼ੀ ਨੂੰ ਮਜ਼ਬੂਰ ਹੋ ਰਹੇ ਹਨ ਜਦੋਂ ਕਿ ਲੋਕ ਮੋਟੀ ਰਕਮ ਲੈ ਕੇ ਦੌੜਨ 'ਚ ਕਾਮਯਾਬ ਹੋ ਰਹੇ ਹਨ।
ਨੀਰਵ ਮੋਦੀ 'ਤੇ ਪੀ.ਐੱਨ.ਬੀ. ਨਾਲ ਘੁਟਾਲਾ ਕਰ ਕੇ 11,300 ਕਰੋੜ ਰੁਪਏ ਦਾ ਚੂਨਾ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਨੀਰਵ ਮੋਦੀ ਦੇਸ਼ ਛੱਡ ਚੁੱਕਿਆ ਹੈ। ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਕਾਰਵਾਈ ਕਰਦੇ ਹੋਏ ਉਸ ਦੀ 5100 ਕਰੋੜ ਰੁਪਏ ਦੀ ਸੰਪਤੀ ਜ਼ਬਤ ਕੀਤੀ ਹੈ। ਇਸ ਮਾਮਲੇ 'ਚ ਬੈਂਕ ਦੇ ਕਈ ਅਧਿਕਾਰੀ ਵੀ ਗ੍ਰਿਫਤ 'ਚ ਆਏ ਹਨ। ਬੈਂਕ ਦੇ 2 ਅਧਿਕਾਰੀਆਂ 'ਤੇ ਇਸ ਘੁਟਾਲੇ ਨੂੰ ਲੈ ਕੇ ਸ਼ਿਕਾਇਤ ਦਰਜ ਕੀਤੀ ਗਈ ਹੈ। ਬੈਂਕ ਦੇ ਕੁੱਲ 18 ਅਧਿਕਾਰੀਆਂ ਨੂੰ ਮੁਅੱਤਲ ਵੀ ਕੀਤਾ ਜਾ ਚੁਕਿਆ ਹੈ। ਸੰਪਾਦਕੀ 'ਚ ਲਿਖਿਆ ਗਿਆ ਹੈ ਕਿ ਭ੍ਰਿਸ਼ਟਾਚਾਰ ਕਾਰਨ ਮਹਾਰਾਸ਼ਟਰ ਦੇ ਸਾਬਕਾ ਉੱਪ ਮੁੱਖ ਮੰਤਰੀ ਛਗਨ ਭੁਜਬਲ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਸਲਾਖਾਂ ਦੇ ਪਿੱਛੇ ਹਨ। ਦੂਜੇ ਪਾਸੇ ਹਜ਼ਾਰਾਂ ਕਰੋੜ ਰੁਪਏ ਦਾ ਘੁਟਾਲਾ ਕਰਨ ਵਾਲੇ ਸ਼ਰਾਬ ਕਿੰਗ ਵਿਜੇ ਮਾਲਿਆ ਅਤੇ ਨੀਰਵ ਮੋਦੀ ਦੇਸ਼ ਤੋਂ ਦੌੜ ਕੇ ਵਿਦੇਸ਼ਾਂ 'ਚ ਮੌਜ ਕਰ ਰਹੇ ਹਨ।


Related News