ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਅੱਜ ਸ਼ਾਮ NDA ਦੀ ਅਹਿਮ ਬੈਠਕ, ਕਈ ਪਾਰਟੀਆਂ ਦੇ ਨੇਤਾ ਰਹਿਣਗੇ ਮੌਜੂਦ

06/05/2024 1:12:53 PM

ਨਵੀਂ ਦਿੱਲੀ- ਦੇਸ਼ ਵਿਚ ਨਵੀਂ ਸਰਕਾਰ ਦੇ ਗਠਨ ਨੂੰ ਲੈ ਕੇ ਭਾਜਪਾ ਅਗਵਾਈ ਵਾਲੀ ਨੈਸ਼ਨਲ ਡੈਮੋਕਰੇਟਿਕ ਅਲਾਇੰਸ (NDA) ਦੀ ਅੱਜ ਯਾਨੀ ਕਿ ਬੁੱਧਵਾਰ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਬੈਠਕ ਹੋਣ ਜਾ ਰਹੀ ਹੈ। NDA ਨੂੰ ਬਹੁਮਤ ਦੇ ਜਾਦੂਈ ਅੰਕੜਿਆਂ ਤੱਕ ਪਹੁੰਚਾਉਣ 'ਚ ਅਹਿਮ ਯੋਗਦਾਨ ਦੇਣ ਵਾਲੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਤੇਲੁਗੂ ਦੇਸ਼ ਪਾਰਟੀ (TDP) ਮੁਖੀ ਐੱਨ. ਚੰਦਰਬਾਬੂ ਨਾਇਡੂ ਵੀ ਬੈਠਕ ਵਿਚ ਮੌਜੂਦ ਰਹਿਣਗੇ। ਇਸ ਦੇ ਨਾਲ ਹੀ ਸ਼ਿਵ ਸੈਨਾ ਮੁਖੀ ਏਕਨਾਥ ਸ਼ਿੰਦੇ ਵੀ ਬੈਠਕ ਵਿਚ ਸ਼ਾਮਲ ਹੋਣਗੇ। ਲੋਕ ਸਭਾ ਚੋਣਾਂ 2024 ਦੇ ਨੇਤੀਜੇ ਘੋਸ਼ਿਤ ਹੋਣ ਦੇ ਇਕ ਦਿਨ ਬਾਅਦ ਆਯੋਜਿਤ ਬੈਠਕ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਬੈਠਕ ਵਿਚ ਸਰਕਾਰ ਦੇ ਗਠਨ ਦੀ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਭਾਜਪਾ 545 ਮੈਂਬਰੀ ਲੋਕ ਸਭਾ 'ਚ ਪੂਰਨ ਬਹੁਮਤ ਲਈ ਇਕੱਲੇ 272 ਸੀਟਾਂ ਹਾਸਲ ਨਹੀਂ ਕਰ ਸਕੀ ਹੈ। 

ਇਹ ਵੀ ਪੜ੍ਹੋ- ਵਿਦੇਸ਼ੀ ਮੀਡੀਆ ਦੀਆਂ ਟਿਕੀਆਂ ਰਹੀਆਂ ਭਾਰਤ ਦੀਆਂ ਚੋਣਾਂ ’ਤੇ ਨਜ਼ਰਾਂ, ਜਾਣੋ ਕਿਸ ਨੇ ਕੀ ਕਿਹਾ

ਭਾਰਤ ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਲਗਾਤਾਰ ਤੀਜੀ ਵਾਰ ਸੱਤਾ 'ਚ ਆਉਣ ਲਈ ਬਹੁਮਤ ਹਾਸਲ ਕਰਨ ਦੀ ਕੋਸ਼ਿਸ਼ ਕਰਨ ਵਾਲੀ ਭਾਜਪਾ ਨੂੰ ਸਿਰਫ਼ 240 ਸੀਟਾਂ ਮਿਲੀਆਂ ਹਨ। ਉੱਥੇ ਹੀ NDA 'ਚ ਪਾਰਟੀਆਂ ਦੇ ਮੈਂਬਰਾਂ ਨੂੰ ਮਿਲਾ ਕੇ ਇਹ ਗਿਣਤੀ 292 ਹੋ ਗਈ ਹੈ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਭਾਜਪਾ ਹੁਣ ਸਰਕਾਰ ਬਣਾਉਣ ਲਈ ਆਪਣੇ ਸਹਿਯੋਗੀਆਂ 'ਤੇ ਨਿਰਭਰ ਹੈ। ਸਾਲ 2019 ਵਿਚ ਭਾਜਪਾ ਨੇ ਆਪਣੇ ਦਮ 'ਤੇ 303 ਸੀਟਾਂ ਜਿੱਤੀਆਂ ਅਤੇ NDA ਨੂੰ  353 ਸੀਟਾਂ ਮਿਲੀਆਂ। ਇਸ ਤੋਂ ਪਹਿਲਾਂ 2014 ਵਿਚ ਭਾਜਪਾ ਨੂੰ 282 ਸੀਟਾਂ ਅਤੇ NDA ਨੂੰ 336 ਸੀਟਾਂ ਮਿਲੀਆਂ ਸਨ। 

ਇਹ ਵੀ ਪੜ੍ਹੋ- ਵਾਰਾਣਸੀ 'ਚ PM ਮੋਦੀ ਤੀਜੀ ਵਾਰ ਬਣੇ ਸੰਸਦ ਮੈਂਬਰ, 1.52 ਲੱਖ ਤੋਂ ਵੱਧ ਵੋਟਾਂ ਨਾਲ ਜਿੱਤੇ 

ਦੱਸ ਦੇਈਏ ਕਿ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿਚ ਨਿਤੀਸ਼ ਕੁਮਾਰ ਦੀ ਅਗਵਾਈ ਵਾਲੀ ਜਨਤਾ ਦਲ ਯੂਨਾਈਟੇਡ ਨੇ 12 ਸੀਟਾਂ ਹਾਸਲ ਕੀਤੀਆਂ, ਜਦਕਿ ਨਾਇਡੂ ਦੀ ਅਗਵਾਈ ਵਾਲੀ TDP ਨੇ ਆਂਧਰਾ ਪ੍ਰਦੇਸ਼ ਵਿਚ 16 ਸੀਟਾਂ ਹਾਸਲ ਕੀਤੀਆਂ। ਉੱਥੇ ਹੀ ਸ਼ਿੰਦੇ ਦੀ ਸ਼ਿਵ ਸੈਨਾ ਅਤੇ ਅਜੀਤ ਪਵਾਰ ਦੀ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਨੇ ਮਿਲ ਕੇ ਮਹਾਰਾਸ਼ਟਰ ਵਿਚ 17 ਸੀਟਾਂ ਜਿੱਤੀਆਂ। NDA ਦੇ ਹੋਰ ਸਹਿਯੋਗੀ ਲੋਕ ਜਨਸ਼ਕਤੀ ਪਾਰਟੀ (ਰਾਮਵਿਲਾਸ) ਦੇ ਮੁਖੀ ਚਿਰਾਗ ਪਾਸਵਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੀ ਬੈਠਕ ਵਿਚ ਹਿੱਸਾ ਲਵੇਗੀ।

ਇਹ ਵੀ ਪੜ੍ਹੋ-  ਰਾਹੁਲ ਗਾਂਧੀ ਸਮੇਤ ਕਈ ਆਗੂਆਂ ਦਾ ਕੱਦ ਵਧਿਆ, ਕਈ ਡਿੱਗੇ ਅਰਸ਼ ਤੋਂ ਫਰਸ਼ ’ਤੇ

ਇਸ ਦਰਮਿਆਨ ਅੱਜ ਸਵੇਰੇ ਨਿਤੀਸ਼ ਕੁਮਾਰ ਦੇ ਰਾਸ਼ਟਰੀ ਜਨਤਾ ਦਲ ਨੇਤਾ ਤੇਜਸਵੀ ਨਾਲ ਉਸੇ ਫਲਾਈਟ ਵਿਚ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ, ਜਿਸ ਨੂੰ ਲੈ ਕੇ ਕਈ ਤਰ੍ਹਾਂ ਦੇ ਕਿਆਸ ਵੀ ਲਾਏ ਜਾ ਰਹੇ ਹਨ। ਦੱਸ ਦੇਈਏ ਕਿ ਰਾਸ਼ਟਰੀ ਜਨਤਾ ਦਲ, ਕਾਂਗਰਸ, ਸਮਾਜਵਾਦੀ ਪਾਰਟੀ, ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦ ਪਵਾਰ), ਮਾਰਕਸਵਾਦੀ ਕਮਿਊਨਿਸਟ ਪਾਰਟੀ ਅਤੇ ਹੋਰ ਪਾਰਟੀਆਂ 'ਇੰਡੀਆ ਗਰੁੱਪ' ਦਾ ਹਿੱਸਾ ਹਨ। ਇੰਡੀਆ ਗਰੁੱਪ ਦੀ ਵੀ ਅੱਜ ਸ਼ਾਮ 6 ਵਜੇ ਦਿੱਲੀ ਵਿਚ ਮੀਟਿੰਗ ਹੋਵੇਗੀ।


Tanu

Content Editor

Related News