ਮਹਾਰਾਸ਼ਟਰ : ਵਿਧਾਇਕਾਂ ਨੇ ਚੁੱਕੀ ਸਹੁੰ, ਅਜੀਤ ਨੂੰ ਗਲੇ ਮਿਲੀ ਸੁਪ੍ਰਿਆ
Wednesday, Nov 27, 2019 - 12:35 PM (IST)

ਮੁੰਬਈ (ਵਾਰਤਾ)— ਮਹਾਰਾਸ਼ਟਰ 'ਚ ਚੱਲ ਰਹੀ ਸਿਆਸੀ ਗਹਿਮਾ-ਗਹਿਮੀ ਦਰਮਿਆਨ ਬੁੱਧਵਾਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸ਼ੁਰੂ ਹੋਇਆ, ਜਿਸ ਵਿਚ ਸਾਬਕਾ ਮੁੱਖ ਮੰਤਰੀ ਦਵਿੰਦਰ ਫੜਨਵੀਸ ਸਮੇਤ ਕਈ ਨਵੇਂ ਚੁਣੇ ਵਿਧਾਇਕਾਂ ਨੇ ਸਹੁੰ ਚੁੱਕੀ। ਇਸ ਦੌਰਾਨ ਸਹੁੰ ਚੁੱਕਣ ਵਿਧਾਨ ਸਭਾ ਪੁੱਜੇ ਐੱਨ. ਸੀ. ਪੀ. ਦੇ ਬਾਗੀ ਨੇਤਾ ਅਜੀਤ ਪਵਾਰ ਨੂੰ ਪਾਰਟੀ ਮੁਖੀ ਸ਼ਰਦ ਪਵਾਰ ਦੀ ਬੇਟੀ ਅਤੇ ਸੰਸਦ ਮੈਂਬਰ ਸੁਪ੍ਰਿਆ ਸੁਲੇ ਗਲੇ ਮਿਲੀ ਅਤੇ ਪੈਰੀਂ ਹੱਥ ਲਾ ਕੇ ਆਸ਼ੀਰਵਾਦ ਲਿਆ। ਪ੍ਰੋਟੇਮ ਸਪੀਕਰ ਕਾਲੀਦਾਸ ਕੋਲਾਂਬਕਰ ਨੇ ਸਵੇਰੇ 8 ਵਜੇ ਵਿਧਾਇਕਾਂ ਨੂੰ ਸਹੁੰ ਚੁਕਾਈ।
#WATCH NCP leader Supriya Sule welcomed Ajit Pawar and other newly elected MLAs at #Maharashtra assembly, earlier today. #Mumbai pic.twitter.com/vVyIZfrl1x
— ANI (@ANI) November 27, 2019
ਸਹੁੰ ਚੁੱਕ ਸਮਾਗਮ ਦੌਰਾਨ ਵਿਧਾਨ ਸਭਾ ਪੁੱਜੇ ਅਜੀਤ ਦਾ ਸੁਪ੍ਰਿਆ ਨੇ ਗਰਮਜੋਸ਼ੀ ਨਾਲ ਸੁਆਗਤ ਕੀਤਾ। ਸੁਪ੍ਰਿਆ ਨੇ ਅਜੀਤ ਨੂੰ ਇਸ ਦੌਰਾਨ ਗਲੇ ਲਾਇਆ ਅਤੇ ਕਿਹਾ ਕਿ ਪਰਿਵਾਰ 'ਚ ਅਣਬਣ ਹੋ ਸਕਦੀ ਹੈ ਪਰ ਵਿਛੋੜਾ ਨਹੀਂ। ਸਾਡੇ ਦੋਹਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਮੇਰੇ ਭਰਾ ਹਨ ਅਤੇ ਸਾਡੇ ਦਰਮਿਆਨ ਕੋਈ ਵਿਵਾਦ ਨਹੀਂ ਰਿਹਾ ਹੈ। ਵਿਧਾਨ ਸਭਾ ਪੁੱਜੇ ਸਾਬਕਾ ਮੁੱਖ ਮੰਤਰੀ ਦਵਿੰਦਰ ਫੜਨਵੀਸ ਦਾ ਵੀ ਸੁਪ੍ਰਿਆ ਸੁਲੇ ਨੇ ਸੁਆਗਤ ਕੀਤਾ ਅਤੇ ਉਨ੍ਹਾਂ ਨਾਲ ਹੱਥ ਮਿਲਾਇਆ। ਇੱਥੇ ਦੱਸ ਦੇਈਏ ਕਿ ਅਜੀਤ ਪਵਾਰ, ਸ਼ਰਦ ਪਵਾਰ ਦੇ ਭਤੀਜੇ ਹਨ ਅਤੇ ਇਸ ਨਾਅਤੇ ਅਜੀਤ ਅਤੇ ਸੁਪ੍ਰਿਆ ਸੁਲੇ ਚਚੇਰੇ ਭਰਾ-ਭੈਣ ਹਨ।