ਹਰਿਆਣਾ ’ਚ ਫਿਰ ਨਾਇਬ ਸਰਕਾਰ, ਅੱਜ ਸਹੁੰ ਚੁੱਕਣਗੇ ਨਾਇਬ ਸਿੰਘ ਸੈਣੀ
Thursday, Oct 17, 2024 - 05:25 AM (IST)
ਚੰਡੀਗੜ੍ਹ (ਦੀਪਕ ਬਾਂਸਲ/ਅਵਿਨਾਸ਼ ਪਾਂਡੇ) - ਸਿਆਸੀ ਹਲਕਿਆਂ ਵਿਚ ਚੱਲ ਰਹੇ ਸਾਰੇ ਚਰਚੇ ਰੱਦ ਕਰਦਿਆਂ ਭਾਜਪਾ ਹਾਈ ਕਮਾਂਡ ਨੇ ਇਕ ਵਾਰ ਫਿਰ ਨਾਇਬ ਸਿੰਘ ਸੈਣੀ ਨੂੰ ਹਰਿਆਣਾ ਦੀ ਕਮਾਂਡ ਸੌਂਪਣ ਦਾ ਫੈਸਲਾ ਕੀਤਾ ਹੈ। ਬੁੱਧਵਾਰ ਪੰਚਕੂਲਾ ਸਥਿਤ ਭਾਜਪਾ ਦਫ਼ਤਰ ’ਚ ਕੇਂਦਰੀ ਗ੍ਰਹਿ ਮੰਤਰੀ ਤੇ ਪਾਰਟੀ ਵੱਲੋਂ ਨਿਯੁਕਤ ਆਬਜ਼ਰਵਰ ਅਮਿਤ ਸ਼ਾਹ ਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਲਾਲ ਯਾਦਵ ਦੀ ਮੌਜੂਦਗੀ ’ਚ ਨਾਇਬ ਸੈਣੀ ਨੂੰ ਭਾਜਪਾ ਵਿਧਾਇਕ ਦਲ ਦਾ ਆਗੂ ਚੁਣ ਲਿਆ ਗਿਆ।
ਭਾਜਪਾ ਵਿਧਾਇਕ ਦਲ ਦੀ ਮੀਟਿੰਗ ’ਚ ਨਰਵਾਣਾ ਦੇ ਵਿਧਾਇਕ ਕ੍ਰਿਸ਼ਨ ਕੁਮਾਰ ਬੇਦੀ ਨੇ ਨਾਇਬ ਸੈਣੀ ਦੇ ਨਾਂ ਦੀ ਤਜਵੀਜ਼ ਰੱਖੀ। ਸਾਬਕਾ ਗ੍ਰਹਿ ਮੰਤਰੀ ਤੇ ਅੰਬਾਲਾ ਛਾਉਣੀ ਦੇ ਵਿਧਾਇਕ ਅਨਿਲ ਵਿੱਜ ਨੇ ਇਸ ਦਾ ਸਮਰਥਨ ਕੀਤਾ। ਇਸ ਪਿੱਛੋਂ ਸਾਰੇ ਵਿਧਾਇਕਾਂ ਨੇ ਸਰਬਸੰਮਤੀ ਨਾਲ ਸੈਣੀ ਦੇ ਨਾਂ ਨੂੰ ਮਨਜ਼ੂਰੀ ਦੇ ਦਿੱਤੀ।
ਇਸ ਤੋਂ ਬਾਅਦ ਅਮਿਤ ਸ਼ਾਹ ਨੇ ਨਾਇਬ ਸੈਣੀ ਨੂੰ ਵਿਧਾਇਕ ਦਲ ਦਾ ਨੇਤਾ ਚੁਣਨ ਦਾ ਐਲਾਨ ਕੀਤਾ। ਸ਼ਾਹ ਨੇ ਸੈਣੀ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਵਧਾਈ ਦਿੱਤੀ। ਰਾਜਪਾਲ ਨੇ ਸੈਣੀ ਨੂੰ 17 ਅਕਤੂਬਰ ਦਿਨ ਵੀਰਵਾਰ ਨੂੰ ਦੁਪਹਿਰ 12 ਵਜੇ ਸਹੁੰ ਚੁੱਕਣ ਲਈ ਕਿਹਾ ਹੈ।
ਸਹੁੰ ਚੁੱਕਣ ਤੋਂ ਪਹਿਲਾਂ 24 ਹਜ਼ਾਰ ਨੌਜਵਾਨਾਂ ਨੂੰ ਮਿਲੇਗੀ ਨੌਕਰੀ : ਸੈਣੀ
ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਨਾਇਬ ਸੈਣੀ ਨੇ ਸੂਬੇ ਦੇ 24 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਹਰਿਆਣਾ ਸਟਾਫ ਸਿਲੈਕਸ਼ਨ ਕਮਿਸ਼ਨ ਦਾ ਨਤੀਜਾ ਤਿਆਰ ਹੈ। ਵਿਧਾਇਕ ਦਲ ਦਾ ਆਗੂ ਚੁਣੇ ਜਾਣ ਪਿੱਛੋਂ ਨਾਇਬ ਸੈਣੀ ਦਾ ਇਹ ਪਹਿਲਾ ਐਲਾਨ ਸੀ, ਜਿਸ ਦਾ ਉਨ੍ਹਾਂ ਚੋਣਾਂ ਦੌਰਾਨ ਨੌਜਵਾਨਾਂ ਨਾਲ ਵਾਅਦਾ ਕੀਤਾ ਸੀ।
ਸੈਣੀ ਨੇ ਕਿਹਾ ਕਿ ਉਹ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਨਿਭਾਉਣਗੇ। ਕਮਿਸ਼ਨ ਵੱਲੋਂ ਕੁਝ ਨਤੀਜੇ ਤਿਆਰ ਕੀਤੇ ਗਏ ਸਨ। ਕਮਿਸ਼ਨ ਨੇ ਜਿਵੇਂ ਹੀ ਉਨ੍ਹਾਂ ਨੂੰ ਰਿਲੀਜ਼ ਕਰਨਾ ਸ਼ੁਰੂ ਕੀਤਾ, ਵਿਰੋਧੀ ਪਾਰਟੀਆਂ ਨੇ ਚੋਣ ਕਮਿਸ਼ਨ ਤੱਕ ਪਹੁੰਚ ਕੀਤੀ। ਮਾਮਲਾ ਹਾਈ ਕੋਰਟ ਗਿਆ ਅਤੇ ਇਸ ’ਤੇ ਰੋਕ ਲਾ ਦਿੱਤੀ ਗਈ। ਸਾਨੂੰ ਭਰੋਸਾ ਹੈ ਕਿ ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਕਮਿਸ਼ਨ 24 ਹਜ਼ਾਰ ਬੱਚਿਆਂ ਦੇ ਨਤੀਜੇ ਜਾਰੀ ਕਰੇਗਾ।
ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ’ਤੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਸੈਣੀ ਨੇ ਕਿਹਾ ਕਿ ਉਹ ਸੂਬੇ ਦੇ ਲੋਕਾਂ, ਪਾਰਟੀ ਹਾਈ ਕਮਾਂਡ ਅਤੇ ਵਿਧਾਇਕਾਂ ਦੀਆਂ ਉਮੀਦਾਂ ’ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਨਗੇ | ਸੂਬੇ ਦੇ ਲੋਕਾਂ ਤੇ ਵਿਧਾਇਕਾਂ ਲਈ ਸੀ. ਐੱਮ. ਨਿਵਾਸ ਦੇ ਦਰਵਾਜ਼ੇ ਕਦੇ ਬੰਦ ਨਹੀਂ ਹੋਣਗੇ। ਕੋਈ ਵੀ ਵਿਧਾਇਕ ਅਤੇ ਸੂਬੇ ਦੇ ਲੋਕ ਕਿਸੇ ਵੀ ਸਮੇਂ ਆ ਕੇ ਉਨ੍ਹਾਂ ਨੂੰ ਮਿਲ ਸਕਦੇ ਹਨ। ਸਭ ਨੂੰ ਨਾਲ ਲੈ ਕੇ ਸੂਬੇ ਦਾ ਵਿਕਾਸ ਕਰਨਾ ਉਨ੍ਹਾਂ ਦਾ ਇੱਕੋ ਇਕ ਮੰਤਵ ਹੈ।