ਹਰਿਆਣਾ ਲਈ ਯਾਦਗਾਰ ਬਣਿਆ 2024, ਇਨ੍ਹਾਂ ਕਾਰਨਾਂ ਕਰ ਕੇ ਬਟੋਰੀਆਂ ਸੁਰਖੀਆਂ
Wednesday, Dec 25, 2024 - 02:53 PM (IST)
ਚੰਡੀਗੜ੍ਹ- ਇਸ ਸਾਲ ਦੋ ਮਹੱਤਵਪੂਰਨ ਚੋਣਾਂ ਦੇ ਗਵਾਬ ਬਣੇ ਅਤੇ ਪੈਰਿਸ ਓਲੰਪਿਕ ਲਈ ਭਾਰਤੀ ਟੀਮ ਵਿਚ 20 ਫ਼ੀਸਦੀ ਤੋਂ ਵੱਧ ਐਥਲੀਟਾਂ ਦੀ ਨੁਮਾਇੰਦਗੀ ਕਰਨ ਵਾਲੇ ਹਰਿਆਣਾ ਨੇ ਸਿਆਸੀ ਅਤੇ ਖੇਡ ਦੋਹਾਂ ਵਿਚ ਖੂਬ ਸੁਰਖੀਆਂ ਬਟੋਰੀਆਂ। ਹਾਲਾਂਕਿ ਹਰਿਆਣਾ ਵਿਚ ਕਿਸਾਨ ਨਾਲ ਜੁੜਿਆ ਮੁੱਦਾ ਵੀ ਛਾਇਆ ਰਿਹਾ। ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਪੂਰੇ ਸਾਲ ਸੂਬੇ ਦੀ ਸਮਾਜਿਕ-ਸਿਆਸੀ ਚਰਚਾ ਦਾ ਵਿਸ਼ਾ ਬਣਿਆ ਰਿਹਾ। ਚੋਣਾਵੀ ਮੌਸਮ ਮਗਰੋਂ ਜਦੋਂ ਹਰਿਆਣਾ ਦੀ ਸਿਆਸਤ ਵਿਚ ਹਲ-ਚਲ ਆਮ ਹੁੰਦੀ ਨਜ਼ਰ ਆਈ ਸੀ ਤਾਂ 5 ਵਾਰ ਦੇ ਮੁੱਖ ਮੰਤਰੀ ਅਤੇ ਸਿਆਸੀ ਦਿੱਗਜ਼ ਨੇਤਾ ਓਮ ਪ੍ਰਕਾਸ਼ ਚੌਟਾਲਾ ਦੇ ਦਿਹਾਂਤ ਦੇ ਖ਼ਬਰ ਆਈ। ਚੌਟਾਲਾ ਦਾ ਦਿਹਾਂਤ 20 ਦਸੰਬਰ ਨੂੰ 89 ਸਾਲ ਦੀ ਉਮਰ ਵਿਚ ਹੋ ਗਿਆ।
ਨਾਇਬ ਸਿੰਘ ਸੈਣੀ ਬਣੇ ਮੁੱਖ ਮੰਤਰੀ
ਕਿਸੇ ਨੇ ਨਹੀਂ ਸੋਚਿਆ ਸੀ ਕਿ ਵਿਧਾਨ ਸਭਾ ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਸਰਕਾਰ ਵਿਚ ਵੱਡਾ ਬਦਲਾਅ ਹੋਵੇਗਾ। ਭਾਜਪਾ ਨੇ ਹੈਰਾਨ ਕਰਦਿਆਂ 9 ਸਾਲ ਤੋਂ ਵੱਧ ਸਮੇਂ ਤੱਕ ਮੁੱਖ ਮੰਤਰੀ ਰਹੇ ਮਨੋਹਰ ਲਾਲ ਦੀ ਥਾਂ ਹੋਰ ਪਿਛੜਾ ਵਰਗ (OBC) ਨੇਤਾ ਨਾਇਬ ਸਿੰਘ ਸੈਣੀ (54) ਨੂੰ ਮੁੱਖ ਮੰਤਰੀ ਬਣਾਇਆ ਗਿਆ। ਹਾਲਾਂਕਿ ਕੁਝ ਲੋਕ ਇਸ ਕਦਮ ਤੋਂ ਨਾਖੁਸ਼ ਸਨ, ਖਾਸ ਤੌਰ 'ਤੇ ਅਨਿਲ ਵਿਜ ਵਰਗੇ ਸੀਨੀਅਰ ਭਾਜਪਾ ਨੇਤਾ, ਜਿਨ੍ਹਾਂ ਦੀ ਮੁੱਖ ਮੰਤਰੀ ਬਣਨ ਦੀ ਇੱਛਾ ਸਭ ਨੂੰ ਪਤਾ ਹੈ। ਭਾਜਪਾ ਦੀ ਇਹ ਚਾਲ ਲੋਕ ਸਭਾ ਚੋਣਾਂ 'ਚ ਕੰਮ ਨਹੀਂ ਆਈ ਅਤੇ ਉਸ ਨੂੰ 10 'ਚੋਂ 5 ਸੀਟਾਂ ਕਾਂਗਰਸ ਤੋਂ ਗੁਆਉਣੀਆਂ ਪਈਆਂ ਪਰ ਅਕਤੂਬਰ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਇਸ ਦਾ ਫਾਇਦਾ ਜ਼ਰੂਰ ਹੋਇਆ ਅਤੇ ਇਸ ਨੇ ਲਗਾਤਾਰ ਤੀਜੀ ਵਾਰ ਸੱਤਾ 'ਤੇ ਕਬਜ਼ਾ ਕਰ ਲਿਆ।
ਭਾਜਪਾ ਨੇ ਜਿੱਤੀਆਂ 48 ਸੀਟਾਂ
ਹਰਿਆਣਾ ਵਿਧਾਨ ਸਭਾ ਦੀਆਂ 90 ਸੀਟਾਂ ਵਿੱਚੋਂ ਭਾਜਪਾ ਨੇ 48 ਸੀਟਾਂ ਜਿੱਤੀਆਂ ਜਦਕਿ ਕਾਂਗਰਸ ਸਿਰਫ਼ 37 ਹੀ ਜਿੱਤ ਸਕੀ। ਆਮ ਆਦਮੀ ਪਾਰਟੀ (ਆਪ) ਦਾ ਸਫਾਇਆ ਹੋ ਗਿਆ, ਇਸ ਨੂੰ ਇਕ ਵੀ ਸੀਟ ਨਹੀਂ ਮਿਲੀ। ਮਾਰਚ ਵਿਚ ਅਜੈ ਚੌਟਾਲਾ ਦੀ ਅਗਵਾਈ ਵਾਲੀ ਜਨਨਾਇਕ ਜਨਤਾ ਪਾਰਟੀ ਦਾ ਭਾਜਪਾ ਨਾਲ ਗਠਜੋੜ ਟੁੱਟ ਗਿਆ ਅਤੇ ਇਸ ਨੂੰ ਵਿਧਾਨ ਸਭਾ ਚੋਣਾਂ ਵਿਚ ਵੀ ਹਾਰ ਦਾ ਸਾਹਮਣਾ ਕਰਨਾ ਪਿਆ। ਕਾਂਗਰਸ ਵਿਚ ਅੰਦਰੂਨੀ ਕਲੇਸ਼ ਕਾਰਨ ਸੀਨੀਅਰ ਆਗੂ ਕਿਰਨ ਚੌਧਰੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਛੱਡ ਕੇ ਆਪਣੀ ਧੀ ਸ਼ਰੂਤੀ ਚੌਧਰੀ ਸਮੇਤ ਭਾਜਪਾ ਵਿਚ ਸ਼ਾਮਲ ਹੋ ਗਈ ਸੀ।
ਵਿਨੇਸ਼ ਪੈਰਿਸ ਓਲੰਪਿਕ ਤੋਂ ਅਯੋਗ ਕਰਾਰ
ਵਿਨੇਸ਼ ਨੂੰ ਜ਼ਿਆਦਾ ਭਾਰ ਹੋਣ ਕਾਰਨ ਪੈਰਿਸ ਓਲੰਪਿਕ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ ਅਤੇ ਉਹ ਸੋਨ ਤਗਮੇ ਲਈ ਫਾਈਨਲ ਮੈਚ ਨਹੀਂ ਖੇਡ ਸਕੀ ਸੀ। ਕੁਝ ਹਫ਼ਤਿਆਂ ਬਾਅਦ ਉਹ ਕਾਂਗਰਸ 'ਚ ਸ਼ਾਮਲ ਹੋ ਗਈ ਅਤੇ ਜੁਲਾਨਾ ਤੋਂ ਜਿੱਤ ਹਾਸਲ ਕੀਤੀ। ਉਸ ਦੇ ਨਾਲ ਸਾਥੀ ਪਹਿਲਵਾਨ ਬਜਰੰਗ ਪੂਨੀਆ ਵੀ ਕਾਂਗਰਸ ਵਿਚ ਸ਼ਾਮਲ ਹੋ ਗਏ ਸਨ ਪਰ ਚੋਣ ਨਹੀਂ ਲੜੇ। ਪੈਰਿਸ ਓਲੰਪਿਕ ਲਈ ਭਾਰਤੀ ਟੀਮ ਵਿਚ ਸ਼ਾਮਲ 117 ਐਥਲੀਟਾਂ ਵਿਚੋਂ 24 ਹਰਿਆਣਾ ਦੇ ਸਨ। ਭਾਰਤ ਨੇ ਓਲੰਪਿਕ ਵਿਚ ਕੁੱਲ 6 ਤਮਗੇ ਜਿੱਤੇ, ਜਿਨ੍ਹਾਂ 'ਚੋਂ ਚਾਰ ਹਰਿਆਣਾ ਦੇ ਐਥਲੀਟਾਂ ਨੇ ਜਿੱਤੇ। ਤਮਗੇ ਜਿੱਤਣ ਵਾਲੇ ਹਰਿਆਣਾ ਦੇ ਐਥਲੀਟਾਂ ਵਿਚ ਨੀਰਜ ਚੋਪੜਾ (ਜੇਵਲਿਨ ਥਰੋਅ ਵਿਚ ਚਾਂਦੀ), ਮਨੂ ਭਾਕਰ (10 ਮੀਟਰ ਏਅਰ ਪਿਸਟਲ ਅਤੇ ਮਿਕਸਡ ਡਬਲਜ਼ 25 ਮੀਟਰ ਪਿਸਟਲ ਵਿਚ ਕਾਂਸੀ) ਅਤੇ ਅਮਨ ਸਹਿਰਾਵਤ (ਪੁਰਸ਼ਾਂ ਦੇ 'ਫ੍ਰੀਸਟਾਈਲ' 57 ਕਿਲੋ ਵਿਚ ਕਾਂਸੀ) ਸ਼ਾਮਲ ਹਨ। ਕਿਸਾਨਾਂ ਦਾ ਮੁੱਦਾ ਮਨੋਹਰ ਲਾਲ ਅਤੇ ਸੈਣੀ ਦੋਵਾਂ ਸਰਕਾਰਾਂ ਲਈ ਚੁਣੌਤੀ ਬਣਿਆ ਰਿਹਾ।