OP ਚੌਟਾਲਾ ਦੇ ਦਿਹਾਂਤ ''ਤੇ 3 ਦਿਨ ਦਾ ਸਰਕਾਰੀ ਸੋਗ ਐਲਾਨ
Friday, Dec 20, 2024 - 06:03 PM (IST)
ਸਿਰਸਾ- ਹਰਿਆਣਾ ਸਰਕਾਰ ਨੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਸਨਮਾਨ 'ਚ ਸ਼ੁੱਕਰਵਾਰ ਤੋਂ ਤਿੰਨ ਦਿਨਾਂ ਦੇ ਸਰਕਾਰੀ ਸੋਗ ਦਾ ਐਲਾਨ ਕੀਤਾ ਹੈ। ਸ਼੍ਰੀ ਚੌਟਾਲਾ ਦਾ ਸ਼ੁੱਕਰਵਾਰ ਨੂੰ ਗੁਰੂਗ੍ਰਾਮ 'ਚ ਦਿਹਾਂਤ ਹੋ ਗਿਆ ਸੀ। ਹਰਿਆਣਾ ਦੇ ਮੁੱਖ ਸਕੱਤਰ ਦਫ਼ਤਰ ਵੱਲੋਂ ਜਾਰੀ ਹੁਕਮਾਂ 'ਚ ਕਿਹਾ ਗਿਆ ਹੈ,“ਰਾਜ ਸਰਕਾਰ ਨੇ 20 ਤੋਂ 22 ਦਸੰਬਰ ਤੱਕ ਤਿੰਨ ਦਿਨਾਂ ਦਾ ਸਰਕਾਰੀ ਸੋਗ ਮਨਾਉਣ ਦਾ ਫੈਸਲਾ ਕੀਤਾ ਹੈ। ਇਸੇ ਮਿਆਦ ਦੌਰਾਨ ਰਾਜ ਭਰ ਦੀਆਂ ਸਾਰੀਆਂ ਇਮਾਰਤਾਂ 'ਤੇ ਰਾਸ਼ਟਰੀ ਝੰਡਾ ਅੱਧਾ ਝੁਕਿਆ ਰਹੇਗਾ ਜਿੱਥੇ ਇਹ ਨਿਯਮਿਤ ਤੌਰ 'ਤੇ ਲੱਗਾ ਰਹਿੰਦਾ ਹੈ।" ਹੁਕਮਾਂ 'ਚ ਕਿਹਾ ਗਿਆ ਹੈ ਕਿ ਸੂਬਾ ਸਰਕਾਰ ਦੇ ਸਾਰੇ ਪ੍ਰੋਗਰਾਮ ਰੱਦ ਰਹਿਣਗੇ। ਹੁਕਮਾਂ ਦੇ ਅਨੁਸਾਰ, ਹਰਿਆਣਾ ਸਰਕਾਰ ਨੇ ਵੀ ਮਰਹੂਮ ਦੇ ਪ੍ਰਤੀ ਸਨਮਾਨ ਵਜੋਂ ਸ਼ਨੀਵਾਰ ਨੂੰ ਸੂਬਾ ਸਰਕਾਰ ਦੇ ਸਾਰੇ ਦਫ਼ਤਰਾਂ 'ਚ ਜਨਤਕ ਛੁੱਟੀ ਦਾ ਵੀ ਐਲਾਨ ਕੀਤਾ ਹੈ।
ਸ਼੍ਰੀ ਚੌਟਾਲਾ ਦਾ ਉਨ੍ਹਾਂ ਦੇ ਜੱਦੀ ਜ਼ਿਲ੍ਹੇ ਸਿਰਸਾ 'ਚ ਤੇਜਾਖੇੜਾ ਫਾਰਮ 'ਤੇ ਦੁਪਹਿਰ 3 ਵਜੇ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ। ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਦੇ ਪ੍ਰਧਾਨ ਅਤੇ 5 ਵਾਰ ਹਰਿਆਣਾ ਦੇ ਮੁੱਖ ਮੰਤਰੀ ਰਹੇ ਚੌਟਾਲਾ ਦਾ ਸ਼ੁੱਕਰਵਾਰ ਨੂੰ 89 ਸਾਲ ਦੀ ਉਮਰ 'ਚ ਗੁਰੂਗ੍ਰਾਮ 'ਚ ਦਿਹਾਂਤ ਹੋ ਗਿਆ। ਪਾਰਟੀ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਾਬਕਾ ਉੱਪ ਪ੍ਰਧਾਨ ਮੰਤਰੀ ਦੇਵੀਲਾਲ ਦੇ ਬੇਟੇ ਚੌਟਾਲਾ ਨੂੰ ਇੱਥੇ ਉਨ੍ਹਾਂ ਦੇ ਘਰ ਦਿਲ ਦਾ ਦੌਰਾ ਪਿਆ ਅਤੇ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਮੇਦਾਂਤਾ ਹਸਪਤਾਲ 'ਚ ਆਖ਼ਰੀ ਸਾਹ ਲਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8