ਸੜਕ ਹਾਦਸੇ ''ਚ ਨੌਜਵਾਨ ਦੀ ਗਈ ਜਾਨ, 1 ਮਹੀਨਾ ਪਹਿਲਾ ਹੋਇਆ ਸੀ ਵਿਆਹ
Thursday, Dec 26, 2024 - 04:46 PM (IST)
ਜੀਂਦ- ਹਰਿਆਣਾ ਵਿਚ ਆਏ ਦਿਨ ਸੜਕ ਹਾਦਸੇ ਰੁੱਕਣ ਦਾ ਨਾਂ ਨਹੀਂ ਲੈ ਰਹੇ ਹਨ। ਜੀਂਦ ਨੈਸ਼ਨਲ ਹਾਈਵੇਅ-352 'ਤੇ ਪੰਜਾਬ ਦੇ ਨੌਜਵਾਨਾਂ ਨਾਲ ਹਾਦਸਾ ਵਾਪਰ ਗਿਆ। ਸੰਘਣੀ ਧੁੰਦ ਕਾਰਨ ਅਣਪਛਾਤੇ ਵਾਹਨ ਨੇ ਗੱਡੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ 4 ਨੌਜਵਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ 'ਤੇ ਅਣਪਛਾਤੇ ਵਾਹਨ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਇਹ ਹਾਦਸਾ ਗੋਹਾਨਾ ਰੋਡ 'ਤੇ ਵਾਪਰਿਆ। ਮ੍ਰਿਤਕ ਅਰਮਾਨ ਦੀ ਉਮਰ ਮਹਿਜ 27 ਸਾਲ ਸੀ। ਨੌਜਵਾਨ ਦਾ ਵਿਆਹ ਇਕ ਮਹੀਨੇ ਪਹਿਲਾਂ ਹੀ ਹੋਇਆ ਸੀ। ਪਿਛਲੇ ਮਹੀਨੇ ਦੀ 9 ਨਵੰਬਰ ਨੂੰ ਹੀ ਉਸ ਦਾ ਵਿਆਹ ਹੋਇਆ ਸੀ। ਨੌਜਵਾਨ ਦੋ ਭਰਾ-ਭੈਣਾਂ ਵਿਚ ਸਭ ਤੋਂ ਛੋਟਾ ਸੀ। ਜ਼ਖ਼ਮੀ ਨੌਜਵਾਨਾਂ ਨੂੰ ਪੀ. ਜੀ. ਆਈ. ਖਾਨਪੁਰ ਰੈਫਰ ਕਰ ਦਿੱਤਾ ਗਿਆ ਹੈ। ਪੰਜਾਬ ਦੇ ਨੌਜਵਾਨ ਕੋਰੀਅਰ ਦਾ ਕੰਮ ਕਰਦੇ ਸਨ। ਉਹ ਆਪਣੇ ਕੰਮ ਤੋਂ ਪੰਜਾਬ ਤੋਂ ਸੋਨੀਪਤ ਵੱਲ ਜਾ ਰਹੇ ਸਨ।