ਰਾਸ਼ਟਰੀ ਧੁਨ ''ਤੇ ਲਏ ਲਾੜਾ-ਲਾੜੀ ਨੇ ਸੱਤ ਫੇਰੇ
Saturday, Feb 02, 2019 - 02:57 AM (IST)

ਮੰਦਸੌਰ, (ਏਜੰਸੀਆਂ)– ਗਣਤੰਤਰ ਦਿਵਸ ਪੂਰੇ ਦੇਸ਼ 'ਚ ਧੂਮਧਾਮ ਨਾਲ ਮਨਾਇਆ ਗਿਆ। ਇਸ ਦਰਮਿਆਨ ਮੱਧ ਪ੍ਰਦੇਸ਼ ਦੇ ਮੰਦਸੌਰ ਜ਼ਿਲੇ 'ਚ ਇਕ ਅਜਿਹੀ ਘਟਨਾ ਸਾਹਮਣੇ ਆਈ, ਜਿਥੇ ਗਣਤੰਤਰ ਦਿਵਸ ਦੇ ਖਾਸ ਮੌਕੇ 'ਤੇ ਡੀ. ਜੇ. 'ਤੇ ਇਕ ਵਿਆਹ 'ਚ ਕੌਮੀ ਧੁਨ ਵਜਦੀ ਰਹੀ ਅਤੇ ਲਾੜਾ-ਲਾੜੀ ਫੇਰਿਆਂ ਤੋਂ ਪਹਿਲਾਂ ਕੌਮੀ ਝੰਡਾ ਲਹਿਰਾਉਂਦੇ ਨਜ਼ਰ ਆਏ।
ਘਟਨਾ ਮੰਦਸੌਰ ਜ਼ਿਲੇ ਦੇ ਦਲੋਦਾ 'ਚ ਇਕ ਵਿਆਹ ਦੌਰਾਨ ਦੀ ਹੈ। ਵਿਆਹ ਦੀ ਰਸਮ ਸ਼ੁਰੂ ਹੋਣ ਤੋਂ ਪਹਿਲਾਂ ਲਾੜਾ-ਲਾੜੀ ਨੇ ਬਕਾਇਦਾ ਕੌਮੀ ਝੰਡੇ ਦਾ ਸਨਮਾਨ ਕੀਤਾ, ਲਾੜਾ-ਲਾੜੀ ਨੇ ਝੰਡਾ ਲਹਿਰਾਇਆ ਅਤੇ ਰਾਸ਼ਟਰੀ ਗੀਤ ਵੀ ਗਾਇਆ ਅਤੇ ਉਸ ਤੋਂ ਬਾਅਦ ਵਿਆਹ ਦੀਆਂ ਰਸਮਾਂ ਸ਼ੁਰੂ ਹੋਈਆਂ। ਸੱਤ ਫੇਰੇ ਲੈਣ ਤੋਂ ਪਹਿਲਾਂ ਲਾੜਾ-ਲਾੜੀ ਨੇ ਆਪਣਾ ਰਾਸ਼ਟਰ ਧਰਮ ਨਿਭਾਇਆ। ਲਾੜਾ ਅੰਕਿਤ ਸ਼ੁਜਾਲਪੁਰ ਦਾ ਹੈ, ਜੋ ਚਾਰਟਰਡ ਅਕਾਊਂਟੈਂਟ ਹੈ ਅਤੇ ਲਾੜੀ ਪਾਇਲ ਦਲੋਦਾ ਹੀ ਹੈ, ਜੋ ਖੁਦ ਇਕ ਅਧਿਆਪਕਾ ਹੈ। 26 ਜਨਵਰੀ ਮੌਕੇ ਸਾਰੇ ਪਾਸਿਓਂ ਵਿਆਹ ਸਮਾਰੋਹ 'ਚ ਮਹਿਮਾਨ ਆਏ ਸਨ। ਲਾੜਾ-ਲਾੜੀ ਦੇ ਮਨ 'ਚ ਵਿਚਾਰ ਆਇਆ ਕਿ ਕਿਉਂ ਨਾ ਪਹਿਲਾਂ ਆਪਣਾ ਰਾਸ਼ਟਰ ਧਰਮ ਪੂਰਾ ਕਰ ਲਿਆ ਜਾਵੇ, ਉਸ ਤੋਂ ਬਾਅਦ ਪਰਿਵਾਰ ਦਾ ਧਰਮ। ਸਾਰਿਆਂ ਤੋਂ ਪਹਿਲਾਂ ਇਨ੍ਹਾਂ ਨੇ ਸਵੇਰੇ ਰਾਸ਼ਟਰੀ ਝੰਡਾ ਲਹਿਰਾਇਆ, ਰਾਸ਼ਟਰੀ ਗੀਤ ਗਾਇਆ ਅਤੇ ਉਸ ਤੋਂ ਬਾਅਦ ਵਿਆਹ ਦੀਆਂ ਦੂਜੀਆਂ ਰਸਮਾਂ ਸ਼ੁਰੂ ਹੋਈਆਂ। ਇਸ ਤੋਂ ਬਾਅਦ ਸਾਰੇ ਬਰਾਤੀ ਰਾਸ਼ਟਰ ਭਗਤੀ ਵਾਲੇ ਗਾਣਿਆਂ 'ਤੇ ਨੱਚੇ।