ਮੋਦੀ ਰਾਂਚੀ ''ਚ ਕਰਨਗੇ 30,000 ਲੋਕਾਂ ਨਾਲ ਯੋਗਾ ਅਭਿਆਸ

Tuesday, Jun 11, 2019 - 10:40 AM (IST)

ਮੋਦੀ ਰਾਂਚੀ ''ਚ ਕਰਨਗੇ 30,000 ਲੋਕਾਂ ਨਾਲ ਯੋਗਾ ਅਭਿਆਸ

ਨਵੀਂ ਦਿੱਲੀ— ਇਸ ਸਾਲ ਕੌਮਾਂਤਰੀ ਯੋਗ ਦਿਵਸ 'ਤੇ 21 ਜੂਨ ਨੂੰ ਮੁੱਖ ਸਮਾਰੋਹ ਝਾਰਖੰਡ ਦੀ ਰਾਜਧਾਨੀ ਰਾਂਚੀ ਦੇ ਪ੍ਰਭਾਤ ਤਾਰਾ ਮੈਦਾਨ ਵਿਚ ਆਯੋਜਿਤ ਕੀਤਾ ਜਾਵੇਗਾ। ਇਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਭਗ 30,000 ਲੋਕਾਂ ਨਾਲ ਯੋਗਾ ਅਭਿਆਸ ਕਰਨਗੇ। ਕੌਮਾਂਤਰੀ ਯੋਗ ਦਿਵਸ ਲਈ ਨੋਡਲ ਮੰਤਰਾਲਾ ਦੇ ਰੂਪ ਵਿਚ ਕੰਮ ਕਰ ਰਿਹਾ ਆਯੂਸ਼ ਮੰਤਰਾਲਾ ਇਸ ਮੌਕੇ ਦੇਸ਼ ਵਿਚ ਵੱਖ-ਵੱਖ ਪ੍ਰੋਗਰਾਮਾਂ ਦਾ ਆਯੋਜਨ ਕਰੇਗਾ। ਮੁੱਖ ਸਮਾਰੋਹ ਤੋਂ ਪਹਿਲਾਂ 13 ਜੂਨ ਨੂੰ ਇਕ ਅਭਿਆਸ ਸੈਸ਼ਨ ਦਾ ਆਯੋਜਨ ਕੀਤਾ ਜਾਵੇਗਾ, ਜਿਸ ਵਿਚ ਸੂਬੇ ਦੀਆਂ ਕਈ ਪ੍ਰਮੁੱਖ ਹਸਤੀਆਂ ਦੇ ਨਾਲ-ਨਾਲ ਬਹੁਤ ਸਾਰੇ ਯੋਗ ਗੁਰੂ ਅਤੇ ਯੋਗ ਸੰਗਠਨ ਹਿੱਸਾ ਲੈਣਗੇ। ਰਾਜਧਾਨੀ ਦਿੱਲੀ ਵਿਚ ਮੁੱਖ ਪ੍ਰੋਗਰਾਮ ਰਾਜਪਥ 'ਤੇ ਹੋਵੇਗਾ। ਇਸ ਦਾ ਆਯੋਜਨ ਨਵੀਂ ਦਿੱਲੀ ਮਿਊਂਸੀਪਲ ਕਾਰਪੋਰੇਸ਼ਨ ਕੇਂਦਰੀ ਆਯੂਸ਼ ਮੰਤਰਾਲਾ ਨਾਲ ਮਿਲ ਕੇ ਕਰੇਗਾ। ਇਸ ਤੋਂ ਇਲਾਵਾ ਲਾਲ ਕਿਲਾ, ਨਹਿਰੂ ਪਾਰਕ, ਲੋਦੀ ਗਾਰਡਨ, ਤਾਲਕਟੋਰਾ ਗਾਰਡਨ, ਯਮੁਨਾ ਖੇਡ ਕੰਪਲੈਕਸ, ਸਵਰਨ ਜਯੰਤੀ ਪਾਰਕ ਰੋਹਿਣੀ ਅਤੇ ਦਵਾਰਕਾ ਸੈਕਟਰ 11 ਵਿਚ ਯੋਗ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ। 

ਆਯੂਸ਼ ਮੰਤਰਾਲਾ ਨੇ ਸਾਰੇ ਸਬੰਧਤ ਮੰਤਰਾਲਿਆਂ ਅਤੇ ਕੇਂਦਰ ਸਰਕਾਰ ਦੇ ਵਿਭਾਗਾਂ, ਸੂਬਾ ਸਰਕਾਰਾਂ ਅਤੇ ਸਬੰਧਤ ਸੰਸਥਾਨਾਂ ਨੂੰ ਕੌਮਾਂਤਰੀ ਯੋਗ ਦਿਵਸ 'ਤੇ ਤਾਲਮੇਲ ਕਰਦਿਆਂ ਪ੍ਰੋਗਰਾਮਾਂ ਦਾ ਆਯੋਜਨ ਕਰਨ ਦੀ ਅਪੀਲ ਕੀਤੀ ਹੈ। ਉਦਯੋਗ ਸੰਗਠਨ ਕਨਫੈੱਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀ. ਆਈ. ਆਈ.), ਇੰਡੀਅਨ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ, ਕੰਪਨੀ ਸਕੱਤਰ ਸੰਸਥਾਨ ਅਤੇ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.), ਐੱਨ. ਸੀ. ਈ. ਆਰ. ਟੀ., ਯੂਨੀਵਰਸਿਟੀ ਗਰਾਂਟ ਕਮਿਸ਼ਨ (ਯੂ. ਜੀ. ਸੀ.) ਅਤੇ ਡੀ. ਏ. ਵੀ. ਵਰਗੀਆਂ ਸਿੱਖਿਆ ਸੰਸਥਾਵਾਂ ਪਹਿਲਾਂ ਤੋਂ ਹੀ ਇਸ ਯੋਗ ਦਿਵਸ ਨਾਲ ਜੁੜੇ ਪ੍ਰੋਗਰਾਮਾਂ ਦੀ ਤਿਆਰੀ ਕਰ ਰਹੀਆਂ ਹਨ। ਨਾਲ ਹੀ ਮੰਤਰਾਲਾ ਨੇ ਸਾਰੇ ਲੋਕਾਂ, ਸੰਸਥਾਵਾਂ, ਸਰਕਾਰੀ ਅਦਾਰਿਆਂ, ਕਾਰੋਬਾਰੀ ਕੰਪਨੀਆਂ, ਉਦਯੋਗਾਂ ਅਤੇ ਸੱਭਿਆਚਾਰਕ ਸੰਗਠਨਾਂ ਨੂੰ ਵੀ ਯੋਗ ਦਿਵਸ 'ਤੇ ਵੱਖ-ਵੱਖ ਪ੍ਰੋਗਰਾਮਾਂ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।


author

DIsha

Content Editor

Related News