ਆਸਾਮ ''ਚ ਰੈਲੀ ਦੌਰਾਨ ਬੋਲੇ PM ਮੋਦੀ, ਅਸੀਂ ਬਿਨਾਂ ਕਿਸੇ ਭੇਦਭਾਵ ਸਾਰਿਆਂ ਲਈ ਨੀਤੀਆਂ ਬਣਾਉਂਦੇ ਹਾਂ
Saturday, Apr 03, 2021 - 01:27 PM (IST)
ਤਮੁਲਪੁਰ (ਆਸਾਮ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਭਾਜਪਾ ਦੀਆਂ ਸਰਕਾਰਾਂ ਬਿਨਾਂ ਕਿਸੇ ਭੇਦਭਾਵ ਦੇ ਸਾਰਿਆਂ ਲਈ ਨੀਤੀਆਂ ਬਣਾਉਂਦੀਆਂ ਹਨ। ਜਦੋਂ ਕਿ ਕੁਝ ਲੋਕ ਸਿਰਫ਼ ਇਕ ਵਰਗ ਲਈ ਕੰਮ ਕਰਨ ਵਾਲਿਆਂ ਨੂੰ ਧਰਮ ਨਿਰਪੱਖ ਕਹਿੰਦੇ ਹਨ ਅਤੇ ਸਾਰਿਆਂ ਲਈ ਕੰਮ ਕਰਨ ਵਾਲਿਆਂ ਨੂੰ ਫਿਰਕੂ ਕਹਿੰਦੇ ਹਨ। ਮੋਦੀ ਨੇ ਇਕ ਚੋਣਾਵੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਆਸਾਮ ਦੇ ਲੋਕ ਹਿੰਸਾ ਵਿਰੁੱਧ ਹਨ, ਉਹ ਵਿਕਾਸ, ਸ਼ਾਂਤੀ, ਏਕਤਾ ਅਤੇ ਸਥਿਰਤਾ ਚਾਹੁੰਦੇ ਹਨ।
ਇਹ ਵੀ ਪੜ੍ਹੋ : ਡੀ. ਐੱਮ. ਕੇ. ਤੇ ਕਾਂਗਰਸ ਦੇ ਰਾਜ ’ਚ ਤਾਮਿਲਨਾਡੂ ’ਚ ਕਾਨੂੰਨ ਵਿਵਸਥਾ ਵਿਗੜ ਜਾਵੇਗੀ : ਮੋਦੀ
ਉਨ੍ਹਾਂ ਕਿਹਾ,''ਸਰਕਾਰ ਆਸਾਮ ਸਮਝੌਤੇ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕਰਨ ਲਈ ਗੰਭੀਰਤਾਪੂਰਵਕ ਕੰਮ ਕਰ ਰਹੀ ਹੈ, ਜ਼ਿਆਦਾਤਰ ਸਮੱਸਿਆਵਾਂ ਨੂੰ ਹੱਲ ਕਰ ਲਿਆ ਗਿਆ ਹੈ ਅਤੇ ਬਾਕੀ ਦਾ ਹੱਲ ਵੀ ਜਲਦ ਕੱਢਿਆ ਜਾਵੇਗਾ।'' ਮੋਦੀ ਨੇ ਕਿਹਾ ਕਿ ਇਹ ਮੰਦਭਾਗੀ ਹੈ ਕਿ ਜੋ ਸਮਾਜ ਨੂੰ ਵੰਡਦੇ ਹਨ ਅਤੇ ਸਿਰਫ਼ ਇਕ ਵਰਗ ਲਈ ਵਿਕਾਸ ਦੀ ਗੱਲ ਕਰਦੇ ਹਨ, ਉਨ੍ਹਾਂ ਨੂੰ ਧਰਮਨਿਰਪੱਖ ਕਿਹਾ ਜਾਂਦਾ ਹੈ ਅਤੇ ਜੋ ਸਾਰਿਆਂ ਲਈ ਕੰਮ ਕਰਦੇ ਹਨ, ਉਨ੍ਹਾਂ ਨੂੰ ਫਿਰਕੂ ਕਿਹਾ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਹੁਣ ਤੱਕ ਆਤਮਸਮਰਪਣ ਨਹੀਂ ਕਰਨ ਵਾਲੇ ਅੱਤਵਾਦੀਆਂ ਨੂੰ ਵਾਪਸ ਆਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਆਸਾਮ ਨੂੰ ਉਨ੍ਹਾਂ ਦੀ ਜ਼ਰੂਰਤ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ