PM ਮੋਦੀ ਨੇ ਕੋਰੋਨਾ ਨਾਲ ਜੰਗ ''ਚ ਜੁਟੇ ਡਾਕਟਰਾਂ ਨੂੰ ਕੀਤਾ ਸਲਾਮ
Wednesday, Jul 01, 2020 - 11:22 AM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਕੋਰੋਨਾ ਵਾਇਰਸ ਵਿਰੁੱਧ ਜੰਗ 'ਚ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਮਰੀਜ਼ਾਂ ਦੇ ਇਲਾਜ 'ਚ ਜੁਟੇ ਡਾਕਟਰਾਂ ਨੂੰ ਸਲਾਮ ਕੀਤਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਡਾਕਟਰ ਕੋਵਿਡ-19 ਵਿਰੁੱਧ ਲੜਾਈ 'ਚ ਸਭ ਤੋਂ ਅੱਗੇ ਹਨ। ਪੀ.ਐੱਮ. ਮੋਦੀ ਨੇ ਬੁੱਧਵਾਰ ਨੂੰ ਰਾਸ਼ਟਰੀ ਡਾਕਟਰ ਦਿਵਸ ਮੌਕੇ ਆਪਣੇ ਟਵਿੱਟਰ 'ਤੇ ਕੋਰੋਨਾ ਯੋਧਾ ਡਾਕਟਰਾਂ ਨੂੰ ਸਲਾਮ ਕਰਨ ਦੇ ਨਾਲ ਹੀ ਇਕ ਵੀਡੀਓ ਵੀ ਸ਼ੇਅਰ ਕੀਤਾ। ਉਨ੍ਹਾਂ ਨੇ ਕਿਹਾ,''ਦੇਸ਼ ਕੋਰੋਨਾ ਮਹਾਮਾਰੀ ਵਿਰੁੱਧ ਸਭ ਤੋਂ ਅੱਗੇ ਮੋਰਚੇ 'ਤੇ ਡਟੇ ਸਾਡੇ ਡਾਕਟਰਾਂ ਨੂੰ ਸਲਾਮ ਕਰਦਾ ਹੈ।''
ਪ੍ਰਧਾਨ ਮੰਤਰੀ ਨੇ ਵੀਡੀਓ 'ਚ ਕਿਹਾ,''ਮਾਂ ਸਾਨੂੰ ਜਨਮ ਦਿੰਦੀ ਹੈ ਤਾਂ ਕਈ ਵਾਰ ਡਾਕਟਰ ਸਾਨੂੰ ਪੁਨਰਜਨਮ ਦਿੰਦਾ ਹੈ। ਆਫ਼ਤ ਦੀ ਇਸ ਘੜੀ 'ਚ ਹਸਪਤਾਲਾਂ 'ਚ ਸਫੇਦ ਦਿੱਸ ਰਹੇ ਡਾਕਟਰ-ਨਰਸ, ਈਸ਼ਵਰ ਦਾ ਹੀ ਰੂਪ ਹਨ। ਖੁਦ ਨੂੰ ਖਤਰੇ 'ਚ ਪਾ ਕੇ ਇਹ ਸਾਨੂੰ ਬਚਾ ਰਹੇ ਹਨ। ਇਨ੍ਹਾਂ ਨਾਲ ਬੁਰਾ ਵਤੀਰਾ ਹੁੰਦਾ ਦਿੱਸੇ ਤਾਂ ਤੁਸੀਂ ਉੱਥੇ ਜਾ ਕੇ ਲੋਕਾਂ ਨੂੰ ਸਮਝਾਓ। ਡਾਕਟਰ, ਨਰਸ, ਮੈਡੀਕਲ ਸਟਾਫ਼ ਜ਼ਿੰਦਗੀ ਬਚਾਉਂਦੇ ਹਨ ਅਤੇ ਅਸੀਂ ਉਨ੍ਹਾਂ ਦਾ ਕਰਜ਼ ਕਦੇ ਨਹੀਂ ਉਤਾਰ ਸਕਦੇ। ਇਹ ਸਾਰਿਆਂ ਦੀ ਜ਼ਿੰਮੇਵਾਰੀ ਹੈ, ਜੋ ਦੇਸ਼ ਦੀ ਸੇਵਾ ਕਰਦੇ ਹਨ, ਜੋ ਦੇਸ਼ ਲਈ ਖੁਦ ਨੂੰ ਖਪਾਉਂਦੇ ਹਨ, ਉਨ੍ਹਾਂ ਦਾ ਜਨਤਕ ਸਨਮਾਨ ਹਰ ਪਲ ਹੁੰਦੇ ਰਹਿਣਾ ਚਾਹੀਦਾ।''