ਯੂ.ਪੀ. ’ਚ ਵਾਇਰਲ ਬੁਖਾਰ ਦਾ ਕਹਿਰ, 10 ਦਿਨਾਂ ’ਚ 100 ਮੌਤਾਂ, ਬੱਚੇ ਜ਼ਿਆਦਾ ਪ੍ਰਭਾਵਿਤ
Thursday, Sep 02, 2021 - 12:58 PM (IST)
ਆਗਰਾ– ਪੱਛਮੀ ਉੱਤਰ ਪ੍ਰਦੇਸ਼ ’ਚ 10 ਦਿਨਾਂ ਤੋਂ ਜਾਰੀ ਰਹੱਸਮੀ ਬੁਖਾਰ ਨੇ ਕਹਿਰ ਢਾਇਆ ਹੋਇਆ ਹੈ। ਸਿਹਤ ਵਿਭਾਗ ਦੇ ਅੰਕੜੇ ਦੱਸ ਰਹੇ ਹਨ ਕਿ ਹੁਣ ਤਕ 10 ਜ਼ਿਲ੍ਹਿਆਂ ’ਚ ਕਰੀਬ 100 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ’ਚ 50 ਫੀਸਦੀ ਬੱਚੇ ਹਨ। ਬੀਤੇ ਤਿੰਨ ਦਿਨਾਂ ’ਚ 20 ਜ਼ਿਲ੍ਹਿਆਂ ਤਕ ਇਹ ਵਾਇਰਲ ਫੈਲ ਚੁੱਕਾ ਹੈ ਅਤੇ ਹਰ ਜ਼ਿਲ੍ਹੇ ’ਚ ਔਸਤਨ ਰੋਜ਼ 500 ਨਵੇਂ ਮਰੀਜ਼ ਮਿਲ ਰਹੇ ਹਨ। ਡਾਕਟਰ ਇਸ ਨੂੰ ਇਨਫਲੂਐਂਜ਼ਾ ਵਾਇਰਸ ਦੇ ਸਵਰੂਪ ’ਚ ਬਦਲਾਅ ਦੀ ਸ਼ੰਕਾ ਦੇ ਤੌਰ ’ਤੇ ਵੇਖ ਰਹੇ ਹਨ। ਕਈ ਬੀਮਾਰੀਆਂ ਦੇ ਲੱਛਣ ਇਸ ਵਿਚ ਹੋਣ ਨਾਲ ਕੋਰੋਨਾ ਦੀ ਤੀਜੀ ਲਹਿਰ ਦੀ ਸ਼ੰਕਾ ਵਿਚਕਾਰ ਇਹ ਇਕ ਨਵੀਂ ਚੁਣੌਤੀ ਉਭਰੀ ਹੈ। ਜ਼ਿਆਦਾ ਪ੍ਰਭਾਵ ਵਾਲੇ ਜ਼ਿਲ੍ਹਿਆਂ ’ਚ ਸਕੂਲਾਂ ਦੇ ਖੁੱਲ੍ਹਣ ਤੋਂ ਪਹਿਲਾਂ ਹੀ ਬੰਦ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਸਭ ਤੋਂ ਜ਼ਿਆਦਾ ਪ੍ਰਭਾਵ ਫਿਰੋਜ਼ਾਬਾਦ ਜ਼ਿਲ੍ਹੇ ’ਚ ਹੈ। ਮਥੁਰਾ, ਕਾਸਗੰਜ, ਆਗਰਾ, ਏਟਾ, ਮੈਨਪੁਰੀ, ਨੋਇਡਾ, ਗਾਜ਼ੀਆਬਾਦ, ਮੁਜ਼ੱਫਰਨਗਰ, ਸ਼ਾਮਲੀ ਤੋਂ ਇਲਾਵਾ ਸਹਾਰਨਪੁਰ ’ਚ ਹੁਣ ਤਕ ਬੁਖਾਰ ਨਾਲ ਕਰੀਬ 100 ਲੋਕਾਂ ਦੀ ਮੌਤ ਹੋਈ ਹੈ। ਸਭ ਤੋਂ ਜ਼ਿਆਦਾ 70 ਲੋਕਾਂ ਦੀ ਮੌਤ ਫਿਰੋਜ਼ਾਬਾਦ ’ਚ ਹੋਈ ਹੈ। ਇਨ੍ਹਾਂ ’ਚ 46 ਬੱਚੇ ਸ਼ਾਮਲ ਹਨ। ਸਾਰੇ ਮਾਮਲਿਆਂ ’ਚ ਤੇਜ਼ ਬੁਖਾਰ ਦੇ ਨਾਲ ਪਲੇਟਲੇਟਸ ਦੀ ਗਿਣਤੀ ’ਚ ਭਾਰੀ ਘਾਟ, ਡਿਹਾਈਡ੍ਰੇਸ਼ਨ, ਜੋੜਾਂ ’ਚ ਦਰਦ, ਨਜ਼ਲਾ-ਖੰਘ, ਤੇਜ਼ ਬੁਖਾਰ ਦੇ ਲੱਛਣ ਮਿਲੇ ਹਨ।
ਮਥੁਰਾ ’ਚ ਇਸ ਬੁਖਾਰ ਨਾਲ 9 ਮੌਤਾਂ
ਮਥੁਰਾ ’ਚ ਬੁਖਾਰ ਨਾਲ 9 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਕਾਸਗੰਜ ’ਚ 3 ਲੋਕ ਜਾਨ ਗੁਆ ਚੁੱਕੇ ਹਨ। ਮਰੀਜ਼ਾਂ ਦੀ ਵਧਦੀ ਗਿਣਤੀ ਕਾਰਨ ਸਰਕਾਰੀ ਹਸਪਤਾਲਾਂ ’ਚ ਬਿਸਤਰਿਆਂ ਦੀ ਵੀ ਘਾਟ ਹੋਣ ਲੱਗੀ ਹੈ। ਫਿਰੋਜ਼ਾਬਾਦ ਦੇ ਜ਼ਿਲ੍ਹਾ ਹਸਪਤਾਲ ’ਚ 100 ਤੋਂ ਜ਼ਿਆਦਾ ਬੱਚਿਆਂ ਦਾ ਇਲਾਜ਼ ਚੱਲ ਰਿਹਾ ਹੈ। ਸਹਾਰਨਪੁਰ ਦੇ ਟਪਰੀ ਪਿੰਡ ’ਚ 4 ਲੋਕਾਂ ਦੀ ਮੌਤ ਹੋਈ ਹੈ। ਸੀ.ਐੱਸ.ਐੱਸ. ਡਾ. ਆਭਾ ਵਰਮਾ ਦੱਸਦੀ ਹਨ ਕਿ ਰੋਜ਼ਾਨਾ 500 ਤੋਂ ਜ਼ਿਆਦਾ ਮਰੀਜ਼ ਹਸਪਤਾਲ ਪਹੁੰਚ ਰਹੇ ਹਨ, ਜਿਨ੍ਹਾਂ ’ਚ ਅੱਧੇ ਬੱਚੇ ਹਨ।
ਸੀ.ਐੱਮ. ਯੋਗੀ ਨੇ ਡਾਕਟਰਾਂ ਨੂੰ ਕਿਹਾ- ਤੁਰੰਤ ਜਾਂਚ ਕਰਕੇ ਦੱਸੋ ਕਿ ਕਿਹੜਾ ਬੁਖਾਰ ਹੈ
ਹਾਲਾਤ ਨੂੰ ਵੇਖਦੇ ਹੋਏ ਸੋਮਵਾਰ ਨੂੰ ਫਿਰੋਜ਼ਾਬਾਦ ਪਹੁੰਚੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਡਾਕਟਰਾਂ ਨੂੰ ਨਿਰਦੇਸ਼ ਦਿੱਤੇ ਕਿ ਤੁਰੰਤ ਜਾਂਚ ਕਰਵਾਈ ਜਾਵੇ ਤਾਂ ਜੋ ਪਤਾ ਲੱਗੇ ਕਿ ਇਹ ਬੀਮਾਰੀ ਡੇਂਗੂ ਹੈ ਜਾਂ ਫਿਰ ਕੁਝ ਹੋਰ। ਫਿਰੋਜ਼ਾਬਾਦ ’ਚ ਮੈਡੀਕਲ ਕਾਲੇਜ ਤੋਂ ਬਾਅਦ ਸੀ.ਐੱਮ. ਸੁਦਾਮਾ ਨਗਰ ਵੀ ਗਏ ਜਿਥੇ ਸਭ ਤੋਂ ਜ਼ਿਆਦਾ ਲੋਕ ਇਸ ਬੀਮਾਰੀ ਨਾਲ ਪੀੜਤ ਹਨ। ਫਿਰੋਜ਼ਾਬਾਦ ’ਚ 6 ਸਤੰਬਰ ਤਕ ਸਕੂਲ ਬੰਦ ਕਰ ਦਿੱਤੇ ਗਏ ਹਨ।