ਰਾਮ ਮੰਦਿਰ ਦੀ ਪ੍ਰਾਣ ਪ੍ਰਤਿਸ਼ਠਾ ਮੌਕੇ ਮੁਸਲਿਮ ਪਰਿਵਾਰ ''ਚ ਪੁੱਤਰ ਨੇ ਲਿਆ ਜਨਮ, ਨਾਂ ਰੱਖਿਆ ''ਰਾਮ ਰਹੀਮ''
Monday, Jan 22, 2024 - 10:58 PM (IST)

ਫਿਰੋਜ਼ਾਬਾਦ - ਅਯੁੱਧਿਆ 'ਚ ਰਾਮਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਦੇ ਦਿਨ ਸੋਮਵਾਰ ਨੂੰ ਫਿਰੋਜ਼ਾਬਾਦ 'ਚ ਇਕ ਮੁਸਲਿਮ ਪਰਿਵਾਰ 'ਚ ਜੰਮੇ ਬੱਚੇ ਦਾ ਨਾਂ ਭਗਵਾਨ ਰਾਮ ਦੇ ਨਾਂ 'ਤੇ ਰੱਖਿਆ ਗਿਆ। ਉਥੇ ਹੀ ਸੰਭਲ ਜ਼ਿਲ੍ਹੇ ਦੇ ਚੰਦੌਸੀ 'ਚ ਇਕ ਹਸਪਤਾਲ ਦੇ ਜਣੇਪਾ ਵਾਰਡ 'ਚ ਭਗਵਾਨ ਰਾਮ ਦਾ ਇਕ ਛੋਟਾ ਮੰਦਰ ਵੀ ਬਣਾਇਆ ਗਿਆ ਹੈ। ਫਿਰੋਜ਼ਾਬਾਦ ਦੇ ਮਹਿਲਾ ਹਸਪਤਾਲ 'ਚ ਮੁਸਲਿਮ ਪਰਿਵਾਰ 'ਤ ਜੰਮੇ ਬੱਚੇ ਦਾ ਨਾਂ 'ਰਾਮ ਰਹੀਮ' ਰੱਖਿਆ ਗਿਆ ਹੈ।
ਮਹਿਲਾ ਹਸਪਤਾਲ ਦੇ ਇੰਚਾਰਜ ਚੀਫ਼ ਮੈਡੀਕਲ ਸੁਪਰਡੈਂਟ ਡਾ. ਨਵੀਨ ਜੈਨ ਨੇ ਦੱਸਿਆ, ''ਗਰਭਵਤੀ ਔਰਤ ਦਾ ਨਾਂ ਫਰਜ਼ਾਨਾ ਹੈ ਅਤੇ ਅੱਜ ਉਸ ਨੇ ਇਕ ਬੱਚੇ ਨੂੰ ਜਨਮ ਦਿੱਤਾ। ਬੱਚੇ ਦੀ ਦਾਦੀ ਹੁਸਨ ਬਾਨੋ ਨੇ ਉਸ ਦਾ ਨਾਂ ਰਾਮ ਰਹੀਮ ਰੱਖਿਆ ਹੈ।'' ਬਾਨੋ ਨੇ ਕਿਹਾ ਕਿ ਉਨ੍ਹਾਂ ਨੇ ਹਿੰਦੂ-ਮੁਸਲਿਮ ਏਕਤਾ ਦਾ ਸੁਨੇਹਾ ਦੇਣ ਲਈ ਬੱਚੇ ਦਾ ਨਾਂ ਰਾਮ ਰਹੀਮ ਰੱਖਿਆ ਹੈ। ਉਥੇ ਹੀ ਪ੍ਰਾਣ ਪ੍ਰਤਿਸ਼ਠਾ ਮੌਕੇ ਸੰਭਲ ਜ਼ਿਲ੍ਹੇ ਦੇ ਚੰਦੌਸੀ ਸਥਿਤ ਇਕ ਨਿੱਜੀ ਨਰਸਿੰਗ ਹੋਮ ਦੇ ਜਣੇਪਾ ਵਾਰਡ 'ਚ ਇਕ ਛੋਟਾ ਜਿਹਾ ਰਾਮ ਮੰਦਰ ਬਣਾਇਆ ਗਿਆ ਹੈ। ਸੋਮਵਾਰ ਨੂੰ ਗਰਭਵਤੀ ਮਹਿਲਾਵਾਂ ਨੂੰ ਜਣੇਪੋ ਤੋਂ ਪਹਿਲਾਂ ਭਗਵਾਨ ਰਾਮ ਦੇ ਦਰਸ਼ਨ ਕਰਵਾਏ ਗਏ।
ਨਰਸਿੰਗ ਹੋਮ ਦੀ ਡਾਕਟਰ ਵੰਦਨਾ ਨੇ ਦੱਸਿਆ, ''ਅੱਜ ਅਯੁੱਧਿਆ 'ਚ ਸ਼੍ਰੀ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਮੌਕੇ ਉਨ੍ਹਾਂ ਨੇ ਆਪਣੇ ਨਰਸਿੰਗ ਹੋਮ ਦੇ ਜਣੇਪਾ ਵਾਰਡ, ਨਵਜੰਮੇ ਬੱਚੇ ਦੇ ਵਾਰਡ ਨੂੰ ਭਗਵੇਂ ਰੰਗ ਨਾਲ ਸਜਾਇਆ। ਨਾਲ ਹੀ ਇਕ ਰਾਮ ਮੰਦਰ ਵੀ ਬਣਾਇਆ ਗਿਆ।'' ਉਨ੍ਹਾਂ ਦੱਸਿਆ ਕਿ ਗਰਭਵਤੀ ਔਰਤਾਂ ਨੂੰ ਜਣੇਪੇ ਤੋਂ ਪਹਿਲਾਂ ਸ਼੍ਰੀ ਰਾਮ ਦੀ ਪੂਜਾ ਕਰਵਾਈ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਹਨੂੰਮਾਨ ਚਾਲੀਸਾ ਦਾ ਪਾਠ ਵੀ ਕਰਵਾਇਆ ਜਾ ਰਿਹਾ ਹੈ। ਡਾਕਟਰ ਵੰਦਨਾ ਨੇ ਦੱਸਿਆ ਕਿ, 'ਹਸਪਤਾਲ 'ਚ ਸੋਮਵਾਰ ਨੂੰ ਕੁੱਲ 6 ਬੱਚਿਆਂ ਦਾ ਜਮਨ ਹੋਇਆ, ਜਿਨ੍ਹਾਂ ਵਿਚੋਂ ਤਿੰਨ ਲੜਕੇ ਹਨ। ਉਨ੍ਹਾਂ ਦੇ ਨਾਂ ਭਗਵਾਨ ਦੇ ਨਾਂ 'ਤੇ ਰੱਖੇ ਗਏ ਹਨ। ਨਾਲ ਹੀ ਲੜਕੀਆਂ ਦੇ ਨਾਂ ਜਾਨਕੀ ਅਤੇ ਸੀਤਾ ਰੱਖੇ ਗਏ ਹਨ।'
ਮੈਡੀਕਲ ਕਾਲਜ ਦੇ ਜਣੇਪਾ ਅਤੇ ਗਾਇਨੀਕੋਲੋਜੀ ਵਿਭਾਗ ਦੀ ਕਾਰਜਕਾਰੀ ਇੰਚਾਰਜ ਸੀਮਾ ਦਿਵੇਦੀ ਨੇ ਦੱਸਿਆ ਕਿ ਸੋਮਵਾਰ ਨੂੰ ਜੰਮੇ 25 ਬੱਚਿਆਂ 'ਚੋਂ 10 ਲੜਕੀਆਂ ਹਨ ਜਦਕਿ ਬਾਕੀ 15 ਲੜਕੇ ਹਨ ਅਤੇ ਸਾਰੇ ਤੰਦਰੁਸਤ ਹਨ। ਉਨ੍ਹਾਂ ਦੱਸਿਆ ਕਿ ਭਾਰਤੀ ਮਿਸ਼ਰਾ ਨਾਮ ਦੀ ਔਰਤ ਨੇ ਇੱਕ ਬੇਟੇ ਨੂੰ ਜਨਮ ਦਿੱਤਾ ਅਤੇ ਉਸ ਨੇ ਆਪਣੇ ਬੱਚੇ ਦਾ ਨਾਮ 'ਰਾਮ' ਰੱਖਿਆ ਹੈ, ਇਹ ਮੰਨਦੇ ਹੋਏ ਕਿ ਨਾਮ ਦਾ ਉਸਦੀ ਸ਼ਖਸੀਅਤ 'ਤੇ ਸਕਾਰਾਤਮਕ ਪ੍ਰਭਾਵ ਪਵੇਗਾ। ਦਿਵੇਦੀ ਨੇ ਕਿਹਾ ਕਿ ਕਈ ਹੋਰ ਮਾਵਾਂ ਨੇ ਆਪਣੇ ਬੱਚਿਆਂ ਦੇ ਨਾਮ ਭਗਵਾਨ ਰਾਮ ਦੇ ਸਮਾਨਾਰਥੀ ਸ਼ਬਦ ਰੱਖੇ ਹਨ ਜਿਵੇਂ ਕਿ ਰਾਘਵ, ਰਾਘਵੇਂਦਰ, ਰਘੂ ਅਤੇ ਰਾਮੇਂਦਰ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8