ਮੁਸਲਿਮ ਬੁੱਧੀਜੀਵੀਆਂ ਨੇ RSS ਮੁਖੀ ਮੋਹਨ ਭਾਗਵਤ ਨਾਲ ਕੀਤੀ ਮੁਲਾਕਾਤ

09/21/2022 9:51:48 AM

ਨਵੀਂ ਦਿੱਲੀ (ਭਾਸ਼ਾ)- ਸਾਬਕਾ ਮੁੱਖ ਚੋਣ ਕਮਿਸ਼ਨਰ ਐੱਸ.ਵਾਈ. ਕੁਰੈਸ਼ੀ ਅਤੇ ਦਿੱਲੀ ਦੇ ਉੱਪ ਰਾਜਪਾਲ ਨਜੀਬ ਜੰਗ ਸਮੇਤ ਮੁਸਲਿਮ ਬੁੱਧੀਜੀਵੀਆਂ ਦੇ ਇਕ ਸਮੂਹ ਨੇ ਹਾਲ ਹੀ 'ਚ ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਨਾਲ ਮੁਲਾਕਾਤ ਕੀਤੀ ਅਤੇ ਦੇਸ਼ 'ਚ ਫਿਰਕੂ ਸਦਭਾਵਨਾ ਨੂੰ ਮਜ਼ਬੂਤ ਕਰਨ ਦੀ ਯੋਜਨਾ ਤਿਆਰ ਕੀਤੀ। ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਬੈਠਕ ਅਜਿਹੇ ਸਮੇਂ ਹੋਈ ਹੈ, ਜਦੋਂ ਗਿਆਨਵਿਆਪੀ ਮਸਜਿਦ ਦੇ ਮੁੱਦੇ 'ਤੇ ਅਦਾਲਤਾਂ 'ਚ ਸੁਣਵਾਈ ਹੋ ਰਹੀ ਹੈ। ਬੈਠਕ 'ਚ ਦੇਸ਼ 'ਚ ਫਿਰਕੂ ਸਦਭਾਵਨਾ ਨੂੰ ਮਜ਼ਬੂਤ ਕਰਨ ਲਈ ਇਕ ਮੰਚ ਬਣਾਉਣ ਦਾ ਫ਼ੈਸਲਾ ਲਿਆ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਸਾਬਕਾ ਕੁਲਪਤੀ ਲੈਫਟੀਨੈਂਟ ਜਨਰਲ (ਸੇਵਾਮੁਕਤੀ) ਜਮੀਰੂਦੀਨ ਸ਼ਾਹ, ਸਾਬਕਾ ਸੰਸਦ ਮੈਂਬਰ ਸ਼ਾਹਿਦ ਸਿੱਦੀਕੀ ਅਤੇ ਪਰੋਪਕਾਰੀ ਸਈਅਦ ਸ਼ੇਰਵਾਨੀ ਵੀ ਹਾਲ ਹੀ 'ਚ ਰਾਸ਼ਟਰੀ ਸਵੈ-ਸੇਵਕ ਸੰਘ (ਆਰ.ਐੱਸ.ਐੱਸ.) ਦੇ ਅਸਥਾਈ ਦਫ਼ਤਰ ਉਦਾਸੀਨ ਆਸ਼ਰਮ 'ਚ ਬੰਦ ਕਮਰੇ 'ਚ ਹੋਈ ਬੈਠਕ 'ਚ ਮੌਜੂਦ ਸਨ। 

ਸੂਤਰਾਂ ਨੇ ਕਿਹਾ ਕਿ 2 ਘੰਟਿਆਂ ਤੱਕ ਚਲੀ ਬੈਠਕ ਦੌਰਾਨ ਫਿਰਕੂ ਸਦਭਾਵਨਾ ਨੂੰ ਮਜ਼ਬੂਤ ਬਣਾਉਣ ਅਤੇ ਅੰਤਰ-ਭਾਈਚਾਰਕ ਸੰਬੰਧਾਂ 'ਚ ਸੁਧਾਰ 'ਤੇ ਵਿਆਪਕ ਚਰਚਾ ਹੋਈ। ਹਾਲਾਂਕਿ ਉਨ੍ਹਾਂ ਕਿਹਾ ਕਿ ਬੈਠਕ ਦੌਰਾਨ ਗਿਆਨਵਿਆਪੀ ਮਸਜਿਦ ਅਤੇ ਨੂਪੁਰ ਸ਼ਰਮਾ ਦੀਆਂ ਹਾਲੀਆ ਟਿੱਪਣੀਆਂ ਤੋਂ ਪੈਦਾ ਵਿਵਾਦ ਵਰਗੇ ਕਿਸੇ ਵਿਵਾਦਿਤ ਮੁੱਦੇ 'ਤੇ ਚਰਚਾ ਨਹੀਂ ਹੋਈ। ਬੈਠਕ 'ਚ ਮੌਜੂਦ ਸੂਤਰਾਂ ਨੇ ਦੱਸਿਆ ਕਿ ਫਿਰਕੂ ਸਦਭਾਵਨਾ ਨੂੰ ਮਜ਼ਬੂਤ ਕੀਤੇ ਬਿਨਾਂ ਦੇਸ਼ ਤਰੱਕੀ ਨਹੀਂ ਕਰ ਸਕਦਾ। ਸੂਤਰਾਂ ਨੇ ਕਿਹਾ,''ਦੋਹਾਂ ਪੱਖਾਂ ਨੇ ਫਿਰਕੂ ਸਦਭਾਵਨਾ ਅਤੇ ਭਾਈਚਾਰੇ ਵਿਚਾਲੇ ਮਤਭੇਦ ਦੂਰ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਇਸ ਪਹਿਲ ਨੂੰ ਅੱਗੇ ਵਧਾਉਣ ਲਈ ਇਕ ਯੋਜਨਾ ਤਿਆਰ ਕੀਤੀ ਗਈ।''


DIsha

Content Editor

Related News