ਮਸ਼ਰੂਮ ਦੀ ਖੇਤੀ ਨੇ ਬਦਲੀ ਓਡੀਸ਼ਾ ਦੇ ਇਸ ਪਿੰਡ ਦੀ ਨੁਹਾਰ, ਆਦਿਵਾਸੀ ਔਰਤ ਨੂੰ ਲੋਕ ਬੁਲਾਉਂਦੇ ਨੇ ‘ਮਸ਼ਰੂਮ ਮਾਂ’
Monday, Aug 02, 2021 - 01:16 PM (IST)
ਭਵਾਨੀਪਟਨਾ— ਓਡੀਸ਼ਾ ਦੇ ਕਾਲਾਹਾਂਡੀ ਜ਼ਿਲ੍ਹੇ ਦੇ ਕੁਤੇਨਪਡਾਰ ਪਿੰਡ 1980 ਦੇ ਦਹਾਕੇ ’ਚ ਭੁੱਖਮਰੀ ਅਤੇ ਇਸ ਨਾਲ ਹੋਣ ਵਾਲੀਆਂ ਮੌਤਾਂ ਲਈ ਜਾਣਿਆ ਜਾਂਦਾ ਸੀ ਪਰ ਅੱਜ ਇਹ ਮਾਡਲ ਪਿੰਡ ਬਣ ਗਿਆ ਹੈ। ਪਿੰਡ ਦੀ ਬਦਲੀ ਨੁਹਾਰ ਦੇ ਨਾਲ ਹੀ ਇਹ ਮਹਿਲਾ ਸਸ਼ਕਤੀਕਰਨ ਦਾ ਉਦਾਹਰਣ ਵੀ ਹੈ। ਪਿੰਡ ਦੇ ਜ਼ਿਆਦਾਤਰ ਲੋਕ ਜੰਗਲੀ ਉਤਪਾਦ ’ਤੇ ਨਿਰਭਰ ਸਨ ਪਰ ਹੁਣ ਉਹ 45 ਸਾਲਾ ਆਦਿਵਾਸੀ ਮਹਿਲਾ ਬਨਦੇਈ ਮਾਝੀ ਦੇ ਧੰਨਵਾਦੀ ਹਨ, ਜਿਨ੍ਹਾਂ ਨੂੰ ਲੋਕ ‘ਮਸ਼ਰੂਮ ਮਾਂ’ ਦੇ ਨਾਂ ਤੋਂ ਬੁਲਾਉਂਦੇ ਹਨ। ਆਪਣੇ ਪਰਿਵਾਰ ਦੀ ਆਰਥਿਕ ਸਥਿਤੀ ਬਦਲਣ ਦੀ ਉਨ੍ਹਾਂ ਦੀ ਮਜ਼ਬੂਤ ਇੱਛਾ ਸ਼ਕਤੀ ਸਮੁੱਚੇ ਪਿੰਡ ਲਈ ਇਕ ਅੰਦੋਲਨ ਬਣ ਗਈ ਹੈ। ਬਨਦੇਈ ਨੇ 2007-08 ਵਿਚ ਨਾਬਾਰਡ ਕੈਂਪ ਵਿਚ ਸਿਖਲਾਈ ਲੈਣ ਤੋਂ ਬਾਅਦ ਝੋਨੇ ਦੀ ਤੂੜੀ ਤੋਂ ਮਸ਼ਰੂਮ ਦੀ ਖੇਤੀ ਸ਼ੁਰੂ ਕੀਤੀ।
ਬਨਦੇਈ ਦੇ ਪਰਿਵਾਰ ’ਚ ਪਤੀ ਅਤੇ 4 ਬੱਚੇ ਹਨ। ਉਹ ਇਕ ਗਰੀਬ ਪਰਿਵਾਰ ਨਾਲ ਸਬੰਧ ਰੱਖਦੀ ਹੈ, ਜਿਨ੍ਹਾਂ ਨੂੰ 2 ਏਕੜ ਸਰਕਾਰੀ ਜ਼ਮੀਨ ਮਿਲੀ ਸੀ, ਜੋ ਸਿਰਫ਼ ਬਾਜਰੇ ਦੀ ਫ਼ਸਲ ਲਈ ਹੀ ਸੀ। ਦਹਾਕਿਆਂ ਪਹਿਲਾਂ ਹੋਰ ਪਿੰਡ ਵਾਸੀਆਂ ਵਾਂਗ ਉਨ੍ਹਾਂ ਦਾ ਪਰਿਵਾਰ ਵੀ ਦੋ ਵਕਤ ਦੀ ਰੋਟੀ ਲਈ ਜੰਗਲ ਅਤੇ ਮਜ਼ਦੂਰੀ ’ਤੇ ਨਿਰਭਰ ਸੀ। ਸਿਖਲਾਈ ਅਤੇ ਦੋ ਸਾਲ ਤੱਕ ਪ੍ਰਯੋਗਾਤਮਕ ਖੇਤੀ ਤੋਂ ਬਾਅਦ ਬਨਦੇਈ ਨੇ ਵਿਅਕਤੀਗਤ ਰੂਪ ਨਾਲ ਮਸ਼ਰੂਮ ਦੀ ਖੇਤੀ ਸ਼ੁਰੂ ਕੀਤੀ ਅਤੇ ਛੇਤੀ ਹੀ ਰੋਲ ਮਾਡਲ ਬਣ ਗਈ। ਉਨ੍ਹਾਂ ਨੇ ਕਿਹਾ ਕਿ ਮਸ਼ਰੂਮ ਦੀ ਖੇਤੀ ਨਾਲ ਜੂਨ ਤੋਂ ਅਕਤੂਬਰ ਦੌਰਾਨ ਮੈਨੂੰ ਇਕ ਲੱਖ ਰੁਪਏ ਦਾ ਲਾਭ ਹੋਇਆ। ਇਸ ਤੋਂ ਇਲਾਵਾ ਉਨ੍ਹਾਂ ਨੇ ਸਬਜ਼ੀਆਂ, ਦਾਲਾਂ ਅਤੇ ਤੇਲ ਦੇ ਬੀਜ ਨਾਲ 50 ਤੋਂ 60 ਹਜ਼ਾਰ ਰੁਪਏ ਦੀ ਆਮਦਨੀ ਹੋਈ।
ਬਨਦੇਈ ਨੇ ਦੱਸਿਆ ਕਿ ਉਨ੍ਹਾਂ ਦੀ ਇਕ ਧੀ ਦਾ ਦੋ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਦੋ ਪੁੱਤਰ ਕਾਲਜ ’ਚ ਪੜ੍ਹਦੇ ਹਨ। ਬਨਦੇਈ ਹੁਣ ਇਕ ਨਵਾਂ ਪੱਕਾ ਘਰ ਬਣਾ ਰਹੀ ਹੈ। ਬਨਦੇਈ ਤੋਂ ਪ੍ਰੇਰਿਤ ਹੋ ਕੇ ਹੁਣ ਪਿੰਡ ਦੇ 50 ਹੋਰ ਪਰਿਵਾਰ ਵੀ ਮਸ਼ਰੂਮ ਦੀ ਖੇਤੀ ਕਰ ਰਹੇ ਹਨ ਅਤੇ ਸਬਜ਼ੀ ਦੀ ਖੇਤੀ ਤੋਂ ਇਲਾਵਾ ਸਲਾਨਾ 50,000 ਰੁਪਏ ਕਮਾ ਰਹੇ ਹਨ। ਬਨਦੇਈ ਨੇ ਆਲੇ-ਦੁਆਲੇ ਦੇ ਕਰੀਬ 10 ਪਿੰਡਾਂ ਦੀਆਂ ਬੀਬੀਆਂ ਨੂੰ ਸਿਖਲਾਈ ਦਿੱਤੀ ਹੈ। ਮਸ਼ਰੂਮ ਦੀ ਖੇਤੀ ਵਿਚ ਉਨ੍ਹਾਂ ਦੇ ਯੋਗਦਾਨ ਅਤੇ ਮਹਿਲਾ ਸਸ਼ਕਤੀਕਰਨ ਲਈ ਉਨ੍ਹਾਂ ਨੂੰ ਨਾਬਾਰਡ ਵਲੋਂ ਸਨਮਾਨਤ ਵੀ ਕੀਤਾ ਗਿਆ ਹੈ। ਉਹ ਮਹਿਲਾ ਸਸ਼ਕਤੀਕਰਨ ਦੀ ਅਸਲੀ ਮਾਡਲ ਹੈ। ਨਾਬਾਰਡ ਦੇ ਜ਼ਿਲ੍ਹਾ ਵਿਕਾਸ ਪ੍ਰਬੰਧਕ ਮਲਾਯਾ ਕੁਮਾਰ ਮੇਹਰ ਨੇ ਕਿਹਾ ਕਿ ਇਹ ਇਕ ਆਦਿਵਾਸੀ ਔਰਤ ਦੀ ਵਚਨਬੱਧਤਾ ਅਤੇ ਸਮਰਪਣ ਦੀ ਕਹਾਣੀ ਹੈ। ਬਨਦੇਈ ਨੇ ਕਿਹਾ ਕਿ ਮਸ਼ਰੂਮ ਅਤੇ ਸਬਜ਼ੀਆਂ ਦੀ ਖੇਤੀ ਨੇ ਉਨ੍ਹਾਂ ਦਾ ਅਤੇ ਪਿੰਡ ਵਾਸੀਆਂ ਦੀ ਜ਼ਿੰਦਗੀ ਬਦਲ ਦਿੱਤੀ ਹੈ।