ਭਲਕੇ ਹਿਮਾਚਲ ਦੌਰੇ ''ਤੇ ਆਵੇਗੀ ਰਾਸ਼ਟਰਪਤੀ ਮੁਰਮੂ, ਸਵਾਗਤ ਲਈ ਤਿਆਰੀਆਂ ਮੁਕੰਮਲ
Monday, Apr 17, 2023 - 05:07 PM (IST)
ਸ਼ਿਮਲਾ- ਰਾਸ਼ਟਰਪਤੀ ਦ੍ਰੌਪਦੀ ਮੁਰਮੂ ਪਹਿਲੀ ਵਾਰ 4 ਦਿਨਾਂ ਦੌਰੇ 'ਤੇ ਹਿਮਾਚਲ ਪ੍ਰਦੇਸ਼ ਆ ਰਹੀ ਹੈ। ਮੁਰਮੂ 18 ਤੋਂ 21 ਅਪ੍ਰੈਲ ਤੱਕ ਸ਼ਿਮਲਾ 'ਚ ਰਹੇਗੀ। ਰਾਸ਼ਟਰਪਤੀ ਮੁਰਮੂ 18 ਅਪ੍ਰੈਲ ਨੂੰ ਹੈਲੀਕਾਪਟਰ ਤੋਂ ਸ਼ਿਮਲਾ ਪਹੁੰਚੇਗੀ। ਰਾਸ਼ਟਰਪਤੀ ਦੇ ਹਿਮਾਚਲ ਦੌਰੇ ਨੂੰ ਵੇਖਦੇ ਹੋਏ ਸਾਰੇ ਬਾਰਡਰ ਏਰੀਆ ਨੂੰ ਸੀਲ ਕਰ ਦਿੱਤਾ ਗਿਆ ਹੈ। ਯੂਨੀਵਰਸਿਟੀ, ਰਾਸ਼ਟਰਪਤੀ ਆਵਾਸ ਰਿਟ੍ਰੀਟ ਸਮੇਤ ਆਲੇ-ਦੁਆਲੇ ਦੇ ਇਲਾਕਿਆਂ 'ਚ ਵਧੀਕ ਪੁਲਸ ਫੋਰਸ ਤਾਇਨਾਤ ਕੀਤਾ ਗਿਆ ਹੈ। ਰਾਸ਼ਟਰਪਤੀ ਬਣਨ ਮਗਰੋਂ ਉਨ੍ਹਾਂ ਦਾ ਇਹ ਪਹਿਲਾ ਹਿਮਾਚਲ ਦੌਰਾ ਹੈ। ਆਪਣੇ ਪਰਿਵਾਰ ਨਾਲ ਉਹ ਸ਼ਿਮਲਾ ਦੇ ਮਸ਼ੋਬਰਾ ਸਥਿਤ 173 ਸਾਲ ਪੁਰਾਣੇ ਰਾਸ਼ਟਰਪਤੀ ਨਿਵਾਸ ਵਿਚ ਠਹਿਰੇਗੀ ਅਤੇ ਇੱਥੋਂ ਦੀ ਬੇਹੱਦ ਖੂਬਸੂਰਤ ਕੁਦਰਤੀ ਸੁੰਦਰਤਾ ਦਾ ਨਜ਼ਾਰਾ ਦਾ ਆਨੰਦ ਲਵੇਗੀ।
ਰਾਸ਼ਟਰਪਤੀ ਮੁਰਮੂ ਇਤਿਹਾਸਕ ਇਮਾਰਤ ਨੂੰ ਪਹਿਲੀ ਵਾਰ ਲੋਕਾਂ ਅਤੇ ਸੈਲਾਨੀਆਂ ਲਈ ਖੋਲ੍ਹਣ ਦਾ ਵੀ ਐਲਾਨ ਕਰੇਗੀ। ਮੁਰਮੂ ਦੇ ਐਲਾਨ ਮਗਰੋਂ ਦੇਸ਼ ਦੁਨੀਆ ਦੇ ਲੋਕ 23 ਅਪ੍ਰੈਲ ਤੋਂ ਸ਼ਿਮਲਾ ਦੀ ਇਸ ਬੇਹੱਦ ਖੂਬਸੂਰਤ ਇਮਾਰਤ ਨੂੰ ਨੇੜਿਓਂ ਵੇਖ ਸਕਣਗੇ। ਰਾਸ਼ਟਰਪਤੀ ਅਧਿਕਾਰਤ ਰੂਪ ਨਾਲ ਇਸ ਇਤਿਹਾਸਕ ਵਿਰਾਸਤ ਨੂੰ ਆਮ ਜਨਤਾ ਲਈ ਖੋਲ੍ਹਣ ਦਾ ਐਲਾਨ ਕਰੇਗੀ। ਰਾਸ਼ਟਰਪਤੀ ਦੇ ਵਧੀਕ ਸਕੱਤਰ ਡਾ. ਰਾਕੇਸ਼ ਗੁਪਤਾ ਨੇ ਕਿਹਾ ਕਿ ਦੇਸ਼-ਵਿਦੇਸ਼ ਤੋਂ ਆਉਣ ਵਾਲੇ ਸੈਲਾਨੀ ਤੈਅ ਫ਼ੀਸ ਨਾਲ ਇਸ ਇਮਾਰਤ ਨੂੰ ਵੇਖ ਸਕਣਗੇ।
ਰਾਸ਼ਟਰਪਤੀ ਦੇ ਸਵਾਗਤ ਨੂੰ ਲੈ ਕੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਮੁੱਖ ਸਕੱਤਰ ਨੇ ਉਨ੍ਹਾਂ ਦੇ ਦੌਰੇ ਨੂੰ ਲੈ ਕੇ ਪ੍ਰਸ਼ਾਸਨ ਅਤੇ ਹੋਰ ਅਧਿਕਾਰੀਆਂ ਨਾਲ ਵੀ ਬੈਠਕ ਕਰ ਲਈ ਹੈ। ਮੁਰਮੂ ਯੂਨੀਵਰਸਿਟੀ ਸ਼ਿਮਲਾ 'ਚ 26ਵੇਂ ਦੀਸ਼ਾਂਤ ਸਮਾਰੋਹ 'ਚ ਬਤੌਰ ਮੁੱਖ ਮਹਿਮਾਨ ਹਾਜ਼ਰ ਰਹੇਗੀ। ਇਸ ਮੌਕੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ, ਨੇਤਾ ਵਿਰੋਧੀ ਧਿਰ ਦੇ ਨੇਤਾ ਜੈਰਾਮ ਠਾਕੁਰ ਸਮੇਤ ਮੰਤਰੀ ਅਤੇ ਹੋਰ ਲੋਕ ਮੌਜੂਦ ਰਹਿਣਗੇ। ਰਾਸ਼ਟਰਪਤੀ ਮੁਰਮੂ ਨੂੰ ਗੁੱਛੀ ਦੀ ਸਬਜ਼ੀ, ਰਾਜਮਾ ਦਾ ਮਦਰਾ ਅਤੇ ਸੇਬ ਦੀ ਖੀਰ ਪਰੋਸੀ ਜਾਵੇਗੀ। ਉਨ੍ਹਾਂ ਨੂੰ ਚਾਂਦੀ ਦੀ ਪਰਤ ਵਾਲੀ ਥਾਲੀ ਵਿਚ ਨਾਸ਼ਤਾ, ਲੰਚ ਅਤੇ ਡਿਨਰ ਪਰੋਸਿਆ ਜਾਵੇਗਾ।