20 ਰੁਪਏ ਖ਼ਾਤਿਰ ਲਈ ਨੌਜਵਾਨ ਦੀ ਜਾਨ, ਰੇਲ ਪਟੜੀ ’ਤੇ ਸੁੱਟਿਆ, ਟਰੇਨ ਹੇਠਾਂ ਆਉਣ ਨਾਲ ਮੌਤ
Wednesday, Dec 14, 2022 - 12:48 AM (IST)
ਇਟਾਵਾ (ਇੰਟ.) : ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲੇ ਤੋਂ ਕਤਲ ਦਾ ਇਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 20 ਰੁਪਏ ਦੇ ਝਗੜੇ ’ਚ 7 ਲੋਕਾਂ ਨੇ ਇਕ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਫਿਰ ਉਸ ਨੂੰ ਰੇਲਵੇ ਟਰੈਕ ’ਤੇ ਸੁੱਟ ਦਿੱਤਾ। ਰੇਲ ਗੱਡੀ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ ਹੋ ਗਈ।ਭਰਥਣਾ ਦੇ ਮੋਤੀਗੰਜ ਨਿਵਾਸੀ ਸਲੀਮ (22) ਸੋਮਵਾਰ ਦੇਰ ਰਾਤ ਨੂੰ ਮੁਹੱਲੇ ’ਚ ਸਥਿਤ ਇਕ ਪਾਨ ਦੀ ਦੁਕਾਨ ’ਤੇ ਗਿਆ ਸੀ। ਉਥੇ ਉਸ ਨੇ ਦੁਕਾਨ ਤੋਂ ਤੰਬਾਕੂ ਮਸਾਲਾ ਖਰੀਦਿਆ ਅਤੇ ਇਸ ਤੋਂ ਬਾਅਦ ਦੁਕਾਨਦਾਰ ਨਾਲ 20 ਰੁਪਏ ਨੂੰ ਲੈ ਕੇ ਉਸ ਦੀ ਬਹਿਸ ਸ਼ੁਰੂ ਹੋ ਗਈ।
ਇਹ ਵੀ ਪੜ੍ਹੋ : ਸਿੱਖ ਨੇਤਾ ਤ੍ਰਿਲੋਚਨ ਸਿੰਘ ਵਜੀਰ ਦੀ ਹੱਤਿਆ ਤੇ ਗਾਂਧੀਨਗਰ ਡਕੈਤੀ ਦਾ ਮਾਸਟਰਮਾਈਂਡ ਗ੍ਰਿਫ਼ਤਾਰ
ਝਗੜਾ ਇੰਨਾਂ ਵਧ ਗਿਆ ਕਿ ਦੁਕਾਨ ’ਤੇ ਮੌਜੂਦ 7 ਲੋਕਾਂ ਨੇ ਸਲੀਮ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਾਫੀ ਦੇਰ ਤੱਕ ਉਸ ਨੂੰ ਕੁੱਟਦੇ ਰਹੇ। ਉਨ੍ਹਾਂ ਨੇ ਜ਼ਖਮੀ ਸਲੀਮ ਨੂੰ ਚੁੱਕ ਕੇ ਨੇੜੇ ਦੇ ਰੇਲਵੇ ਟਰੈਕ ’ਤੇ ਸੁੱਟ ਦਿੱਤਾ। ਜਿਵੇਂ ਹੀ ਉਨ੍ਹਾਂ ਨੇ ਸਲੀਮ ਨੂੰ ਰੇਲਵੇ ਟ੍ਰੈਕ ’ਤੇ ਸੁੱਟਿਆ, ਇਕ ਸੁਪਰਫਾਸਟ ਐਕਸਪ੍ਰੈੱਸ ਟਰੇਨ ਉੱਥੋਂ ਲੰਘੀ ਅਤੇ ਸਲੀਮ ਦੀ ਟਰੇਨ ਹੇਠਾਂ ਆਉਣ ਨਾਲ ਮੌਤ ਹੋ ਗਈ। ਪੁਲਸ ਨੇ 7 ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।