ਮੁੰਬਈ ਦੇ ਹੋਟਲ ''ਚ ਲੱਗੀ ਭਿਆਨਕ ਅੱਗ, ਰੈਸਕਿਊ ਕਰ ਕੇ ਬਚਾਏ ਗਏ 25 ਡਾਕਟਰ
Thursday, May 28, 2020 - 10:37 AM (IST)
ਮੁੰਬਈ-ਮਹਾਰਾਸ਼ਟਰ ਦੇ ਦੱਖਣੀ ਮੁੰਬਈ 'ਚ ਇਕ ਪੰਜ ਮੰਜ਼ਿਲਾਂ ਹੋਟਲ 'ਚ ਅੱਗ ਲੱਗਣ ਕਾਰਨ ਹਾਦਸਾ ਵਾਪਰ ਗਿਆ।ਹਾਦਸੇ ਦੌਰਾਨ 25 ਡਾਕਟਰਾਂ ਸਮੇਤ 2 ਹੋਰ ਲੋਕਾਂ ਨੂੰ ਬਚਾਇਆ ਗਿਆ। ਅੱਗ ਬੁਝਾਊ ਦਸਤੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਦੇਰ ਰਾਤ ਮੈਟਰੋ ਸਿਨੇਮਾ ਦੇ ਨੇੜੇ ਹੋਟਲ ਫਾਰਚੂਨ 'ਚ ਅੱਗ ਲੱਗ ਗਈ ਸੀ। ਅੱਗ ਇੰਨੇ ਭਿਆਨਕ ਰੂਪ 'ਚ ਲੱਗੀ ਕਿ ਜਿਸ 'ਤੇ ਵੀਰਵਾਰ ਸਵੇਰੇ ਤੱਕ ਕਾਬੂ ਪਾਇਆ ਗਿਆ। ਇਹ ਵੀ ਜਾਣਕਾਰੀ ਮਿਲੀ ਹੈ ਕਿ ਅੱਗ ਹੋਟਲ ਦੀ ਪਹਿਲੀ ਮੰਜ਼ਿਲ ਤੋਂ ਤੀਜੀ ਮੰਜ਼ਿਲ ਤੱਕ ਫੈਲੀ ਅਤੇ ਮੌਕੇ 'ਤੇ ਅੱਗ ਬੁਝਾਊ ਦਸਤੇ ਦੀਆਂ 8 ਗੱਡੀਆਂ ਪਹੁੰਚੀਆਂ। ਬੀ.ਐੱਮ.ਸੀ ਨੇ ਕੋਵਿਡ-19 ਮਹਾਮਾਰੀ ਕਾਰਨ ਸ਼ਹਿਰ ਦੇ ਵੱਖ-ਵੱਖ ਹੋਟਲਾਂ ਅਤੇ ਰਿਹਾਇਸ਼ (ਲਾਜ) 'ਚ ਡਾਕਟਰਾਂ ਅਤੇ ਨਰਸਾਂ ਸਮੇਤ ਐਮਰਜੰਸੀ ਸੇਵਾਵਾਂ 'ਚ ਲੱਗੇ ਕਰਮਚਾਰੀਆਂ ਲਈ ਅਸਥਾਈ ਰਿਹਾਇਸ਼ ਦਾ ਪ੍ਰਬੰਧ ਕੀਤਾ ਗਿਆ।
ਦੱਸਣਯੋਗ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੁੱਧਵਾਰ ਨੂੰ ਇਨ੍ਹਾਂ 40 ਡਾਕਟਰਾਂ 'ਚੋਂ 12 ਨਾਈਟ ਸ਼ਿਫਟ ਲਈ ਹਸਪਤਾਲ ਗਏ ਸੀ ਅਤੇ ਬਾਕੀ ਡਾਕਟਰ ਹੋਟਲਾਂ ਦੇ ਕਮਰਿਆਂ 'ਚ ਸੌਂ ਰਹੇ ਸੀ। ਰਾਤ ਲਗਭਗ 9 ਵਜੇ ਅਚਾਨਕ ਹੋਟਲ ਦੀ ਲਾਈਟ ਚਲੀ ਗਈ ਅਤੇ ਚਾਰੇ ਪਾਸੇ ਹਨ੍ਹੇਰਾ ਹੋ ਗਿਆ। ਹਨ੍ਹੇਰੇ 'ਚ ਕੁਝ ਡਾਕਟਰਾਂ ਦੀ ਨੀਂਦ ਖੁੱਲ੍ਹੀ ਅਤੇ ਉਨ੍ਹਾਂ ਨੇ ਹੋਟਲ 'ਚ ਧੂੰਆਂ ਦੇਖਿਆ, ਜਿਸ ਕਾਰਨ ਉੱਥੇ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ। ਇੰਨੇ ਨੂੰ ਪਤਾ ਲੱਦਾ ਕਿ ਹੋਟਲ 'ਚ ਅੱਗ ਲੱਗ ਗਈ ਹੈ। ਮੌਕੇ 'ਤੇ ਸਥਾਨਿਕ ਲੋਕਾਂ ਨੇ ਰੈਸਕਿਊ ਆਪਰੇਸ਼ਨ ਚਲਾਇਆ ਅਤੇ ਡਾਕਟਰਾਂ ਨੂੰ ਬਾਹਰ ਕੱਢਿਆ ਅਤੇ ਇਸ ਹਾਦਸੇ ਸਬੰਧੀ ਜਾਣਕਾਰੀ ਅੱਗ ਬੁਝਾਊ ਦਸਤੇ ਦਿੱਤੀ ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਜਿਸ ਹੋਟਲ 'ਚ ਅੱਗ ਬੁਝਾਉਣ ਦਾ ਕੋਈ ਪ੍ਰਬੰਧ ਨਹੀਂ ਉੱਥੇ ਉਨ੍ਹਾਂ ਨੂੰ ਕਿਉਂ ਰੱਖਿਆ ਗਿਆ।