ਅਰਨਬ ਗੋਸਵਾਮੀ ਖ਼ਿਲਾਫ਼ ਦਾਇਰ ਮਾਣਹਾਨੀ ਪਟੀਸ਼ਨ ਮੁੰਬਈ ਅਦਾਲਤ ਨੇ ਕੀਤੀ ਖਾਰਿਜ

Friday, Apr 09, 2021 - 05:10 PM (IST)

ਮੁੰਬਈ (ਭਾਸ਼ਾ) : ਮੁੰਬਈ ਦੀ ਇਕ ਅਦਾਲਤ ਨੇ ਇਕ ਟੀ. ਵੀ. ਨਿਊਜ਼ ਚੈਨਲ ਦੇ ਐਡੀਟਰ ਇਨ ਚੀਫ ਅਰਨਬ ਗੋਸਵਾਮੀ ਖ਼ਿਲਾਫ਼ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਦੀ ਕਵਰੇਜ ਦੌਰਾਨ ਕੀਤੇ ਗਏ ਦਾਅਵੇ ਨੂੰ ਲੈ ਕੇ ਪੁਲਸ ਅਧਿਕਾਰੀ ਵਲੋਂ ਦਾਖਲ ਮਾਣਹਾਨੀ ਪਟੀਸ਼ਨ ਖਾਰਿਜ ਕਰ ਦਿੱਤੀ ਹੈ। ਪੁਲਸ ਕਮਿਸ਼ਨਰ ਅਭਿਸ਼ੇਕ ਤ੍ਰਿਮੁਖੇ ਵਲੋਂ ਦਾਖਲ ਪਟੀਸ਼ਨ ਨੂੰ ਅਦਾਲਤ ਨੇ 1 ਅਪ੍ਰੈਲ ਨੂੰ ਖਾਰਿਜ ਕਰ ਦਿੱਤਾ ਸੀ ਪਰ ਇਸ ਸਬੰਧ ’ਚ ਵਿਸਥਾਰਤ ਹੁਕਮ ਸ਼ੁੱਕਰਵਾਰ ਨੂੰ ਮੁਹੱਈਆ ਕਰਵਾਇਆ।

ਤ੍ਰਿਮੁਖੇ ਦੀ ਪਟੀਸ਼ਨ ’ਚ ਏ. ਆਰ. ਜੀ. ਆਊਟਲੀਅਰ ਮੀਡੀਆ ਪ੍ਰਾਈਵੇਟ ਲਿਮਟਿਡ ’ਤੇ ਵੀ ਦੋਸ਼ ਲਾਏ ਗਏ ਸਨ। ਇਸ ਕੋਲ ਰਿਪਬਲਿਕ ਮੀਡੀਆ ਨੈੱਟਵਰਕ ਦਾ ਮਾਲਿਕਾਨਾ ਹੱਕ ਹੈ। ਪਟੀਸ਼ਨ ’ਚ ਦੋਸ਼ ਲਾਏ ਗਏ ਸਨ ਕਿ ਗੋਸਵਾਮੀ ਅਤੇ ਕੁਝ ਹੋਰ ਲੋਕਾਂ ਨੇ ਕੁਝ ਟਵੀਟ ਕੀਤੇ ਸਨ, ਜਿਨ੍ਹਾਂ ’ਚ ਤ੍ਰਿਮੁਖੇ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਸੀ। ਵਧੀਕ ਸੈਸ਼ਨ ਜੱਜ ਉਦੈ ਪਡਬਾਡ ਨੇ ਪਾਇਆ ਕਿ ਤ੍ਰਿਮੁਖੇ ਦੀ ਸ਼ਿਕਾਇਤ ਜ਼ਾਬਤਾ ਪ੍ਰਣਾਲੀ ਦੇ ਜ਼ਾਬਤੇ ਦੀ ਧਾਰਾ 199 (2) ਦੇ ਉਸ ਪ੍ਰਬੰਧ ਦੇ ਅਨੁਕੂਲ ਨਹੀਂ ਹੈ, ਜਿਸ ’ਤੇ ਅਦਾਲਤ ਨੋਟਿਸ ਲੈ ਸਕੇ। ਜੱਜ ਨੇ ਕਿਹਾ ਕਿ ਇਸ ਸਬੰਧ ’ਚ ਡੀ. ਸੀ. ਪੀ. ਨੇ ਪਟੀਸ਼ਨ ਖੁਦ ਹੀ ਦਾਖਲ ਕੀਤੀ ਹੈ ਤੇ ਇਸ ਨੂੰ ਸਰਕਾਰੀ ਵਕੀਲ ਰਾਹੀਂ ਦਾਖਲ ਨਹੀਂ ਕਰਾਇਆ ਗਿਆ।

ਜ਼ਾਬਤਾ ਪ੍ਰਣਾਲੀ ਦੇ ਜ਼ਾਬਤੇ ਦੀ ਧਾਰਾ 199 (2) ਦਾ ਇਹ ਪ੍ਰਬੰਧ ਕਿਸੇ ਲੋਕ ਸੇਵਕ ਦੇ ਜਨਤਕ ਕੰਮ ਦੇ ਪ੍ਰਦਰਸ਼ਨ ’ਚ ਕਥਿਤ ਤੌਰ ’ਤੇ ਰੁਕਾਵਟ ਪਾਉਣ ਦੇ ਸਬੰਧ ਹੈ, ਜਿਸ ’ਚ ਲੋਕ ਇਸਤਗਾਸਾ ਵੱਲੋਂ ਲਿਖਿਤ ਸ਼ਿਕਾਇਤ ਦਰਜ ਕਰਾਉਣ ’ਤੇ ਸੈਸ਼ਨ ਅਦਾਲਤ ਅਜਿਹੇ ਅਪਰਾਧ ਦਾ ਨੋਟਿਸ ਲੈ ਸਕਦੀ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਆਪਣੀ ਸ਼ਿਕਾਇਤ ਨੂੰ ਮੈਜਿਸਟ੍ਰੇਟ ਦੀ ਅਦਾਲਤ ’ਚ ਲਿਜਾ ਸਕਦਾ ਹੈ। ਪੁਲਸ ਅਧਿਕਾਰੀ ਨੇ ਆਪਣੀ ਪਟੀਸ਼ਨ ’ਚ ਕਿਹਾ ਸੀ ਕਿ ਗੋਸਵਾਮੀ ਨੇ ਪਿਛਲੇ ਸਾਲ ਜੂਨ ’ਚ ਰਾਜਪੂਤ ਦੀ ਮੌਤ ਮਾਮਲੇ ਦੀ ਕਵਰੇਜ ਦੌਰਾਨ ‘ਇਕਦਮ ਝੂਠੇ’ਤੇ ‘ਮਾਣਹਾਨੀ’ ਕਰਨ ਵਾਲੇ ਬਿਆਨ ਦਿੱਤੇ ਸਨ। ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਮਾਣਹਾਨੀ ਕਰਨ ਵਾਲੇ ਇਹ ਬਿਆਨ ਰਾਜਪੂਤ ਦੀ ਦੋਸਤ ਅਤੇ ਅਦਾਕਾਰਾ ਰੀਆ ਚੱਕਰਵਰਤੀ ਦੇ ਫੋਨ ਰਿਕਾਰਡ ’ਤੇ ਚਰਚਾ ਦੌਰਾਨ ਇਕ ਟੀ. ਵੀ. ਨਿਊਜ਼ ਚੈਨਲ ’ਤੇ ਪ੍ਰਸਾਰਿਤ ਕੀਤੇ ਗਏ ਸਨ।


Anuradha

Content Editor

Related News