ਤਨਖਾਹ ਦੇ ਮਾਮਲੇ ''ਚ ਲੰਡਨ ਤੇ ਨਿਊਯਾਰਕ ਤੋਂ ਵੀ ਅੱਗੇ ਨਿਕਲਿਆ ਮੁੰਬਈ
Tuesday, Feb 27, 2018 - 10:45 PM (IST)

ਮੁੰਬਈ— ਮੁੰਬਈ ਇਕ ਅਜਿਹਾ ਸ਼ਹਿਰ ਹੈ, ਜਿਥੇ ਹਰ ਕੋਈ ਵੱਡੇ-ਵੱਡੇ ਸੁਪਨੇ ਲੈ ਕੇ ਆਉਂਦਾ ਹੈ ਤੇ ਉਨ੍ਹਾਂ ਨੂੰ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰਦਾ ਹੈ। ਮੁੰਬਈ 'ਚ ਜਿਥੇ ਦੇਸ਼ ਦੇ ਕੋਨੇ-ਕੋਨੇ ਤੋਂ ਲੋਕ ਕਮਾਉਣ ਲਈ ਆਉਂਦੇ ਹਨ, ਉਥੇ ਹੀ ਇਹ ਮੋਟੀ ਤਨਖਾਹ ਲਈ ਵਿਦੇਸ਼ੀਆਂ ਦੀ ਪਹਿਲੀ ਪਸੰਦ ਬਣ ਗਿਆ ਹੈ। ਇਕ ਰਿਪੋਰਟ ਮੁਤਾਬਕ ਮੁੰਬਈ ਵਿਦੇਸ਼ੀਆਂ ਨੂੰ ਮਿਲਣ ਵਾਲੀ ਤਨਖਾਹ ਦੇ ਮਾਮਲੇ 'ਚ ਟਾਪ 'ਤੇ ਹੈ।
ਹਾਲ ਹੀ 'ਚ ਐੱਚ.ਐੱਸ.ਬੀ.ਸੀ. ਬੈਂਕ ਇੰਟਰਨੈਸ਼ਨਲ ਦੇ ਇਕ ਸਰਵੇ ਮੁਤਾਬਕ ਮੁੰਬਈ 'ਚ ਕੰਮ ਕਰਨ ਵਾਲੇ ਵਿਦੇਸ਼ੀਆਂ ਦੀ ਸਲਾਨਾ ਕਮਾਈ 2.17 ਲੱਖ ਡਾਲਰ ਯਾਨੀ 1.40 ਕਰੋੜ ਰੁਪਏ ਹੈ। ਇਸ ਕਮਾਈ ਦਾ ਅੰਕੜਾ ਗਲੋਬਲ ਐਕਸਪੈਟ ਐਵਰੇਜ ਤੋਂ ਦੁਗਣਾ ਹੈ। ਰਿਪੋਰਟ 'ਚ ਟਾਪ-10 ਐਕਸਪਰਟ ਸ਼ਹਿਰਾਂ 'ਚ ਸ਼ੰਘਾਈ, ਜਕਾਰਤਾ ਤੇ ਹਾਂਗਕਾਂਗ ਵਰਗੇ ਹੋਰ ਏਸ਼ੀਆਈ ਦੇਸ਼ ਸ਼ਾਮਲ ਹਨ। ਰਿਪੋਰਟ ਮੁਤਾਬਕ ਏਸ਼ੀਆ 'ਚ ਕੰਮ ਕਰਨ ਵਾਲੇ ਵਿਦੇਸ਼ੀਆਂ ਨੂੰ ਫਾਇਨੈਂਸ਼ਲੀ ਸਪੋਰਟ ਕੀਤਾ ਜਾਂਦਾ ਹੈ, ਜਿਸ 'ਚ ਮੁੰਬਈ ਸ਼ਾਮਲ ਹੈ। ਐੱਚ.ਐੱਸ.ਬੀ.ਸੀ. ਦੀ ਰਿਪੋਰਟ ਦੇ ਮੁਤਾਬਕ 1.8 ਕਰੋੜ ਤੋਂ ਜ਼ਿਆਦਾ ਜਨਸੰਖਿਆ ਵਾਲੇ ਸ਼ਹਿਰ ਮੁੰਬਈ 'ਚ ਰੁਜ਼ਗਾਰ ਦੇ ਮੌਕੇ ਅਮਰੀਕਾ ਤੇ ਯੂਕੇ ਦੇ ਕਈ ਸ਼ਹਿਰਾਂ ਜਿਵੇਂ ਕਿ ਲੰਡਨ, ਸਾਨ ਫ੍ਰਾਂਸਿਸਕੋ ਤੇ ਨਿਊਯਾਰਕ ਨਾਲੋਂ ਘੱਟ ਹਨ। ਦੱਸਣਯੋਗ ਹੈ ਕਿ ਪਹਿਲਾਂ ਐਕਸਪੈਟ ਸੈਲਰੀ ਦੇ ਮਾਮਲੇ 'ਚ ਸਵਿਟਜ਼ਰਲੈਂਡ ਟਾਪ 'ਤੇ ਸੀ।