ਮੁੰਬਈ: ਸਮੁੰਦਰ ''ਚ ਕਿਸ਼ਤੀ ਡੁੱਬੀ, 2 ਮਛੇਰੇ ਲਾਪਤਾ
Tuesday, Aug 04, 2020 - 06:31 PM (IST)
ਮੁੰਬਈ (ਭਾਸ਼ਾ)— ਉੱਤਰੀ ਮੁੰਬਈ ਦੇ ਗੋਰਈ ਬੀਚ ਤੋਂ 12 ਕਿਲੋਮੀਟਰ ਦੂਰ ਸਮੁੰਦਰ ਵਿਚ ਇਕ ਕਿਸ਼ਤੀ ਡੁੱਬ ਗਈ, ਜਿਸ 'ਚ ਸਵਾਰ 2 ਮਛੇਰੇ ਲਾਪਤਾ ਹਨ, ਜਦਕਿ 11 ਹੋਰਨਾਂ ਨੂੰ ਬਚਾ ਲਿਆ ਗਿਆ ਹੈ। ਗੋਰਈ ਪੁਲਸ ਥਾਣੇ ਦੇ ਅਧਿਕਾਰੀ ਨੇ ਦੱਸਿਆ ਕਿ ਡੁੱਬੀ ਕਿਸ਼ਤੀ ਦਾ ਨਾ 'ਲੱਕੀ ਸਟਾਟ' ਹੈ ਅਤੇ ਉਸ 'ਚ 13 ਮਛੇਰੇ ਸਵਾਰ ਸਨ। ਹਾਦਸੇ ਦੇ ਸਮੇਂ ਇਲਾਕੇ ਵਿਚ ਭਾਰੀ ਮੀਂਹ ਪੈ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਨੇੜੇ ਮੌਜੂਦ ਇਕ ਹੋਰ ਕਿਸ਼ਤੀ 'ਤੇ ਸਵਾਰ ਲੋਕ ਪਾਣੀ 'ਚ ਛਾਲ ਮਾਰ ਕੇ 13 'ਚੋਂ 11 ਲੋਕਾਂ ਨੂੰ ਬਚਾਉਣ ਵਿਚ ਸਫਲ ਹੋਏ ਪਰ ਦੋ ਲੋਕ ਅਜੇ ਵੀ ਲਾਪਤਾ ਹਨ। ਉਨ੍ਹਾਂ ਦੀ ਭਾਲ ਲਈ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ।
ਅਜੇ ਤੱਕ ਕਿਸ਼ਤੀ ਦਾ ਪਤਾ ਨਹੀਂ ਲੱਗਿਆ ਹੈ। ਗੋਰਈ ਥਾਣੇ ਦੇ ਸੀਨੀਅਰ ਇੰਸਪੈਕਟਰ ਸੰਜੇ ਨਾਰਕਰ, ਮੁੰਬਈ ਮਹਾਨਗਰ ਪਾਲਿਕਾ ਦਾ ਆਫ਼ਤ ਪ੍ਰਬੰਧਨ ਮਹਿਕਮਾ, ਅੱਗ ਬੁਝਾਊ ਦਸਤਾ ਅਤੇ ਪੁਲਸ ਮੁਲਾਜ਼ਮ ਬਚਾਅ ਮੁਹਿੰਮ ਵਿਚ ਜੁੱਟੇ ਹੋਏ ਹਨ। ਜ਼ਿਕਰਯੋਗ ਹੈ ਕਿ ਕਿਸ਼ਤੀ ਸ਼ਨੀਵਾਰ ਨੂੰ ਸਮੁੰਦਰ ਵਿਚ ਇਕ ਹਫ਼ਤੇ ਦੀ ਤਿਆਰੀ ਨਾਲ ਗਈ ਸੀ ਪਰ ਮੰਗਲਵਾਰ ਨੂੰ ਤੱਟ 'ਤੇ ਵਾਪਸ ਪਰਤ ਰਹੀ ਸੀ ਪਰ ਹਾਦਸੇ ਦਾ ਸ਼ਿਕਾਰ ਹੋ ਗਈ।