ਜਲੰਧਰ ''ਚ CIA ਸਟਾਫ਼ ਕਰੋੜਾਂ ਦੀ ਹੈਰੋਇਨ ਤੇ ਡਰੱਗ ਮਨੀ ਸਮੇਤ 2 ਤਸਕਰ ਗ੍ਰਿਫ਼ਤਾਰ
Saturday, Sep 12, 2026 - 04:59 PM (IST)
ਜਲੰਧਰ (ਸੋਨੂੰ)- ਕਮਿਸ਼ਨਰੇਟ ਪੁਲਸ ਜਲੰਧਰ ਨੇ ਨਸ਼ਾ ਤਸਕਰੀ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ 5 ਕਿੱਲੋ ਹੈਰੋਇਨ ਅਤੇ 1.50 ਲੱਖ ਰੁਪਏ ਦੀ ਡਰੱਗ ਮਨੀ ਸਮੇਤ 2 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਫਿਲੌਰ ਦੇ ਰਹਿਣ ਵਾਲੇ ਦਿਲਪ੍ਰੀਤ ਸਿੰਘ ਅਤੇ ਕਮਲਦੀਪ ਸਿੰਘ ਵਜੋਂ ਹੋਈ ਹੈ। ਪੁਲਸ ਕਮਿਸ਼ਨਰ ਸਤਿੰਦਰ ਸਿੰਘ ਨੇ ਦੱਸਿਆ ਕਿ CIA ਸਟਾਫ਼ ਨੂੰ ਸੂਚਨਾ ਮਿਲੀ ਸੀ ਕਿ ਦੋ ਤਸਕਰ ਸ਼ਹਿਰ 'ਚ ਨਸ਼ੇ ਦੀ ਖੇਪ ਪਹੁੰਚਾਉਣ ਆ ਰਹੇ ਹਨ। ਇਸ ਸੂਚਨਾ ਦੇ ਆਧਾਰ 'ਤੇ ਪੁਲਸ ਟੀਮ ਨੇ ਕੋਟ ਕਲਾਂ ਚੌਂਕ ਨੇੜੇ ਪਟਵਾਰੀ ਢਾਬੇ ਕੋਲ ਜਾਲ ਵਿਛਾ ਕੇ ਦੋਵਾਂ ਸ਼ੱਕੀਆਂ ਨੂੰ ਕਾਬੂ ਕੀਤਾ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡਾ ਐਨਕਾਊਂਟਰ! ਪੁਲਸ ਦੇ ਬਦਮਾਸ਼ ਵਿਚਾਲੇ ਚੱਲੀਆਂ ਗੋਲ਼ੀਆਂ
ਤਲਾਸ਼ੀ ਦੌਰਾਨ ਹੋਈ ਬਰਾਮਦਗੀ
ਤਲਾਸ਼ੀ ਲੈਣ 'ਤੇ ਦਿਲਪ੍ਰੀਤ ਸਿੰਘ ਕੋਲੋਂ ਢਾਈ ਕਿੱਲੋ ਹੈਰੋਇਨ ਅਤੇ 80 ਹਜ਼ਾਰ ਰੁਪਏ ਅਤੇ ਕਮਲਦੀਪ ਸਿੰਘ ਕੋਲੋਂ ਢਾਈ ਕਿੱਲੋ ਹੈਰੋਇਨ ਤੇ 70 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਪੁਲਸ ਮੁਤਾਬਕ ਦੋਵੇਂ ਮੁਲਜ਼ਮ ਖੇਪ ਦੀ ਸਪਲਾਈ ਲਈ ਗਾਹਕ ਦਾ ਇੰਤਜ਼ਾਰ ਕਰ ਰਹੇ ਸਨ।
ਪਹਿਲਾਂ ਵੀ ਕਰ ਚੁੱਕੇ ਹਨ ਨਸ਼ੇ ਦੀ ਸਪਲਾਈ
ਜਾਂਚ ਦੌਰਾਨ ਪਤਾ ਲੱਗਾ ਹੈ ਕਿ ਮੁਲਜ਼ਮ ਪਹਿਲਾਂ ਵੀ ਨਸ਼ਾ ਸਪਲਾਈ ਕਰ ਚੁੱਕੇ ਹਨ ਅਤੇ ਇਹ ਦੂਜੀ ਵਾਰ ਖੇਪ ਲੈ ਕੇ ਆਏ ਸਨ। ਦੋਵੇਂ ਮੁਲਜ਼ਮ ਜਿਸ ਕਾਰ 'ਚ ਆਏ ਸਨ, ਉਸ ਨੂੰ ਘਟਨਾ ਸਥਾਨ ਤੋਂ ਕੁਝ ਦੂਰੀ 'ਤੇ ਖੜ੍ਹਾ ਕੀਤਾ ਗਿਆ ਸੀ, ਜਿਸ ਨੂੰ ਪੁਲਸ ਨੇ ਗੱਡੀ ਅਤੇ ਚਾਲਕ ਸਮੇਤ ਟਰੈਕ ਕਰ ਲਿਆ ਹੈ।
ਇਹ ਵੀ ਪੜ੍ਹੋ: ਹੌਂਸਲੇ ਨੂੰ ਸਲਾਮ! 72 ਸਾਲ ਦੀ ਉਮਰ 'ਚ ਵੀ ਦੌੜ ਦਾ ਜਜ਼ਬਾ ਕਾਇਮ, ਮੋਹਨ ਸਿੰਘ ਨੇ ਜਿੱਤੇ ਦੋ ਤਮਗੇ
ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ
ਇਸ ਮਾਮਲੇ ਵਿੱਚ ਦੋ ਹੋਰ ਵਿਅਕਤੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ, ਜੋ ਫਿਲਹਾਲ ਫਰਾਰ ਹਨ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ। ਥਾਣਾ ਕੈਂਟ ਵਿਖੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰਕੇ ਗ੍ਰਿਫ਼ਤਾਰ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
