ਮੁੰਬਈ ’ਚ ਪਹਿਲੀ ਵਾਰ ਭਾਜਪਾ ਦਾ ਮੇਅਰ, 30 ਸਾਲ ਬਾਅਦ ਠਾਕਰੇ ਪਰਿਵਾਰ ਸੱਤਾ ਤੋਂ ਬਾਹਰ
Saturday, Jan 17, 2026 - 10:07 AM (IST)
ਮੁੰਬਈ- ਅਣਵੰਡੀ ਸ਼ਿਵ ਸੈਨਾ ਦੇ ਲੱਗਭਗ 3 ਦਹਾਕੇ ਪੁਰਾਣੇ ਦਬਦਬੇ ਨੂੰ ਖ਼ਤਮ ਕਰਦਿਆਂ ਭਾਰਤੀ ਜਨਤਾ ਪਾਰਟੀ (ਭਾਜਪਾ) ਸ਼ੁੱਕਰਵਾਰ ਨੂੰ ਬ੍ਰਿਹਨਮੁੰਬਈ ਮਿਊਂਸੀਪਲ ਕਾਰਪੋਰੇਸ਼ਨ (ਬੀ. ਐੱਮ. ਸੀ.) ਚੋਣਾਂ ’ਚ ਸਭ ਤੋਂ ਵੱਡੀ ਪਾਰਟੀ ਵਜੋਂ ਉੱਭਰੀ ਹੈ ਅਤੇ ਪੁਣੇ ’ਚ ਵੀ ਜੇਤੂ ਰਹੀ, ਜਿੱਥੇ ਉਸ ਨੇ ਸ਼ਰਦ ਪਵਾਰ ਅਤੇ ਅਜੀਤ ਪਵਾਰ ਦੀ ਅਗਵਾਈ ਵਾਲੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਦੇ ਧੜਿਆਂ ਦੇ ਗਠਜੋੜ ਨੂੰ ਕਰਾਰੀ ਹਾਰ ਦਿੱਤੀ।
ਮੁੰਬਈ ਦੇ ਸਾਰੇ 227 ਵਾਰਡਾਂ ਦੇ ਚੋਣ ਨਤੀਜੇ ਅੱਧੀ ਰਾਤ ਦੇ ਕਰੀਬ ਐਲਾਨੇ ਗਏ। ਭਾਜਪਾ ਨੇ 89 ਸੀਟਾਂ ਜਿੱਤੀਆਂ ਅਤੇ ਉਸਦੀ ਸਹਿਯੋਗੀ ਸ਼ਿਵ ਸੈਨਾ ਨੇ 29 ਸੀਟਾਂ ਆਪਣੇ ਨਾਂ ਕੀਤੀਆਂ, ਜਦੋਂ ਕਿ ਸ਼ਿਵ ਸੈਨਾ (ਯੂ. ਬੀ. ਟੀ.) ਨੂੰ 65 ਅਤੇ ਮਹਾਰਾਸ਼ਟਰ ਨਵਨਿਰਮਾਣ ਸੈਨਾ (ਮਨਸੇ) ਨੂੰ 6 ਸੀਟਾਂ ਮਿਲੀਆਂ। ਵੰਚਿਤ ਬਹੁਜਨ ਅਗਾੜੀ ਨਾਲ ਗਠਜੋੜ ’ਚ ਚੋਣ ਲੜਨ ਵਾਲੀ ਕਾਂਗਰਸ ਨੂੰ 24 ਸੀਟਾਂ, ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏ. ਆਈ. ਐੱਮ. ਆਈ. ਐੱਮ.) ਨੂੰ 8, ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਨੂੰ 3, ਸਮਾਜਵਾਦੀ ਪਾਰਟੀ ਨੂੰ 2 ਅਤੇ ਰਾਕਾਂਪਾ (ਸ਼ਰਦ ਪਵਾਰ ਧੜੇ) ਨੂੰ ਸਿਰਫ਼ 1 ਸੀਟ ਮਿਲੀ।
ਭਾਜਪਾ ਆਪਣੇ 45 ਸਾਲ ਦੇ ਇਤਿਹਾਸ ’ਚ ਪਹਿਲੀ ਵਾਰ ਮੁੰਬਈ ਵਿਚ ਆਪਣਾ ਮੇਅਰ ਬਣਾਏਗੀ। ਆਜ਼ਾਦੀ ਤੋਂ ਬਾਅਦ 77 ਸਾਲਾਂ ਤੋਂ ਮੁੰਬਈ ਨਗਰ ਨਿਗਮ ’ਤੇ ਕਾਂਗਰਸ ਅਤੇ ਸ਼ਿਵ ਸੈਨਾ ਦਾ ਹੀ ਕਬਜ਼ਾ ਰਿਹਾ ਹੈ। 1947 ਤੋਂ 1967 ਤੱਕ ਮਤਲਬ 20 ਸਾਲ ਤੱਕ ਕਾਂਗਰਸ ਦਾ ਮੇਅਰ ਰਿਹਾ। ਉਥੇ ਹੀ 1992 ਤੋਂ ਲੈ ਕੇ 2022 ਤੱਕ ਮਤਲਬ 30 ਸਾਲਾਂ ਤੱਕ ਮੇਅਰ ਦੀ ਕੁਰਸੀ ’ਤੇ ਸ਼ਿਵ ਸੈਨਾ ਕਾਬਜ਼ ਰਹੀ। 1980 ’ਚ ਪਾਰਟੀ ਦੇ ਗਠਨ ਤੋਂ ਬਾਅਦ ਭਾਜਪਾ ਨੇ 1992 ਤੋਂ 2017 ਤੱਕ ਮੁੰਬਈ ’ਚ ਸ਼ਿਵ ਸੈਨਾ ਨੂੰ ਸਮਰਥਨ ਦਿੱਤਾ ਸੀ। ਮੁੰਬਈ ਦੇ ਮੇਅਰ ਦਾ ਅਹੁਦਾ ਸੰਭਾਲਣ ਵਾਲੀ ਆਖਰੀ ਸ਼ਖਸ ਸ਼ਿਵ ਸੈਨਾ ਦੀ ਕਿਸ਼ੋਰੀ ਪੇਡਨੇਕਰ ਸੀ, ਜਿਨ੍ਹਾਂ ਨੇ 22 ਨਵੰਬਰ 2019 ਤੋਂ 8 ਮਾਰਚ 2022 ਤੱਕ ਇਹ ਅਹੁਦਾ ਸੰਭਾਲਿਆ ਸੀ। ਹਾਲਾਂਕਿ ਉਦੋਂ ਸ਼ਿਵ ਸੈਨਾ ’ਚ ਵੰਡ ਨਹੀਂ ਹੋਈ ਸੀ। ਉਸ ਤੋਂ ਬਾਅਦ ਇਹ ਅਹੁਦਾ ਖਾਲੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
