ਰਾਜਪਾਲ ਯਾਦਵ ਦੀਆਂ ਵਧੀਆਂ ਮੁਸ਼ਕਲਾਂ! 30 ਦਿਨਾਂ ਬਾਅਦ ਫਿਰ ਜਾਣਾ ਪਵੇਗਾ ਜੇਲ੍ਹ
Wednesday, Feb 18, 2026 - 12:13 PM (IST)
ਨਵੀਂ ਦਿੱਲੀ - ਮਸ਼ਹੂਰ ਬਾਲੀਵੁੱਡ ਅਦਾਕਾਰ ਰਾਜਪਾਲ ਯਾਦਵ 17 ਫਰਵਰੀ ਦੀ ਸ਼ਾਮ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਰਿਹਾਅ ਹੋ ਗਏ ਹਨ। ਉਨ੍ਹਾਂ ਨੂੰ ਇਹ ਰਾਹਤ ਚੈੱਕ ਬਾਊਂਸ ਦੇ ਇਕ ਮਾਮਲੇ 'ਚ ਮਿਲੀ ਹੈ, ਜਿਸ 'ਚ ਅਦਾਲਤ ਨੇ ਕੁਝ ਸ਼ਰਤਾਂ ਦੇ ਨਾਲ ਉਨ੍ਹਾਂ ਨੂੰ ਅੰਤਰਿਮ ਜ਼ਮਾਨਤ ਦਿੱਤੀ ਹੈ।
ਇਹ ਮਾਮਲਾ ਸਾਲ 2010 ਦਾ ਹੈ, ਜਦੋਂ ਰਾਜਪਾਲ ਯਾਦਵ ਨੇ 'ਅਤਾ ਪਤਾ ਲਾਪਤਾ' ਨਾਮ ਦੀ ਫਿਲਮ ਬਣਾਉਣ ਲਈ ਕਰਜ਼ਾ ਲਿਆ ਸੀ। ਫਿਲਮ ਦੇ ਫਲਾਪ ਹੋਣ ਕਾਰਨ ਉਹ ਵਾਅਦੇ ਮੁਤਾਬਕ ਪੈਸੇ ਨਹੀਂ ਮੋੜ ਸਕੇ, ਜਿਸ ਕਾਰਨ ਇਹ ਵਿਵਾਦ ਵਧਦਾ ਗਿਆ। ਇਸ ਮਾਮਲੇ 'ਚ ਉਨ੍ਹਾਂ ਨੇ 5 ਫਰਵਰੀ ਨੂੰ ਅਦਾਲਤ 'ਚ ਸਰੈਂਡਰ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਸੀ।
ਅਦਾਲਤ ਨੇ ਰਾਜਪਾਲ ਯਾਦਵ ਨੂੰ 18 ਮਾਰਚ ਤੱਕ ਦੀ ਅੰਤਰਿਮ ਜ਼ਮਾਨਤ ਦਿੱਤੀ ਹੈ। ਇਹ ਰਿਹਾਈ ਖਾਸ ਤੌਰ 'ਤੇ 19 ਫਰਵਰੀ ਨੂੰ ਸ਼ਾਹਜਹਾਂਪੁਰ 'ਚ ਉਨ੍ਹਾਂ ਦੀ ਭਤੀਜੀ ਦੇ ਵਿਆਹ 'ਚ ਸ਼ਾਮਲ ਹੋਣ ਲਈ ਦਿੱਤੀ ਗਈ ਹੈ। ਜ਼ਮਾਨਤ ਲਈ ਉਨ੍ਹਾਂ ਨੇ ਡੇਢ ਕਰੋੜ ਰੁਪਏ ਦਾ ਡਿਮਾਂਡ ਡਰਾਫਟ ਜਮ੍ਹਾ ਕਰਵਾਇਆ ਹੈ। ਅਦਾਲਤ ਨੇ ਉਨ੍ਹਾਂ ਨੂੰ ਆਪਣਾ ਪਾਸਪੋਰਟ ਸਰੈਂਡਰ ਕਰਨ ਦਾ ਵੀ ਹੁਕਮ ਦਿੱਤਾ ਹੈ ਅਤੇ ਉਹ ਬਿਨਾਂ ਇਜਾਜ਼ਤ ਦੇਸ਼ ਤੋਂ ਬਾਹਰ ਨਹੀਂ ਜਾ ਸਕਦੇ। ਜੇਕਰ ਅਦਾਕਾਰ 18 ਮਾਰਚ ਤੱਕ ਪੂਰੀ ਰਕਮ ਚੁਕਾ ਦਿੰਦੇ ਹਨ, ਤਾਂ ਉਨ੍ਹਾਂ ਨੂੰ ਪੱਕੀ ਰਿਹਾਈ ਮਿਲ ਸਕਦੀ ਹੈ।
ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਰਾਜਪਾਲ ਯਾਦਵ ਕਾਫ਼ੀ ਭਾਵੁਕ ਨਜ਼ਰ ਆਏ। ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਬਾਲੀਵੁੱਡ ਅਤੇ ਆਪਣੇ ਪ੍ਰਸ਼ੰਸਕਾਂ ਦਾ ਪੂਰਾ ਸਮਰਥਨ ਹਾਸਲ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਪਿਛਲੇ 27 ਸਾਲਾਂ ਤੋਂ ਫਿਲਮ ਇੰਡਸਟਰੀ 'ਚ ਹਨ ਅਤੇ ਹੁਣ ਤੱਕ 200-250 ਫਿਲਮਾਂ ਕਰ ਚੁੱਕੇ ਹਨ। ਉਨ੍ਹਾਂ ਨੇ ਇਹ ਵੀ ਸਪੱਸ਼ਟ ਕੀਤਾ ਕਿ ਅਦਾਲਤ ਜਦੋਂ ਵੀ ਉਨ੍ਹਾਂ ਨੂੰ ਬੁਲਾਏਗੀ, ਉਹ ਪੇਸ਼ ਹੋਣਗੇ। ਫਿਲਹਾਲ ਇਸ ਮਾਮਲੇ ਦੀ ਅਗਲੀ ਸੁਣਵਾਈ 18 ਮਾਰਚ ਨੂੰ ਹੋਵੇਗੀ।
