ਯਾਤਰੀਆਂ ਨਾਲ ਭਰੀ ਬੱਸ ਨਦੀ ’ਚ ਡਿੱਗੀ, ਮਾਸੂਮ ਬੱਚੇ ਸਮੇਤ 3 ਦੀ ਮੌਤ, 28 ਜ਼ਖਮੀ
Sunday, Jan 02, 2022 - 12:38 PM (IST)
ਅਲੀਰਾਜਪੁਰ (ਭਾਸ਼ਾ)— ਮੱਧ ਪ੍ਰਦੇਸ਼ ਦੇ ਅਲੀਰਾਜਪੁਰ ਜ਼ਿਲ੍ਹੇ ਵਿਚ ਅੱਜ ਯਾਨੀ ਕਿ ਐਤਵਾਰ ਸਵੇਰੇ ਇਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਦਰਅਸਲ ਯਾਤਰੀਆਂ ਨਾਲ ਭਰੀ ਬੱਸ ਨਦੀ ’ਚ ਡਿੱਗ ਗਈ, ਜਿਸ ਕਾਰਨ ਇਕ ਮਾਸੂਮ ਬੱਚੇ ਸਮੇਤ 3 ਲੋਕਾਂ ਦੀ ਮੌਤ ਹੋ ਗਈ ਅਤੇ 28 ਹੋਰ ਜ਼ਖਮੀ ਹੋ ਗਏ। ਪੁਲਸ ਇੰਸਪੈਕਟਰ ਮਨੋਜ ਕੁਮਾਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਅਲੀਰਾਜਪੁਰ ਜ਼ਿਲ੍ਹਾ ਹੈੱਡਕੁਆਰਟਰ ਤੋਂ ਕਰੀਬ 15 ਕਿਲੋਮੀਟਰ ਦੂਰ ਗੁਜਰਾਤ ਸਰਹੱਦ ਨਾਲ ਲੱਗਦੇ ਚਾਂਦਪੁਰ ’ਚ ਵਾਪਰਿਆ।
ਇਹ ਵੀ ਪੜ੍ਹੋ : ਮਾਤਾ ਵੈਸ਼ਨੋ ਦੇਵੀ ’ਚ ਵਾਪਰੀ ਭੱਜ-ਦੌੜ ਦੀ ਘਟਨਾ: ਮ੍ਰਿਤਕਾਂ ’ਚੋਂ 8 ਲੋਕਾਂ ਦੀ ਹੋਈ ਪਛਾਣ
ਪੁਲਸ ਮੁਤਾਬਕ ਇਕ ਪ੍ਰਾਈਵੇਟ ਬੱਸ ਗੁਜਰਾਤ ਦੇ ਛੋਟਾ ਉਦੈਪੁਰ ਤੋਂ ਅਲੀਰਾਜਪੁਰ ਆ ਰਹੀ ਸੀ, ਉਸ ਦੌਰਾਨ ਬੱਸ ਮੇਲਖੋਦਰਾ ਨਦੀ ’ਤੇ ਬਣੇ ਪੁਲ ਤੋਂ ਹੇਠਾਂ ਜਾ ਡਿੱਗੀ। ਇਸ ਹਾਦਸੇ ਵਿਚ ਕੈਲਾਸ਼ ਮੈਡਾ (48), ਉਨ੍ਹਾਂ ਦੀ ਪਤੀ ਮੀਰਾਬਾਈ (46) ਅਤੇ 1 ਸਾਲ ਦੇ ਬੱਚੇ ਦੀ ਮੌਤ ਹੋ ਗਈ। ਹਾਦਸੇ ਵਿਚ ਜ਼ਖਮੀ 28 ਲੋਕਾਂ ਨੂੰ ਜ਼ਿਲ੍ਹਾ ਹਸਪਤਾਲ ਅਲੀਰਾਜਪੁਰ ’ਚ ਦਾਖ਼ਲ ਕਰਵਾਇਆ ਗਿਆ ਹੈ। ਚਾਂਦਪੁਰ ਪੁਲਸ ਨੇ ਮਾਮਲਾ ਦਰਜ ਕਰ ਕੇ ਵਿਸਥਾਰਪੂਰਵਕ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਇੰਸਪੈਕਟਰ ਨਾਲ ਮੌਕੇ ’ਤੇ ਪਹੁੰਚੇ ਜ਼ਿਲ੍ਹਾ ਅਧਿਕਾਰੀ ਮਨੋਜ ਪੁਸ਼ਪ ਨੇ ਦੱਸਿਆ ਕਿ ਜ਼ਖਮੀਆਂ ਦੇ ਇਲਾਜ ਦੇ ਆਦੇਸ਼ ਡਾਕਟਰਾਂ ਨੂੰ ਦਿੱਤੇ ਗਏ ਹਨ।
ਇਹ ਵੀ ਪੜ੍ਹੋ : ਮਾਤਾ ਵੈਸ਼ਨੋ ਦੇਵੀ ’ਚ ਮਚੀ ਭੱਜ-ਦੌੜ; 12 ਦੀ ਮੌਤ, ਇਨ੍ਹਾਂ ਨੰਬਰਾਂ ’ਤੇ ਕਾਲ ਕਰ ਕੇ ਲਓ ਆਪਣਿਆਂ ਦੀ ਜਾਣਕਾਰੀ
ਦੱਸ ਦੇਈਏ ਕਿ ਨਵੇਂ ਸਾਲ ਦੀ ਸ਼ੁਰੂਆਤ ਜੰਮੂ-ਕਸ਼ਮੀਰ ਸਥਿਤ ਕਟੜਾ ਵਿਚ ਮਾਤਾ ਵੈਸ਼ਨੋ ਦੇਵੀ ਭਵਨ ’ਚ ਭਾਜੜ ਨਾਲ ਹੋਈ, ਜਿਸ ’ਚ 12 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਸਾਲ ਦੇ ਪਹਿਲੇ ਦਿਨ ਹੀ ਸ਼ਨੀਵਾਰ ਨੂੰ ਹਰਿਆਣਾ ’ਚ ਪਹਾੜ ਖਿਸਕਣ ਦੀ ਦਰਦਨਾਕ ਘਟਨਾ ਵਾਪਰੀ, ਜਿਸ ’ਚ 4 ਲੋਕਾਂ ਦੀ ਮੌਤ ਹੋ ਗਈ। ਅੱਜ 2 ਜਨਵਰੀ ਨੂੰ ਮੱਧ ਪ੍ਰਦੇਸ਼ ’ਚ ਬੱਸ ਨਦੀ ’ਚ ਡਿੱਗ ਗਈ। ਕਿਹਾ ਜਾ ਸਕਦਾ ਹੈ ਕਿ ਸਾਲ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਹੈ।
ਇਹ ਵੀ ਪੜ੍ਹੋ : ਹਰਿਆਣਾ ’ਚ ਵਾਪਰਿਆ ਵੱਡਾ ਹਾਦਸਾ, ਪਹਾੜ ਖਿਸਕਣ ਨਾਲ ਦਰਜਨਾਂ ਵਾਹਨਾਂ ਸਮੇਤ ਕਈ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ