ਜੀਹਦਾ 11 ਸਾਲ ਪਹਿਲਾਂ ਕੀਤਾ ਸੀ ਸ਼ਰਾਧ, ਹੁਣ ਘਰ ਮੁੜ ਆਈ ਉਹੀ ਮਾਂ ! DJ ਨਾਲ ਕੀਤਾ ਗਿਆ ਸੁਆਗਤ

Monday, Mar 23, 2026 - 09:58 AM (IST)

ਜੀਹਦਾ 11 ਸਾਲ ਪਹਿਲਾਂ ਕੀਤਾ ਸੀ ਸ਼ਰਾਧ, ਹੁਣ ਘਰ ਮੁੜ ਆਈ ਉਹੀ ਮਾਂ ! DJ ਨਾਲ ਕੀਤਾ ਗਿਆ ਸੁਆਗਤ

ਬਾਗਪਤ- ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਪਿੰਡ ਦੋਝਾ 'ਚ ਇਨੀਂ ਦਿਨੀਂ ਜਸ਼ਨ ਦਾ ਮਾਹੌਲ ਹੈ। ਜਿਸ ਬਜ਼ੁਰਗ ਮਾਂ ਨੂੰ ਪਰਿਵਾਰ ਨੇ 11 ਸਾਲ ਪਹਿਲਾਂ ਮ੍ਰਿਤਕ ਮੰਨ ਕੇ ਉਸ ਦਾ ਵਿਧੀ-ਵਿਧਾਨ ਨਾਲ ਸ਼ਰਾਧ ਤੱਕ ਕਰ ਦਿੱਤਾ ਸੀ, ਉਹ ਅਚਾਨਕ ਜ਼ਿੰਦਾ ਘਰ ਪਰਤ ਆਈ ਹੈ। 80 ਸਾਲਾ ਲੀਲਾਵਤੀ ਦੀ ਇਹ ਘਰ ਵਾਪਸੀ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ।

2015 ਤੋਂ ਸ਼ੁਰੂ ਹੋਇਆ ਸੀ ਦੁੱਖਾਂ ਦਾ ਸਿਲਸਿਲਾ

ਗੱਲ ਸਾਲ 2015 ਦੀ ਹੈ, ਜਦੋਂ ਲੀਲਾਵਤੀ ਦੇ ਪਤੀ ਦੀ ਮੌਤ ਹੋ ਗਈ ਸੀ। ਪਤੀ ਦੀ ਮੌਤ ਦੇ ਸਦਮੇ 'ਚ ਡੁੱਬੀ ਲੀਲਾਵਤੀ ਅਚਾਨਕ ਰਹੱਸਮਈ ਹਾਲਤ 'ਚ ਲਾਪਤਾ ਹੋ ਗਈ। ਪਰਿਵਾਰ ਨੇ ਹਸਪਤਾਲਾਂ, ਰਿਸ਼ਤੇਦਾਰਾਂ ਅਤੇ ਆਸ-ਪਾਸ ਦੇ ਜ਼ਿਲ੍ਹਿਆਂ 'ਚ ਉਸ ਦੀ ਬਹੁਤ ਭਾਲ ਕੀਤੀ, ਪਰ ਕੋਈ ਸੁਰਾਗ ਨਹੀਂ ਮਿਲਿਆ। ਅੰਤ 'ਚ ਹਾਰ ਕੇ ਪਰਿਵਾਰ ਨੇ ਉਸ ਨੂੰ ਮ੍ਰਿਤਕ ਮੰਨ ਲਿਆ ਅਤੇ ਉਸ ਦੀ ਆਤਮਾ ਦੀ ਸ਼ਾਂਤੀ ਲਈ ਸਾਰੇ ਧਾਰਮਿਕ ਸੰਸਕਾਰ ਕਰ ਦਿੱਤੇ।

ਭਾਰਤੀ ਫ਼ੌਜ ਨੇ ਨਿਭਾਇਆ ਇਨਸਾਨੀਅਤ ਦਾ ਰਿਸ਼ਤਾ

ਲੀਲਾਵਤੀ ਭਟਕਦੀ ਹੋਈ ਹਜ਼ਾਰਾਂ ਕਿਲੋਮੀਟਰ ਦੂਰ ਜੰਮੂ-ਕਸ਼ਮੀਰ ਦੇ ਰਾਜੌਰੀ ਇਲਾਕੇ 'ਚ ਪਹੁੰਚ ਗਈ ਸੀ। ਉੱਥੇ ਭਾਰਤੀ ਫ਼ੌਜ ਦੇ ਜਵਾਨਾਂ ਨੂੰ ਉਹ ਬੇਹੱਦ ਕਮਜ਼ੋਰ ਅਤੇ ਲਾਵਾਰਿਸ ਹਾਲਤ 'ਚ ਮਿਲੀ। ਫ਼ੌਜ ਦੇ ਜਵਾਨਾਂ ਨੇ ਨਾ ਸਿਰਫ਼ ਉਸ ਦੀ ਸੇਵਾ ਅਤੇ ਇਲਾਜ ਕਰਵਾਇਆ, ਸਗੋਂ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਉਸ ਦੀ ਪਛਾਣ ਬਾਗਪਤ ਦੀ ਲੀਲਾਵਤੀ ਵਜੋਂ ਕੀਤੀ।

ਜਦੋਂ 11 ਸਾਲ ਬਾਅਦ ਖੜਕਿਆ ਫੋਨ

ਜਦੋਂ ਫ਼ੌਜ ਦੇ ਜਵਾਨਾਂ ਨੇ ਬਾਗਪਤ 'ਚ ਪਰਿਵਾਰ ਨੂੰ ਫੋਨ ਕਰਕੇ ਦੱਸਿਆ ਕਿ ਲੀਲਾਵਤੀ ਜ਼ਿੰਦਾ ਹੈ, ਤਾਂ ਕਿਸੇ ਨੂੰ ਯਕੀਨ ਨਹੀਂ ਹੋਇਆ। ਪੁੱਤਰ ਸਤੀਸ਼ ਅਤੇ ਪੋਤਾ ਬਿੱਲੂ ਤੁਰੰਤ ਰਾਜੌਰੀ ਪਹੁੰਚੇ। 11 ਸਾਲਾਂ ਬਾਅਦ ਜਦੋਂ ਮਾਂ ਨੇ ਆਪਣੇ ਪੁੱਤਰਾਂ ਨੂੰ ਪਛਾਣਿਆ, ਤਾਂ ਉੱਥੇ ਮੌਜੂਦ ਹਰ ਸ਼ਖਸ ਦੀ ਅੱਖ ਨਮ ਹੋ ਗਈ।

ਪਿੰਡ 'ਚ ਜਸ਼ਨ: ਡੀਜੇ ਦੀ ਥਾਪ 'ਤੇ ਨੱਚਿਆ ਪਰਿਵਾਰ

ਜਦੋਂ ਲੀਲਾਵਤੀ ਆਪਣੇ ਪਿੰਡ ਦੋਝਾ ਪਹੁੰਚੀ, ਤਾਂ ਪੂਰੇ ਪਿੰਡ ਨੇ ਉਸ ਦਾ ਸ਼ਾਨਦਾਰ ਸਵਾਗਤ ਕੀਤਾ। ਘਰ ਦੇ ਬਾਹਰ ਡੀਜੇ ਵਜਾਇਆ ਗਿਆ, ਮਠਿਆਈਆਂ ਵੰਡੀਆਂ ਗਈਆਂ ਅਤੇ ਪੋਤੇ-ਨੂੰਹਾਂ ਨੇ ਜਮ ਕੇ ਭੰਗੜੇ ਪਾਏ। 80 ਸਾਲਾ ਦਾਦੀ ਵੀ ਇਸ ਖੁਸ਼ੀ 'ਚ ਝੂਮਦੀ ਨਜ਼ਰ ਆਈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਤਾਂ ਉਮੀਦ ਛੱਡ ਦਿੱਤੀ ਸੀ, ਪਰ ਫ਼ੌਜ ਦੀ ਇਨਸਾਨੀਅਤ ਨੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਖੁਸ਼ੀਆਂ ਮੋੜ ਦਿੱਤੀਆਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News