''ਸੱਸ ਵੀ ਨੂੰਹ ਖਿਲਾਫ਼ ਦਰਜ ਕਰਵਾ ਸਕਦੀ ਹੈ ਘਰੇਲੂ ਹਿੰਸਾ ਦਾ ਕੇਸ''

Friday, Apr 18, 2025 - 05:04 PM (IST)

''ਸੱਸ ਵੀ ਨੂੰਹ ਖਿਲਾਫ਼ ਦਰਜ ਕਰਵਾ ਸਕਦੀ ਹੈ ਘਰੇਲੂ ਹਿੰਸਾ ਦਾ ਕੇਸ''

ਪ੍ਰਯਾਗਰਾਜ- ਸੱਸ ਵਲੋਂ ਨਹੂੰ ਨੂੰ ਪਰੇਸ਼ਾਨ ਕੀਤੇ ਜਾਣ ਦੇ ਮਾਮਲੇ ਆਮ ਹਨ ਪਰ ਇਲਾਹਾਬਾਦ ਹਾਈ ਕੋਰਟ 'ਚ ਅਜਿਹਾ ਮਾਮਲਾ ਸਾਹਮਣੇ ਆਇਆ, ਜਿਸ ਵਿਚ ਇਕ ਸੱਸ ਨੇ ਆਪਣੀ ਨੂੰਹ ਖਿਲਾਫ਼ ਘਰੇਲੂ ਹਿੰਸਾ ਦੀ ਸ਼ਿਕਾਇਤ ਕੀਤੀ ਹੈ। ਇਸ ਮਾਮਲੇ ਦੀ ਸੁਣਵਾਈ ਹੋਈ। ਹਾਈ ਕੋਰਟ ਨੇ ਇਕ ਮਹੱਤਵਪੂਰਨ ਫ਼ੈਸਲੇ 'ਚ ਕਿਹਾ ਕਿ ਸੱਸ ਵੀ ਆਪਣੀ ਨੂੰਹ ਖਿਲਾਫ਼ ਘਰੇਲੂ ਹਿੰਸਾ ਐਕਟ 2005 ਤਹਿਤ ਸ਼ਿਕਾਇਤ ਦਰਜ ਕਰਵਾ ਸਕਦੀ ਹੈ। 

ਇਹ ਫ਼ੈਸਲਾ ਹਾਈ ਕੋਰਟ ਦੇ ਜੱਜ ਆਲੋਕ ਮਾਥੁਰ ਨੇ ਦਿੱਤਾ, ਜਿਨ੍ਹਾਂ ਨੇ ਲਖਨਊ ਦੀ ਇਕ ਹੇਠਲੀ ਅਦਾਲਤ ਵਲੋਂ ਨੂੰਹ ਅਤੇ ਉਸ ਦੇ ਪਰਿਵਾਰ ਖਿਲਾਫ਼ ਜਾਰੀ ਸੰਮਨ ਨੂੰ ਸਹੀ ਠਹਿਰਾਇਆ। ਆਲੋਕ ਮਾਥੁਰ ਨੇ ਕਿਹਾ ਕਿ ਘਰੇਲੂ ਹਿੰਸਾ ਐਕਟ ਦੀ ਧਾਰਾ-12 ਤਹਿਤ ਰਾਹਤ ਦੀ ਪਟੀਸ਼ਨ ਕੋਈ ਵੀ ਅਜਿਹੀ ਔਰਤ ਦਾਖ਼ਲ ਕਰ ਸਕਦੀ ਹੈ, ਜੋ ਸਾਂਝੇ ਘਰ ਵਿਚ ਰਹਿ ਰਹੀ ਹੋਵੇ ਅਤੇ ਪੀੜਤ ਹੋਵੇ। ਕੋਰਟ ਨੇ ਸਪੱਸ਼ਟ ਕੀਤਾ ਕਿ ਜੇਕਰ ਸੱਸ ਨੂੰ ਉਸ ਦੀ ਨੂੰਹ ਜਾਂ ਪਰਿਵਾਰ ਦੇ ਕਿਸੇ ਹੋਰ ਮੈਂਬਰ ਵਲੋਂ ਮਾਨਸਿਕ ਜਾਂ ਸਰੀਰਕ ਰੂਪ ਨਾਲ ਪਰੇਸ਼ਾਨ ਕੀਤਾ ਜਾਂਦਾ ਹੈ ਤਾਂ ਉਹ ਵੀ ਪੀੜਤ ਔਰਤ ਦੀ ਪਰਿਭਾਸ਼ਾ ਵਿਚ ਆਵੇਗੀ ਅਤੇ ਪਟੀਸ਼ਨ ਦਾਇਰ ਕਰਨ ਦਾ ਅਧਿਕਾਰ ਰੱਖਦੀ ਹੈ।

ਕੀ ਹੈ ਪੂਰਾ ਮਾਮਲਾ?

ਸੱਸ ਨੇ ਸ਼ਿਕਾਇਤ 'ਚ ਦੋਸ਼ ਲਾਇਆ ਸੀ ਕਿ ਨੂੰਹ ਆਪਣੇ ਪਤੀ (ਸ਼ਿਕਾਇਤਕਰਤਾ ਦੇ ਪੁੱਤਰ) 'ਤੇ ਉਸ ਦੇ ਪੇਕੇ 'ਚ ਜਾ ਕੇ ਰਹਿਣ ਦਾ ਦਬਾਅ ਬਣਾ ਰਹੀ ਹੈ। ਇਸ ਤੋਂ ਇਲਾਵਾ ਨੂੰਹ ਵਲੋਂ ਸਹੁਰੇ ਪਰਿਵਾਰ ਨਾਲ ਮਾੜਾ ਵਤੀਰਾ ਅਤੇ ਝੂਠੇ ਕੇਸ ਵਿਚ ਫਸਾਉਣ ਦੀ ਧਮਕੀ ਦੇਣ ਦਾ ਦੋਸ਼ ਵੀ ਲਾਇਆ ਗਿਆ ਸੀ। ਓਧਰ ਨੂੰਹ ਨੇ ਕੋਰਟ ਵਿਚ ਦਲੀਲ ਦਿੱਤੀ ਕਿ ਇਹ ਸ਼ਿਕਾਇਤ ਨੂੰਹ ਵਲੋਂ ਦਰਜ ਕਰਵਾਏ ਗਏ ਦਾਜ ਲਈ ਤੰਗ-ਪਰੇਸ਼ਾਨ ਕਰਨ ਅਤੇ ਘਰੇਲੂ ਹਿੰਸਾ ਦੇ ਮਾਮਲੇ ਦੇ ਜਵਾਬ ਵਿਚ ਬਦਲੇ ਦੀ ਭਾਵਨਾ ਨਾਲ ਕੀਤੀ ਗਈ ਹੈ। ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਮਗਰੋਂ ਕੋਰਟ ਨੇ ਕਿਹਾ ਕਿ ਸੱਸ ਵਲੋਂ ਦਰਜ ਸ਼ਿਕਾਇਤ ਵਿਚ ਘਰੇਲੂ ਹਿੰਸਾ ਐਕਟ ਦੀ ਧਾਰਾ-12 ਤਹਿਤ ਮਾਮਲਾ ਬਣਦਾ ਹੈ।
 


author

Tanu

Content Editor

Related News