ਭਾਰਤ ਨੂੰ ਸੁਖੋਈ-57 ਵੇਚਣਾ ਚਾਹੁੰਦੈ ਰੂਸ, 5 ਹੋਰ ਐੱਸ.-400 ਖਰੀਦਣ ਬਾਰੇ ਵੀ ਹੋ ਸਕਦੀ ਹੈ ਚਰਚਾ
Wednesday, Dec 03, 2025 - 01:27 AM (IST)
ਨਵੀਂ ਦਿੱਲੀ/ਮਾਸਕੋ - ਰੂਸ ਆਪਣੇ ਪੰਜਵੀਂ ਪੀੜ੍ਹੀ ਦੇ ਸੁਖੋਈ-57 ਮਲਟੀ ਰੋਲ ਜਹਾਜ਼ ਭਾਰਤ ਨੂੰ ਵੇਚਣਾ ਚਾਹੁੰਦਾ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਜੋ ਵੀਰਵਾਰ ਨੂੰ ਦੋ ਦਿਨਾ ਦੌਰੇ ’ਤੇ ਭਾਰਤ ਆ ਰਹੇ ਹਨ, ਇਸ ਮੁੱਦੇ ’ਤੇ ਚਰਚਾ ਕਰਨਗੇ। ਇਸ ਤੋਂ ਇਲਾਵਾ ਭਾਰਤ ਰੂਸ ਦੀ ਐੱਸ.-400 ਹਵਾਈ ਰੱਖਿਆ ਪ੍ਰਣਾਲੀ ਦੇ 5 ਹੋਰ ਯੂਨਿਟ ਖਰੀਦਣ ਬਾਰੇ ਵੀ ਚਰਚਾ ਕਰ ਸਕਦਾ ਹੈ।
ਪੁਤਿਨ ਦੇ ਭਾਰਤ ਦੌਰੇ ਤੋਂ ਪਹਿਲਾਂ ਉਨ੍ਹਾਂ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਮੰਗਲਵਾਰ ਨੂੰ ਕਿਹਾ ਕਿ ਐੱਸ-400 ਮਿਜ਼ਾਈਲ ਪ੍ਰਣਾਲੀ ਅਤੇ ਸੁਖੋਈ-57 ਬਾਰੇ ਵੀ ਚਰਚਾ ਹੋਣੀ ਤੈਅ ਹੈ। ‘ਐੱਸ.-400’ ਯਕੀਨੀ ਤੌਰ ’ਤੇ ਏਜੰਡੇ ਦਾ ਹਿੱਸਾ ਹੈ। ਸੁਖੋਈ-57 ਅਤੇ ਅਮਰੀਕਾ ਵੱਲੋਂ ਭਾਰਤ ਨੂੰ ਐੱਫ.-35 ਵੇਚਣ ਦੀ ਕੋਸ਼ਿਸ਼ ਬਾਰੇ ਪੁੱਛੇ ਜਾਣ ’ਤੇ ਪੇਸਕੋਵ ਨੇ ਕਿਹਾ, ‘ਸੁਖੋਈ-57 ਦੁਨੀਆ ਦਾ ਸਭ ਤੋਂ ਵਧੀਆ (ਫੌਜੀ) ਜਹਾਜ਼ ਹੈ। ਅਸੀਂ ਵੇਰਵਿਆਂ ’ਤੇ ਚਰਚਾ ਨਹੀਂ ਕਰਾਂਗੇ। ਦੁਨੀਆ ਵਿਚ ਕਈ ਮੁਕਾਬਲੇਬਾਜ਼ ਹਨ ਅਤੇ ਕੁਝ ਅੰਤਰਰਾਸ਼ਟਰੀ ਵਪਾਰ ਦੇ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਹਨ।’ ਉਨ੍ਹਾਂ ਕਿਹਾ ਕਿ ਭਾਰਤੀ ਫੌਜ ਦੇ ਮੌਜੂਦਾ ਹਥਿਆਰਾਂ ਅਤੇ ਉਪਕਰਣਾਂ ਵਿਚੋਂ 36 ਫੀਸਦੀ ਰੂਸੀ ਹਨ, ਜੋ ਕਿ ਇਕ ਬਹੁਤ ਵੱਡਾ ਅੰਕੜਾ ਹੈ।
ਭਾਰਤ ਨੂੰ ਛੋਟੇ ਪ੍ਰਮਾਣੂ ਰਿਐਕਟਰ ਦੇਣ ਲਈ ਰੂਸ ਤਿਆਰ
ਛੋਟੇ ਪ੍ਰਮਾਣੂ ਰਿਐਕਟਰਾਂ ਬਾਰੇ ਪੁੱਛੇ ਜਾਣ ’ਤੇ ਪੇਸਕੋਵ ਨੇ ਕਿਹਾ ਕਿ ਇਸ ’ਤੇ ਵੀ ਚਰਚਾ ਕੀਤੀ ਜਾ ਸਕਦੀ ਹੈ ਅਤੇ ਰੂਸ ਭਾਰਤ ਨੂੰ ਇਹ ਦੇਣ ਲਈ ਤਿਆਰ ਹੈ। ਦੁਨੀਆ ਭਰ ਦੇ ਦੇਸ਼ ਰੂਸ ਤੋਂ ਇਨ੍ਹਾਂ ਰਿਐਕਟਰਾਂ ਨੂੰ ਖਰੀਦਣ ਵਿਚ ਦਿਲਚਸਪੀ ਰੱਖਦੇ ਹਨ। ਇਸ ਤੋਂ ਇਲਾਵਾ ਮਾਨਵਤਾਵਾਦੀ ਅਤੇ ਵਿਗਿਆਨਕ ਸਹਿਯੋਗ, ਸੱਭਿਆਚਾਰਕ ਸਹਿਯੋਗ, ਉੱਚ ਤਕਨਾਲੋਜੀ, ਫਾਰਮਾਸਿਊਟੀਕਲ ਅਤੇ ਉੱਤਰ-ਦੱਖਣੀ ਕਨੈਕਟੀਵਿਟੀ ਰੋਡ ਵਰਗੇ ਮੁੱਦਿਆਂ ’ਤੇ ਵੀ ਚਰਚਾ ਕੀਤੀ ਜਾਵੇਗੀ ਅਤੇ ਕਈ ਮਹੱਤਵਪੂਰਨ ਦਸਤਾਵੇਜ਼ਾਂ ’ਤੇ ਦਸਤਖਤ ਕੀਤੇ ਜਾਣਗੇ।
10,000 ਕਰੋੜ ਦਾ ਸੌਦਾ ਸੰਭਵ
ਰਿਸਰਚ ਨਿਊਜ਼ ਵਿਸ਼ਲੇਸ਼ਣ ਵਿਚ ਛਪੀ ਇਕ ਤਾਜ਼ਾ ਰਿਪੋਰਟ ਅਨੁਸਾਰ ਭਾਰਤ ਆਪਣੀ ਹਵਾਈ ਰੱਖਿਆ ਅਤੇ ਹਵਾਈ ਫੌਜ ਦੀ ਸਮਰੱਥਾ ਵਧਾਉਣ ਲਈ ਵਾਧੂ ਐੱਸ.-400 ਸਕੁਐਡਰਨ ਖਰੀਦਣ ਦੀ ਤਿਆਰੀ ਕਰ ਰਿਹਾ ਹੈ। ਇਸ ਤੋਂ ਇਲਾਵਾ ਵੱਡੇ ਪੱਧਰ ’ਤੇ ਮਿਜ਼ਾਈਲ ਬਦਲਣ ਦੇ ਆਰਡਰ ਵੀ ਦਿੱਤੇ ਜਾ ਸਕਦੇ ਹਨ। ਇਹ ਸੌਦਾ 10,000 ਕਰੋੜ ਤੋਂ ਵੱਧ ਦਾ ਹੋ ਸਕਦਾ ਹੈ। ਇਸ ਸੌਦੇ ਵਿਚ 200 ਤੋਂ 400 ਲੰਬੀ ਦੂਰੀ ਦੀਆਂ ਰੂਸੀ ਆਰ.-37ਐੱਮ. ਹਵਾ ਤੋਂ ਹਵਾ ਵਿਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦੀ ਖਰੀਦ ਸ਼ਾਮਲ ਹੋ ਸਕਦੀ ਹੈ।
ਭਾਰਤ ਨੇ 2018 ਵਿਚ ਰੂਸ ਤੋਂ 5 ਐੱਸ.-400 ਸਕੁਐਡਰਨ ਖਰੀਦਣ ਲਈ ਇਕ ਸੌਦੇ ’ਤੇ ਦਸਤਖਤ ਕੀਤੇ ਸਨ। ਯੂਕ੍ਰੇਨ ਯੁੱਧ ਦੇ ਸ਼ੁਰੂ ਹੋਣ ਤੋਂ ਬਾਅਦ ਬਾਕੀ 2 ਐੱਸ.-400 ਸਕੁਐਡਰਨ ਨਵੰਬਰ 2026 ਤੱਕ ਡਿਲੀਵਰ ਕੀਤੇ ਜਾਣ ਦੀ ਉਮੀਦ ਹੈ। ਇਸ ਤੋਂ ਇਲਾਵਾ 5 ਹੋਰ ਯੂਨਿਟਾਂ ਦੀ ਖਰੀਦ ’ਤੇ ਚਰਚਾ ਕੀਤੀ ਜਾ ਸਕਦੀ ਹੈ।
ਸੁਖੋਈ-57 ਬਾਰੇ ਝਿਜਕ ਰਿਹੈ ਭਾਰਤ
‘ਦਿ ਏਸ਼ੀਅਨ ਟਾਈਮਜ਼’ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ਰੂਸ ਤੋਂ ਮਿਜ਼ਾਈਲਾਂ ਖਰੀਦਣ ਲਈ ਤਿਆਰ ਹੈ ਪਰ ਸੁਖੋਈ-57 ਬਾਰੇ ਝਿਜਕ ਰਿਹਾ ਹੈ। ਇਹ ਇਸ ਲਈ ਹੈ ਕਿਉਂਕਿ ਬਹੁਤ ਸਾਰੇ ਮਾਹਿਰਾਂ ਨੇ ਪੰਜਵੀਂ ਪੀੜ੍ਹੀ ਦੇ ਜਹਾਜ਼ ਵਜੋਂ ਇਸ ਦੀ ਸਮਰੱਥਾ ਬਾਰੇ ਸਵਾਲ ਖੜ੍ਹੇ ਕੀਤੇ ਹਨ। ਖਾਸ ਤੌਰ ’ਤੇ ਇਸ ਦੇ ਪੂਰੀ ਤਰ੍ਹਾਂ ਸਟੀਲਥ ਹੋਣ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ, ਕਿਉਂਕਿ ਇਹ ਗਰਾਊਂਡ ਰਾਡਾਰ ਦੀ ਪਕੜ ’ਚ ਆ ਜਾਂਦਾ ਹੈ।
ਪੰਜਵੀਂ ਪੀੜ੍ਹੀ ਦੇ ਜਹਾਜ਼ਾਂ ਵਿਚ ਇਹ ਅਮਰੀਕੀ ਐੱਫ.-22 ਅਤੇ ਐੱਫ.-35 ਦੇ ਮੁਕਾਬਲੇ ਹੈ। ਯੂਕ੍ਰੇਨ ਨਾਲ ਜੰਗ ’ਚ ਉਲਝੇ ਰੂਸ ਵਿਚ ਵੀ ਇਸ ਦਾ ਉਤਪਾਦਨ ਹੌਲੀ ਰਫਤਾਰ ਨਾਲ ਹੋ ਰਿਹਾ ਹੈ।
