ਕਾਂਗਰਸੀ ਕੌਂਸਲਰ ਆਸ਼ੂ ਸ਼ਰਮਾ, ਪਤੀ ਨੋਨੀ ਸ਼ਰਮਾ ਸਣੇ 12 ਲੋਕਾਂ ਖ਼ਿਲਾਫ਼ ਕੇਸ ਦਰਜ, ਜਾਣੋ ਕੀ ਹੈ ਮਾਮਲਾ
Sunday, Dec 07, 2025 - 02:13 PM (IST)
ਜਲੰਧਰ (ਵਰੁਣ)–ਨਿਊ ਗੁਰੂ ਅਮਰਦਾਸ ਨਗਰ ਵਿਚ ਵੀਰਵਾਰ ਰਾਤੀਂ ਸੁਪਰ-ਸਕਸ਼ਨ ਮਸ਼ੀਨ (ਵੈਕਿਊਮ ਟਰੱਕ) ਨੂੰ ਲੈ ਕੇ ਹੋਏ ਵਿਵਾਦ ਵਿਚ ਥਾਣਾ ਨੰਬਰ 1 ਦੀ ਪੁਲਸ ਨੇ ਕਾਂਗਰਸ ਦੀ ਮਹਿਲਾ ਕੌਂਸਲਰ, ਕੌਂਸਲਰ ਪਤੀ ਸਮੇਤ 12 ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਨ੍ਹਾਂ ਸਾਰਿਆਂ ਨੂੰ ਪੁਲਸ ਨੇ ਆਰਮਜ਼ ਐਕਟ, ਐੱਸ. ਸੀ./ਐੱਸ. ਟੀ. ਐਕਟ, ਝਪਟਮਾਰੀ, ਕੁੱਟਮਾਰ ਕਰਨ ਅਤੇ ਧਮਕੀਆਂ ਦੇਣ ਦੀ ਧਾਰਾ ਅਧੀਨ ਨਾਮਜ਼ਦ ਕੀਤਾ।
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸਿਮਰਨਜੀਤ ਸਿੰਘ ਪੁੱਤਰ ਮਲਕੀਤ ਸਿੰਘ ਨਿਵਾਸੀ ਗੁਰੂ ਅਮਰਦਾਸ ਨਗਰ ਨੇ ਕਿਹਾ ਕਿ ਵੀਰਵਾਰ ਰਾਤੀਂ ਲਗਭਗ 11 ਵਜੇ ਉਹ ਹਲਕਾ ਇੰਚਾਰਜ ਇੰਦਰਜੀਤ ਸਿੰਘ ਨਿਵਾਸੀ ਕਾਲੀਆ ਫਾਰਮ ਅਤੇ ਹੋਰਨਾਂ ਸਾਥੀਆਂ ਸਮੇਤ ਨਿਊ ਗੁਰੂ ਅਮਰਦਾਸ ਨਗਰ ਵਿਚ ਸੁਪਰ-ਸਕਸ਼ਨ ਮਸ਼ੀਨ ਨਾਲ ਸਫ਼ਾਈ ਕਰਵਾ ਰਹੇ ਸਨ। ਇਸੇ ਦੌਰਾਨ ਵਾਰਡ ਨੰਬਰ 1 ਦੀ ਕੌਂਸਲਰ ਆਸ਼ੂ ਸ਼ਰਮਾ, ਉਨ੍ਹਾਂ ਦੇ ਪਤੀ ਗੌਰਵ ਉਰਫ ਨੋਨੀ ਸ਼ਰਮਾ ਆਪਣੇ ਸਾਥੀਆਂ ਸਮੇਤ ਮੌਕੇ ’ਤੇ ਆਏ ਅਤੇ ਬਹਿਸ ਸ਼ੁਰੂ ਕਰ ਦਿੱਤੀ। ਦੋਸ਼ ਹੈ ਕਿ ਉਕਤ ਲੋਕਾਂ ਨੇ ਗਾਲੀ-ਗਲੋਚ ਕਰਕੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ ਅਤੇ ਕੁੱਟਮਾਰ ਕਰਦੇ ਹੋਏ ਉਨ੍ਹਾਂ ਦੀ ਲਾਇਸੈਂਸੀ ਪਿਸਤੌਲ ਅਤੇ ਸੋਨੇ ਦੀ ਚੇਨ ਝਪਟ ਲਈ। ਸਿਮਰਨਜੀਤ ਨੇ ਕਿਹਾ ਕਿ ਕਿਸੇ ਨੇ ਇਸੇ ਵਿਚਕਾਰ ਉਨ੍ਹਾਂ ਦੀ ਅੱੱਖ ਿਵਚ ਜ਼ਹਿਰੀਲਾ ਸਪਰੇਅ ਵੀ ਕੀਤਾ, ਜਿਸ ਨਾਲ ਉਨ੍ਹਾਂ ਨੂੰ ਦਿਸਣਾ ਤਕ ਬੰਦ ਹੋ ਗਿਆ।
ਇਹ ਵੀ ਪੜ੍ਹੋ: ਪੰਜਾਬ ਦਾ ਇਹ ਪਿੰਡ ਗੌਰਵਮਈ ਇਤਿਹਾਸ ਦੀ ਅੱਜ ਵੀ ਭਰ ਰਿਹੈ ਗਵਾਹੀ, 10ਵੇਂ ਪਾਤਸ਼ਾਹ ਜੀ ਨੇ ਕੀਤਾ ਸੀ ਪ੍ਰਵਾਸ
ਦੋਸ਼ ਹੈ ਕਿ ਆਸ਼ੂ ਸ਼ਰਮਾ, ਨੋਨੀ ਸ਼ਰਮਾ ਅਤੇ ਹੋਰਨਾਂ ਲੋਕਾਂ ਨੇ ਉਸ ਨੂੰ ਅਤੇ ਇੰਦਰਜੀਤ ਸਿੰਘ ਨੂੰ ਜਾਤੀ-ਸੂਚਕ ਸ਼ਬਦ ਵੀ ਕਹੇ। ਸਿਮਰਨਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ’ਤੇ ਹਮਲਾ ਕਰਨ ਵਾਲਿਆਂ ਵਿਚ ਗੁਰਸਿਮਰਨ ਸਿੰਘ ਕਲਸੀ ਨਿਵਾਸੀ ਗੁਰੂ ਅਮਰਦਾਸ ਨਗਰ, ਗੁਰਬਖਸ਼ ਸਿੰਘ ਸੈਂਡੀ ਨਿਵਾਸੀ ਅਸ਼ੋਕ ਨਗਰ, ਗੁਰਪ੍ਰੀਤ ਜੋਜੋ, ਪਾਰਸ ਉਰਫ ਤੋਤਾ ਨਿਵਾਸੀ ਢੰਨ ਮੁਹੱਲਾ, ‘ਆਪ’ ਦੇ ਕੌਂਸਲਰ ਸ਼ਾਰਦਾ ਖ਼ਿਲਾਫ਼ ਚੋਣ ਲੜ ਕੇ ਬੰਟੀ ਅਰੋੜਾ ਨਿਵਾਸੀ ਸੋਢਲ ਨਗਰ, ਅਨਮੋਲ ਕਾਲੀਆ ਨਿਵਾਸੀ ਸ਼ਿਵ ਨਗਰ, ਪਵਨ, ਅਰੁਣ ਸ਼ਰਮਾ ਅਤੇ ਇਕ ਅਣਪਛਾਤਾ ਵਿਅਕਤੀ ਵੀ ਸ਼ਾਮਲ ਸਨ।
ਪੁਲਸ ਨੇ ਸਿਮਰਨਜੀਤ ਸਿੰਘ ਦੇ ਬਿਆਨਾਂ ’ਤੇ ਇਨ੍ਹਾਂ ਸਾਰਿਆਂ ਖ਼ਿਲਾਫ਼ ਬੀ. ਐੱਨ. ਐੱਸ. ਦੀ ਧਾਰਾ 115 (2), 304, 351 (3), 190, 191, 25 (1ਬੀ) (ਏ) ਆਰਮਜ਼ ਐਕਟ, 3 (1), (ਆਰ) ਅਤੇ ਐੱਸ. ਸੀ./ਐੱਸ. ਟੀ. ਐਕਟ ਅਧੀਨ ਕੇਸ ਦਰਜ ਕਰ ਲਿਆ ਹੈ। ਥਾਣਾ ਨੰਬਰ 1 ਦੇ ਇੰਚਾਰਜ ਰਾਕੇਸ਼ ਕੁਮਾਰ ਨੇ ਦੱਸਿਆ ਕਿ ਅਜੇ ਕਿਸੇ ਦੀ ਵੀ ਗ੍ਰਿਫ਼ਤਾਰੀ ਨਹੀਂ ਹੋ ਸਕੀ, ਹਾਲਾਂਕਿ ਨੋਨੀ ਸ਼ਰਮਾ ਧਿਰ ਵੱਲੋਂ ਅਜੇ ਕੋਈ ਸ਼ਿਕਾਇਤ ਪੁਲਸ ਨੂੰ ਨਹੀਂ ਦਿੱਤੀ ਗਈ।
ਇਹ ਵੀ ਪੜ੍ਹੋ: ਜਲੰਧਰ 'ਚ ਮਸ਼ਹੂਰ ਸਵੀਟ ਸ਼ਾਪ 'ਚ ਲੱਗੀ ਭਿਆਨਕ ਅੱਗ, ਮੌਕੇ 'ਤੇ ਪੈ ਗਈਆਂ ਭਾਜੜਾਂ
ਕਾਂਗਰਸੀ ਆਗੂਆਂ ’ਚ ਅੰਦਰਖਾਤੇ ਨੋਨੀ ਸ਼ਰਮਾ ਦੇ ਹੱਕ ’ਚ ਪ੍ਰੋਟੈਸਟ ਕਰਨ ਦੀ ਰਣਨੀਤੀ
ਦੂਜੇ ਪਾਸੇ ਨੋਨੀ ਸ਼ਰਮਾ ਅਤੇ ਉਨ੍ਹਾਂ ਦੀ ਕੌਂਸਲਰ ਪਤਨੀ ਆਸ਼ੂ ਸ਼ਰਮਾ ਅਤੇ ਹੋਰਨਾਂ ਨਾਮਜ਼ਦ ਲੋਕਾਂ ਖ਼ਿਲਾਫ਼ ਹੋਏ ਇਸ ਮਾਮਲੇ ਨੂੰ ਲੈ ਕੇ ਕਾਂਗਰਸ ਪਾਰਟੀ ਦੇ ਆਗੂ ਅੰਦਰਖਾਤੇ ਪ੍ਰੋਟੈਸਟ ਕਰਨ ਦੀ ਤਿਆਰੀ ਵਿਚ ਹਨ। ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਕਾਂਗਰਸ ਦੇ ਆਗੂ ਥਾਣਾ ਨੰਬਰ 1 ਜਾਂ ਸੀ. ਪੀ. ਆਫਿਸ ਵਿਚ ਧਰਨਾ ਲਾ ਸਕਦੇ ਹਨ। ਹਾਲਾਂਕਿ ਇਸ ਦੀ ਅਜੇ ਤਕ ਕੋਈ ਪੁਸ਼ਟੀ ਨਹੀਂ ਹੋਈ।
ਮੈਂ ਸਾਰੇ ਧਰਮਾਂ ਨੂੰ ਮੰਨਣ ਵਾਲਾ, ਐੱਫ਼. ਆਈ. ਆਰ. ਸਿਆਸਤ ਤੋਂ ਪ੍ਰੇਰਿਤ : ਨੋਨੀ ਸ਼ਰਮਾ
ਕੌਸਲਰ ਪਤੀ ਨੋਨੀ ਸ਼ਰਮਾ ਨੇ ਕਿਹਾ ਕਿ ਮੈਂ ਸਾਰੇ ਧਰਮਾਂ ਨੂੰ ਮੰਨਣ ਵਾਲਾ ਹਾਂ। ਸਾਰੇ ਧਰਮਾਂ ਦੇ ਲੋਕ ਮੇਰੇ ਨਾਲ ਜੁੜੇ ਹੋਏ ਹਨ, ਜਿਸ ਕਾਰਨ ਕਿਸੇ ਵੀ ਧਰਮ ਜਾਂ ਜਾਤੀ ਬਾਰੇ ਬੋਲਣਾ ਅਸੰਭਵ ਹੈ। ਨੋਨੀ ਸ਼ਰਮਾ ਨੇ ਕਿਹਾ ਕਿ ‘ਆਪ’ ਦੇ ਆਗੂਆਂ ਦੇ ਦਬਾਅ ਵਿਚ ਪੁਲਸ ਨੇ ਇਹ ਐੱਫ਼. ਆਈ. ਆਰ. ਦਰਜ ਕੀਤੀ ਹੈ। ਡਿੱਗੇ ਹੋਏ ਹਥਿਆਰ ਨੂੰ ਥਾਣਾ ਨੰਬਰ 1 ਦੇ ਇੰਚਾਰਜ ਨੂੰ ਸੌਂਪਦੇ ਹੋਏ ਦੀ ਵੀਡੀਓ ਉਨ੍ਹਾਂ ਦੇ ਕੋਲ ਹੈ ਪਰ ਫਿਰ ਵੀ ਆਰਮਜ਼ ਐਕਟ ਲਾਇਆ ਗਿਆ। ਉਨ੍ਹਾਂ ਕਿਹਾ ਕਿ ਇਹ ਸ਼ਰੇਆਮ ਧੱਕੇਸ਼ਾਹੀ ਹੈ। ਸਾਰੀ ਸੀ. ਸੀ. ਟੀ. ਵੀ. ਫੁਟੇਜ ਹੋਣ ਦੇ ਬਾਵਜੂਦ ਐੱਫ਼. ਆਈ. ਆਰ. ਕਰ ਦਿੱਤੀ ਗਈ ਹੈ ਪਰ ਉਹ ਕਿਸੇ ਦਬਾਅ ਵਿਚ ਆਉਣ ਵਾਲੇ ਨਹੀਂ ਹਨ ਅਤੇ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਨੂੰ ਤਿਆਰ ਹਨ।
ਇਹ ਵੀ ਪੜ੍ਹੋ: ਜਲੰਧਰ 'ਚ ਰੂਹ ਕੰਬਾਊ ਵਾਰਦਾਤ! ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ, ਮੋਟਰ ਵਾਲੇ ਕਮਰੇ 'ਚੋਂ ਮਿਲੀ ਲਾਸ਼
