ਲਤੀਫ਼ਪੁਰਾ ’ਚ ਕਿਸੇ ਵੀ ਸਮੇਂ ਹੋ ਸਕਦੈ ਐਕਸ਼ਨ, DC ਖ਼ਿਲਾਫ਼ ਦਾਇਰ ਹੈ ਕੇਸ, 15 ਦਸੰਬਰ ਨੂੰ ਹੈ ਸੁਣਵਾਈ

Wednesday, Dec 10, 2025 - 03:04 PM (IST)

ਲਤੀਫ਼ਪੁਰਾ ’ਚ ਕਿਸੇ ਵੀ ਸਮੇਂ ਹੋ ਸਕਦੈ ਐਕਸ਼ਨ, DC ਖ਼ਿਲਾਫ਼ ਦਾਇਰ ਹੈ ਕੇਸ, 15 ਦਸੰਬਰ ਨੂੰ ਹੈ ਸੁਣਵਾਈ

ਜਲੰਧਰ (ਖੁਰਾਣਾ)–ਮਾਡਲ ਟਾਊਨ ਦੇ ਨਾਲ ਲੱਗਦੇ ਲਤੀਫ਼ਪੁਰਾ ’ਤੇ ਕਿਸੇ ਵੀ ਸਮੇਂ ਵੱਡਾ ਐਕਸ਼ਨ ਹੋ ਸਕਦਾ ਹੈ, ਜਿਸ ਲਈ ਵੱਖ-ਵੱਖ ਸਰਕਾਰੀ ਵਿਭਾਗਾਂ ਵਿਚ ਤਾਲਮੇਲ ਸਥਾਪਤ ਕੀਤਾ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਲਾਕੇ ਦੀਆਂ ਸੜਕਾਂ ਅਤੇ ਪਲਾਟਾਂ ਤੋਂ ਨਾਜਾਇਜ਼ ਕਬਜ਼ੇ ਹਟਾਉਣ ਸਬੰਧੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸਪੱਸ਼ਟ ਨਿਰਦੇਸ਼ਾਂ ਨੂੰ ਕਈ ਮਹੀਨਿਆਂ ਤਕ ਨਜ਼ਰਅੰਦਾਜ਼ ਕਰਨ ਦੇ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਹੁਣ ਕਿਸੇ ਵੀ ਸਮੇਂ ਵੱਡੀ ਕਾਰਵਾਈ ਕਰਨ ਦੀ ਤਿਆਰੀ ਵਿਚ ਹੈ। ਸੂਤਰਾਂ ਮੁਤਾਬਕ ਇਸ ਵਾਰ ਦਾ ਐਕਸ਼ਨ ਡਰਾਈਵ ਵੀ ਜ਼ਿਲ੍ਹਾ ਪ੍ਰਸ਼ਾਸਨ ਦੀ ਨਿਗਰਾਨੀ ਵਿਚ ਹੋਵੇਗਾ, ਜਿਸ ਦੇ ਲਈ ਪਹਿਲੇ ਪੜਾਅ ਵਿਚ ਡਿਊਟੀ ਮੈਜਿਸਟਰੇਟ ਦੀ ਨਿਯੁਕਤੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸ ਦਾ ਕਾਟੋ ਕਲੇਸ਼ ਰਿਹੈ ਸਾਹਮਣੇ, ਹੁਣ ਵਿਵਾਦਾਂ 'ਚ ਘਿਰਿਆ ਇਹ ਆਗੂ

ਜਲੰਧਰ ਨਿਗਮ ਵੱਲੋਂ ਡਿੱਚ ਮਸ਼ੀਨਾਂ, ਲੋਡਰ, ਟਿੱਪਰ ਆਦਿ ਮਸ਼ੀਨਰੀ ਮੁਹੱਈਆ ਕਰਵਾਈ ਜਾਵੇਗੀ, ਜਦਕਿ ਮਲਬਾ ਚੁੱਕਣ ਅਤੇ ਸਾਈਟ ਨੂੰ ਸਾਫ਼ ਕਰਵਾਉਣ ਦੀ ਜ਼ਿੰਮੇਵਾਰੀ ਨਿਗਮ ਦੀਆਂ ਟੀਮਾਂ ’ਤੇ ਹੋਵੇਗੀ ਕਿਉਂਕਿ ਪੂਰਾ ਇਲਾਕਾ ਇੰਪਰੂਵਮੈਂਟ ਟਰੱਸਟ ਦੀ ਸਕੀਮ ਅਧੀਨ ਆਉਂਦਾ ਹੈ, ਇਸ ਲਈ ਟਰੱਸਟ ਦੇ ਅਧਿਕਾਰੀ ਵੀ ਮੌਕੇ ’ਤੇ ਮੌਜੂਦ ਰਹਿਣਗੇ। ਕਾਰਵਾਈ ਦੌਰਨ ਸੁਰੱਖਿਆ ਪ੍ਰਬੰਧ ਕਮਿਸ਼ਨਰੇਟ ਪੁਲਸ ਦੇ ਹੱਥ ਵਿਚ ਹੋਣਗੇ ਅਤੇ ਸੀਨੀਅਰ ਪੁਲਸ ਅਧਿਕਾਰੀ ਖੁਦ ਇਸ ਆਪ੍ਰੇਸ਼ਨ ਦੀ ਮਾਨੀਟਰਿੰਗ ਕਰਨਗੇ।

ਜ਼ਿਕਰਯੋਗ ਹੈ ਕਿ ਹਾਈ ਕੋਰਟ ਦੇ ਹੁਕਮਾਂ ਦਾ ਸਮੇਂ ’ਤੇ ਪਾਲਣ ਨਾ ਕਰਨ ’ਤੇ ਪਟੀਸ਼ਨਕਰਤਾਵਾਂ ਨੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਵਿਰੁੱਧ ਅਦਾਲਤ ਦੀ ਮਾਣਹਾਨੀ ਦੀ ਪਟੀਸ਼ਨ ਦਾਇਰ ਕੀਤੀ ਹੋਈ ਹੈ। ਮਾਮਲੇ ਵਿਚ ਅਗਲੀ ਸੁਣਵਾਈ 15 ਦਸੰਬਰ 2025 ਨੂੰ ਤੈਅ ਹੈ, ਜਿਸ ਵਿਚ ਅਦਾਲਤ ਨੇ ਸਪੱਸ਼ਟ ਕਿਹਾ ਹੈ ਕਿ ਉਦੋਂ ਤਕ ਹਰ ਹਾਲਤ ਵਿਚ ਹੁਕਮਾਂ ਦਾ ਪਾਲਣ ਯਕੀਨੀ ਬਣਾਇਆ ਜਾਵੇ। ਖ਼ਾਸ ਗੱਲ ਇਹ ਹੈ ਕਿ 29 ਜੁਲਾਈ 2025 ਨੂੰ ਹਾਈ ਕੋਰਟ ਨੇ ਡੀ. ਸੀ. ਜਲੰਧਰ ਨੂੰ ਇਕ ਮਹੀਨੇ ਅੰਦਰ ਲਤੀਫਪੁਰਾ ਦੀਆਂ ਸੜਕਾਂ ਤੋਂ ਸਾਰੇ ਨਾਜਾਇਜ਼ ਕਬਜ਼ੇ ਹਟਾ ਕੇ ਟ੍ਰੈਫਿਕ ਬਹਾਲ ਕਰਨ ਦਾ ਹੁਕਮ ਦਿੱਤਾ ਸੀ ਪਰ 4 ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਇਕ ਵੀ ਕਬਜ਼ਾ ਨਹੀਂ ਹਟਾਇਆ ਗਿਆ, ਜਿਸ ਤੋਂ ਬਾਅਦ ਪਟੀਸ਼ਨਕਰਤਾ ਸੋਹਣ ਸਿੰਘ ਅਤੇ ਰਬਿੰਦਰ ਸਿੰਘ ਵੱਲੋਂ ਐਡਵੋਕੇਟ ਰਣਜੀਤ ਸਿੰਘ ਬਜਾਜ ਅਤੇ ਸਿਦਕਜੀਤ ਸਿੰਘ ਬਜਾਜ ਨੇ ਪਹਿਲਾਂ ਨੋਟਿਸ ਭੇਜਿਆ ਅਤੇ ਫਿਰ ਕੰਟੈਪਟ ਪਟੀਸ਼ਨ ਦਾਇਰ ਕਰ ਦਿੱਤੀ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਹਾਦਸਾ! ਬਾਰਾਤ ਵਾਲੀ Range Rover ਦੇ ਉੱਡੇ ਪਰਖੱਚੇ
ਲਤੀਫ਼ਪੁਰਾ ਦੀ 120 ਫੁੱਟ ਚੌੜੀ ਮੁੱਖ ਸੜਕ ਅੱਜ ਵੀ ਕਬਜ਼ਿਆਂ ਕਾਰਨ ਪੂਰੀ ਤਰ੍ਹਾਂ ਬੰਦ ਪਈ ਹੈ। 2022 ਦੀ ਭੰਨ-ਤੋੜ ਮੁਹਿੰਮ ਦੇ ਬਾਅਦ ਨਾ ਤਾਂ ਮਲਬਾ ਹਟਾਇਆ ਗਿਆ ਅਤੇ ਨਾ ਹੀ ਸੜਕ ਦੀ ਮੁਰੰਮਤ ਕੀਤੀ ਗਈ। ਬਾਅਦ ਵਿਚ ਉੱਜੜੇ ਲੋਕਾਂ ਨੇ ਅਸਥਾਈ ਝੌਂਪੜੀਆਂ ਬਣਾ ਕੇ ਰਸਤਾ ਫਿਰ ਤੋਂ ਘੇਰ ਲਿਆ, ਜਿਸ ਨਾਲ ਸਕੂਲੀ ਬੱਸਾਂ, ਐਂਬੂਲੈਂਸਾਂ ਅਤੇ ਆਮ ਵਾਹਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

PunjabKesari

2022 ਦੀ ਕਾਰਵਾਈ ਦੇ ਬਾਅਦ ਉੱਜੜੇ ਪਰਿਵਾਰਾਂ ਨੇ ਲਤੀਫਪੁਰਾ ਪੁਨਰਵਾਸ ਮੋਰਚਾ ਬਣਾ ਕੇ ਸਰਕਾਰ ਖ਼ਿਲਾਫ਼ ਅੰਦੋਲਨ ਵੀ ਸ਼ੁਰੂ ਕੀਤਾ ਸੀ। ਆਮ ਆਦਮੀ ਪਾਰਟੀ ਦੇ ਕੁਝ ਸਥਾਨਕ ਆਗੂਆਂ ਨੇ ਆਰੰਭਿਕ ਦਿਨਾਂ ਵਿਚ ਮਦਦ ਦਾ ਭਰੋਸਾ ਦਿੱਤਾ ਪਰ ਸਮਾਂ ਬੀਤਣ ਦੇ ਨਾਲ ਮਾਮਲਾ ਸਿਆਸੀ ਰੂਪ ਨਾਲ ਠੰਢਾ ਪੈ ਗਿਆ। ਨਾ ਹਟਾਏ ਗਏ ਕਬਜ਼ਿਆਂ ’ਤੇ ਕੋਈ ਗੰਭੀਰਤਾ ਦਿਸ ਰਹੀ ਹੈ, ਨਾ ਮੁੜ-ਵਸੇਬੇ ਲਈ ਕੋਈ ਠੋਸ ਕਦਮ ਚੁੱਕਿਆ ਜਾ ਰਿਹਾ ਹੈ।
ਹੁਣ ਸਥਾਨਕ ਨਿਵਾਸੀਆਂ ਨੂੰ ਉਮੀਦ ਹੈ ਕਿ ਅਦਾਲਤ ਵਿਚ ਚੱਲ ਰਹੇ ਮਾਣਹਾਨੀ ਦੇ ਕੇਸ ਕਾਰਨ ਪ੍ਰਸ਼ਾਸਨ ਇਸ ਵਾਰ ਢਿੱਲ ਨਹੀਂ ਵਰਤੇਗਾ ਅਤੇ ਲਤੀਫਪੁਰਾ ਦੀਆਂ ਬੰਦ ਪਈਆਂ ਸੜਕਾਂ ਜਲਦ ਖੁੱਲ੍ਹਣ ਦਾ ਰਸਤਾ ਸਾਫ ਹੋਵੇਗਾ। ਹੁਣ ਇਹ ਸਰਕਾਰ ’ਤੇ ਨਿਰਭਰ ਕਰੇਗਾ ਕਿ ਉਹ ਉੱਜੜੇ ਲੋਕਾਂ ਨੂੰ ਕਿਵੇਂ ਐਡਜਸਟ ਕਰਦੀ ਹੈ।

ਸਰਫੇਸ ਵਾਟਰ ਪ੍ਰਾਜੈਕਟ : ਹੁਣ ਲਤੀਫਪੁਰਾ ਵੱਲ ਮੋੜ ਦਿੱਤਾ ਗਿਆ ਪਾਈਪਲਾਈਨ ਦਾ ਰੂਟ
ਗੁਰਦੁਆਰਾ ਨੌਵੀਂ ਪਾਤਸ਼ਾਹੀ ਜਾਣ ਵਾਲਿਆਂ ਦੀ ਵਧੇਗੀ ਦਿੱਕਤ

ਸਤਲੁਜ ਦਰਿਆ ਦਾ ਪਾਣੀ ਜਲੰਧਰ ਤਕ ਲਿਆ ਕੇ ਉਸ ਨੂੰ ਟ੍ਰੀਟ ਕਰ ਕੇ ਘਰ-ਘਰ ਪਹੁੰਚਾਉਣ ਵਾਲੇ ਸਰਫੇਸ ਵਾਟਰ ਪ੍ਰਾਜੈਕਟ ਤਹਿਤ ਪਹਿਲਾਂ ਜਿਹੜੀ ਪਾਈਪਲਾਈਨ ਸ੍ਰੀ ਗੁਰੂ ਰਵਿਦਾਸ ਚੌਕ ਤੋਂ ਮਾਡਲ ਟਾਊਨ ਸ਼ਮਸ਼ਾਨਘਾਟ ਵੱਲ ਜਾਣੀ ਸੀ, ਉਸ ਦਾ ਰੂਟ ਅਚਾਨਕ ਜੀ. ਟੀ. ਬੀ. ਨਗਰ (ਮੈਨਬ੍ਰੋ ਚੌਕ) ਤੋਂ ਕਾਲੋਨੀ ਦੇ ਅੰਦਰ ਮੋੜ ਦਿੱਤਾ ਗਿਆ ਸੀ। ‘ਜਗ ਬਾਣੀ’ ਨੇ ਜੀ. ਟੀ. ਬੀ. ਨਗਰ ਨਿਵਾਸੀਆਂ ਦੀ ਆਵਾਜ਼ ਉਠਾਈ, ਜਿਸ ਤੋਂ ਬਾਅਦ ਇਸ ਕੰਮ ਨੂੰ ਰੋਕ ਦਿੱਤਾ ਗਿਆ ਪਰ ਉਦੋਂ ਤਕ ਲੱਗਭਗ 50 ਮੀਟਰ ਤੋਂ ਵੱਧ ਪੁਟਾਈ ਹੋ ਚੁੱਕੀ ਸੀ ਅਤੇ ਪਾਈਪਾਂ ਵੀ ਪਾ ਿਦੱਤੀਆਂ ਗਈਆਂ ਸਨ। ਕਈ ਮਹੀਨਿਆਂ ਤਕ ਕੰਮ ਰੁਕਿਆ ਰਿਹਾ ਅਤੇ ਹੁਣ ਪਾਈਪਲਾਈਨ ਦਾ ਰੁਖ਼ ਲਤੀਫ਼ਪੁਰਾ ਵੱਲ ਕਰ ਦਿੱਤਾ ਗਿਆ ਹੈ। ਇਸੇ ਵਿਚਕਾਰ ਕਾਲੋਨੀ ਦੀ ਵਾਟਰ ਸਪਲਾਈ ਦਾ ਕੁਨੈਕਸ਼ਨ ਟੁੱਟ ਜਾਣ ਨਾਲ ਪੂਰੇ ਇਲਾਕੇ ਵਿਚ ਪਾਣੀ ਦੀ ਕਿੱਲਤ ਹੋ ਗਈ ਹੈ।

ਇਹ ਵੀ ਪੜ੍ਹੋ: ਪੰਜਾਬ ਪੁਲਸ ਦੇ ਕਾਂਸਟੇਬਲ ਨੇ ਕੀਤੀ ਖ਼ੁਦਕੁਸ਼ੀ! ਕਮਰੇ 'ਚੋਂ ਮਿਲਿਆ ਸੁਸਾਈਡ ਨੋਟ, ਦੋ ਬੱਚਿਆਂ ਦਾ ਪਿਓ ਸੀ ਮੁਲਾਜ਼ਮ

ਦਿਲਚਸਪ ਗੱਲ ਇਹ ਹੈ ਕਿ ਲਤੀਫ਼ਪੁਰਾ ਵਿਚ ਚੱਲ ਰਹੇ ਜ਼ਮੀਨੀ ਵਿਵਾਦ ਅਤੇ ਸੰਭਾਵਿਤ ਤਣਾਅ ਕਾਰਨ ਪਾਈਪਲਾਈਨ ਦਾ ਰੂਟ ਬਦਲਿਆ ਗਿਆ ਪਰ ਇਸ ਵੱਡੇ ਬਦਲਾਅ ’ਤੇ ਕਿਸੇ ਵੀ ਸਿਆਸੀ ਪਾਰਟੀ ਦੇ ਆਗੂ ਨੇ ਕਾਲੋਨੀ ਨਿਵਾਸੀਆਂ ਦੇ ਹੱਕ ਵਿਚ ਆਵਾਜ਼ ਬੁਲੰਦ ਨਹੀਂ ਕੀਤੀ, ਸਿਰਫ ਕੌਂਸਲਰ-ਪਤੀ ਸੁਰਿੰਦਰ ਸਿੰਘ ਭਾਪਾ ਨੇ ਵਿਰੋਧ ਜਤਾਇਆ, ਜਦੋਂ ਕਿ ਵਧੇਰੇ ‘ਆਪ’ ਆਗੂ ਇਸ ਤੱਥ ਤੋਂ ਵਾਕਿਫ ਹੋਣ ਦੇ ਬਾਵਜੂਦ ਚੁੱਪ ਧਾਰੀ ਬੈਠੇ ਰਹੇ। ਹੁਣ ਲੋਕਾਂ ਦਾ ਮੰਨਣਾ ਹੈ ਕਿ ਗੁਰਦੁਆਰਾ ਨੌਵੀਂ ਪਾਤਸ਼ਾਹੀ ਅਤੇ ਹਾਊਸਿੰਗ ਬੋਰਡ ਇਲਾਕੇ ਵਿਚ ਹੋਣ ਵਾਲੀ ਇਹ ਪੁਟਾਈ ਆਉਣ ਵਾਲੇ ਮਹੀਨਿਆਂ ਵਿਚ ਹਜ਼ਾਰਾਂ ਲੋਕਾਂ ਲਈ ਗੰਭੀਰ ਪ੍ਰੇਸ਼ਾਨੀ ਖੜ੍ਹੀ ਕਰੇਗੀ।

ਮੂਲ ਨਕਸ਼ੇ ਦੇ ਮੁਤਾਬਕ ਇਹ ਲਾਈਨ ਮੈਨਬ੍ਰੋ ਚੌਕ ਤੋਂ ਮਾਡਲ ਟਾਊਨ ਐਕਸਚੇਂਜ ਚੌਕ ਹੁੰਦੇ ਹੋਏ ਲਤੀਫਪੁਰਾ ਦੀ ਮੁੱਖ ਸੜਕ ਤੋਂ ਹੋ ਕੇ ਸ਼ਮਸ਼ਾਨਘਾਟ ਤਕ ਜਾਣੀ ਹੈ, ਜਿਥੇ ਪੁਟਾਈ ਦਾ ਕੰਮ ਸ਼ੁਰੂ ਵੀ ਹੋ ਚੁੱਕਾ ਹੈ। ਸੀਵਰੇਜ ਬੋਰਡ ਦ ੇ ਇਕ ਸੀਨੀਅਰ ਅਧਿਕਾਰੀ ਦੱਸਦੇ ਹਨ ਕਿ ਲਤੀਫਪੁਰਾ ਵਿਚ ਜ਼ਮੀਨੀ ਿਵਵਾਦ ਅਤੇ ਉਥੋਂ ਦੀ ਸੰਭਾਵਿਤ ਅਸ਼ਾਂਤੀ ਨੂੰ ਦੇਖਦੇ ਹੋਏ ਹੀ ਰੂਟ ਬਦਲਣ ਦਾ ਫੈਸਲਾ ਨਗਰ ਨਿਗਮ, ਸੀਵਰੇਜ ਬੋਰਡ, ਇੰਪਰੂਵਮੈਂਟ ਟਰੱਸਟ ਅਤੇ ਐੱਲ. ਐਂਡ ਟੀ. ਕੰਪਨੀ ਦੀ ਸਾਂਝੀ ਮੀਟਿੰਗ ਵਿਚ ਲਿਆ ਗਿਆ ਸੀ।

ਇਹ ਵੀ ਪੜ੍ਹੋ: ਪੰਜਾਬ 'ਚ 65 ਐਂਟਰੀ/ਐਗਜ਼ਿਟ ਪੁਆਇੰਟ ਸੀਲ! ਚੱਪੇ-ਚੱਪੇ 'ਤੇ ਲੱਗੇ ਨਾਕੇ, ਵੱਡੀ ਗਿਣਤੀ 'ਚ ਪੁਲਸ ਫੋਰਸ ਤਾਇਨਾਤ

ਹਾਲਾਂਕਿ ਇਲਾਕੇ ਵਿਚ ਚਰਚਾ ਇਹ ਵੀ ਹੈ ਕਿ ਜੇਕਰ ਪ੍ਰਸ਼ਾਸਨ ਇੱਛਾ ਸ਼ਕਤੀ ਦਿਖਾਉਂਦਾ ਹੈ ਤਾਂ ਲਤੀਫਪੁਰਾ ਦੀ 120 ਫੁੱਟ ਚੌੜੀ ਸੜਕ ’ਤੇ ਪਾਈਪ ਪਾਉਣਾ ਮੁਸ਼ਕਲ ਕੰਮ ਨਹੀਂ ਸੀ। ਵਿਭਾਗਾਂ ਵੱਲੋਂ ਸੰਭਾਵਿਤ ਵਿਰੋਧ ਤੋਂ ਬਚਣ ਲਈ ਦਿਖਾਈ ਗਈ ਇਹ ਬੁਜ਼ਦਿਲੀ ਹੁਣ ਜੀ. ਟੀ. ਬੀ. ਨਗਰ ਅਤੇ ਆਲੇ-ਦੁਆਲੇ ਦੀਆਂ ਕਾਲੋਨੀਆਂ ਨੂੰ ਮਹੀਨਿਆਂ ਦੇ ਝੰਜਟ ਵਿਚ ਪਾ ਚੁੱਕੀ ਹੈ। ਆਉਣ ਵਾਲਾ ਸਾਲ ਵੀ ਇਨ੍ਹਾਂ ਇਲਾਕਿਆਂ ਲਈ ਮੁਸ਼ਕਲਾਂ ਭਰਿਆ ਦਿਸ ਰਿਹਾ ਹੈ ਕਿਉਂਕਿ ਇਹ ਮਾਰਗ ਗੁਰਦੁਆਰਾ ਨੌਵੀਂ ਪਾਤਸ਼ਾਹੀ ਅਤੇ ਹਾਊਸਿੰਗ ਬੋਰਡ ਕਾਲੋਨੀ ਤਕ ਜਾਣ ਦਾ ਮੁੱਖ ਰਸਤਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਹਜ਼ਾਰਾਂ ਸ਼ਰਧਾਲੂ ਗੁਰਦੁਆਰਾ ਨੌਵੀਂ ਪਾਤਸ਼ਾਹੀ ਪਹੁੰਚਦੇ ਹਨ ਅਤੇ ਪਾਈਪਲਾਈਨ ਦੀ ਪੁਟਾਈ ਕਾਰਨ ਸਾਲ ਭਰ ਤਕ ਇਸ ਮਾਰਗ ’ਤੇ ਭਾਰੀ ਦਿੱਕਤਾਂ ਬਣੀਆਂ ਰਹਿੰਦੀਆਂ। ਲੋਕਾਂ ਦੀਆਂ ਉਮੀਦਾਂ ਹੁਣ ਇਸ ਗੱਲ ’ਤੇ ਟਿਕ ਗਈਆਂ ਹਨ ਕਿ ਪ੍ਰਸ਼ਾਸਨ ਅੱਗੇ ਹੋਣ ਵਾਲੀ ਪੁਟਾਈ ਅਤੇ ਸੜਕ ਦੀ ਮੁਰੰਮਤ ਨੂੰ ਵਿਵਸਥਿਤ ਢੰਗ ਨਾਲ ਕਰਵਾਏ ਤਾਂ ਕਿ ਜਨ-ਜੀਵਨ ਪੂਰੀ ਤਰ੍ਹਾਂ ਅਸਤ-ਵਿਅਸਤ ਨਾ ਹੋਵੇ।

ਇਹ ਵੀ ਪੜ੍ਹੋ: ਪੰਜਾਬ 'ਚ ਰਿਸ਼ਤੇ ਹੋਏ ਤਾਰ-ਤਾਰ! ਸਕੀ ਭੂਆ ਦੇ ਮੁੰਡੇ ਨੇ ਕਤਲ ਕਰਵਾਇਆ ਮਾਮੇ ਦਾ ਪੁੱਤ, ਦਿੱਤੀ ਰੂਹ ਕੰਬਾਊ ਮੌਤ


author

shivani attri

Content Editor

Related News