ਦੇਸ਼ ’ਚ ਮੰਕੀਪਾਕਸ ਦੀ ਦਹਿਸ਼ਤ! ਕੇਂਦਰੀ ਸਿਹਤ ਮੰਤਰੀ ਨੇ ਕਿਹਾ- ਡਰਨ ਦੀ ਨਹੀਂ, ਸਾਵਧਾਨ ਰਹਿਣ ਦੀ ਲੋੜ
Tuesday, Aug 02, 2022 - 03:03 PM (IST)
ਨਵੀਂ ਦਿੱਲੀ– ਕੇਂਦਰੀ ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਮਨਸੁੱਖ ਮਾਂਡਵੀਆ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤ ’ਚ ਅਜੇ ਤੱਕ ਮੰਕੀਪਾਕਸ ਦੇ 8 ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਇਸ ਬੀਮਾਰੀ ਨੂੰ ਫੈਲਣ ਤੋਂ ਰੋਕਣ ਲਈ ਹਰਸੰਭਵ ਨਿਗਰਾਨੀ ਕੀਤੀ ਜਾ ਰਹੀ ਹੈ। ਰਾਜ ਸਭਾ ’ਚ ਪ੍ਰਸ਼ਨਕਾਲ ਦੌਰਾਨ ਮੰਕੀਪਾਕਸ ਨਾਲ ਜੁੜੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਮਾਂਡਵੀਆ ਨੇ ਇਹ ਵੀ ਕਿਹਾ ਕਿ ਇਸ ਤੋਂ ਘਬਰਾਉਣ ਜਾਂ ਡਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਇਹ ਕੋਵਿਡ-19 ਬੀਮਾਰੀ ਵਾਂਗ ਤੇਜ਼ੀ ਨਾਲ ਨਹੀਂ ਫੈਲਦਾ, ਸਗੋਂ ਬਹੁਤ ਨੇੜਲੇ ਸੰਪਰਕ ’ਚ ਆਉਣ ’ਤੇ ਹੀ ਇਹ ਵਾਇਰਸ ਫੈਲਦਾ ਹੈ। ਸਿਹਤ ਮੰਤਰੀ ਨੇ ਕਿਹਾ ਕਿ ਮੰਕੀਪਾਕਸ ਵਾਇਰਸ ਦੀ ਜਾਂਚ ਲਈ ਦੇਸ਼ ਦੀਆਂ 15 ਸੰਸਥਾਵਾਂ ਨੂੰ ਨਿਸ਼ਾਨਬੱਧ ਕੀਤਾ ਗਿਆ ਹੈ ਅਤੇ ਲੋੜ ਪੈਣ ’ਤੇ ਹੋਰ ਸੰਸਥਾਵਾਂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ- ਮੰਕੀਪਾਕਸ ਦਾ ਖ਼ਤਰਾ; 21 ਦਿਨ ਦਾ ਇਕਾਂਤਵਾਸ, ਮਾਸਕ ਵੀ ਲਾਜ਼ਮੀ, ਜਾਣੋ ਕੇਂਦਰ ਦੇ ਨਵੇਂ ਦਿਸ਼ਾ-ਨਿਰਦੇਸ਼
ਮੰਕੀਪਾਕਸ ਤੋਂ ਘਬਰਾਉਣ ਦੀ ਨਹੀਂ, ਸਾਵਧਾਨ ਰਹਿਣ ਦੀ ਲੋੜ
ਮਾਂਡਵੀਆ ਨੇ ਕਿਹਾ ਕਿ ਮੰਕੀਪਾਕਸ ਦਾ ਵਾਇਰਸ ਕੋਈ ਨਵਾਂ ਨਹੀਂ ਹੈ। ਪਹਿਲੀ ਵਾਰ ਇਹ 1970 ’ਚ ਅਫ਼ਰੀਕਾ ਤੋਂ ਲੈ ਕੇ ਦੁਨੀਆ ਦੇ ਕੁਝ ਹੋਰ ਦੇਸ਼ਾਂ ’ਚ ਪਾਇਆ ਗਿਆ ਸੀ। ਜਦੋਂ ਮੌਜੂਦਾ ਸਮੇਂ ’ਚ ਇਸ ਦੇ ਮਾਮਲੇ ਦਿੱਸਣ ਲੱਗੇ ਤਾਂ ਜਾ ਕੇ ਵਿਸ਼ਵ ਸਿਹਤ ਸੰਗਠਨ (WHO) ਨੇ ਇਸ ’ਤੇ ਖ਼ਾਸ ਧਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਹੁਤ ਨੇੜੇ ਸੰਪਰਕ ’ਚ ਆਉਣ ’ਤੇ ਹੀ ਇਹ ਵਾਇਰਸ ਫੈਲਦਾ ਹੈ, ਜਿਵੇਂ ਮਾਂ ਤੋਂ ਬੱਚੇ ’ਚ ਅਤੇ ਪਤੀ ਤੋਂ ਪਤਨੀ ਜਾਂ ਪਤਨੀ ਤੋਂ ਪਤੀ ’ਚ।
ਮਾਂਡਵੀਆ ਨੇ ਕਿਹਾ, ''ਹਾਲਾਂਕਿ ਕਿਸੇ ਵੀ ਬੀਮਾਰੀ ਨੂੰ ਹਲਕੇ 'ਚ ਨਹੀਂ ਲੈਣਾ ਚਾਹੀਦਾ ਪਰ ਮੰਕੀਪਾਕਸ ਤੋਂ ਘਬਰਾਉਣ ਜਾਂ ਡਰਨ ਦੀ ਲੋੜ ਨਹੀਂ ਹੈ। ਇਸ ਤੋਂ ਵੱਡਾ ਖ਼ਤਰਾ ਨਹੀਂ ਹੈ। ਜੇਕਰ ਅਸੀਂ ਥੋੜ੍ਹਾ ਜਿਹਾ ਵੀ ਸਾਵਧਾਨ ਹੋਵਾਂਗੇ, ਤਾਂ ਅਸੀਂ ਇਸ 'ਤੇ ਕਾਬੂ ਪਾ ਸਕਦੇ ਹਾਂ।
ਇਹ ਵੀ ਪੜ੍ਹੋ- ਦੇਸ਼ 'ਚ ਮੰਕੀਪਾਕਸ ਨਾਲ ਪਹਿਲੀ ਮੌਤ, UAE ਤੋਂ ਪਰਤੇ ਨੌਜਵਾਨ ਦੀ ਮੌਤ ਉਪਰੰਤ ਰਿਪੋਰਟ ਆਈ ਪਾਜ਼ੇਟਿਵ
ਨੀਤੀ ਆਯੋਗ ਨੇ ਟਾਸਕ ਫੋਰਸ ਦਾ ਕੀਤਾ ਗਠਨ
ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਕੋਵਿਡ-19 ਤੋਂ ਸੀਖ ਲੈਂਦੇ ਹੋਏ ਸਰਕਾਰ ਨੇ ਪਹਿਲਾਂ ਹੀ ਮੰਕੀਪਾਕਸ ਨਾਲ ਨਜਿੱਠਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ। ਭਾਰਤ ’ਚ ਮੰਕੀਪਾਕਸ ਦਾ ਪਹਿਲਾ ਮਾਮਲਾ 14 ਜੁਲਾਈ ਨੂੰ ਸਾਹਮਣੇ ਆਇਆ ਸੀ। ਅੱਜ ਦੀ ਤਾਰੀਖ਼ ਤੱਕ 8 ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ’ਚੋਂ 5 ਮਾਮਲੇ ਅਜਿਹੇ ਹਨ, ਜਿਨ੍ਹਾਂ ’ਚ ਪੀੜਤ ਲੋਕ ਵਿਦੇਸ਼ਾਂ ਤੋਂ ਭਾਰਤ ਆਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਵਾਇਰਸ ਦੇ ਫੈਲਾਅ ’ਤੇ ਨਿਗਰਾਨੀ ਲਈ ਨੀਤੀ ਆਯੋਗ ਨੇ ਇਕ ਟਾਸਕ ਫੋਰਸ ਦਾ ਗਠਨ ਕੀਤਾ ਹੈ। ਜਿੱਥੇ ਕਿਤੇ ਵੀ ਇਸ ਬੀਮਾਰੀ ਦੇ ਕੇਸ ਆ ਰਹੇ ਹਨ, ਉੱਥੇ ਕੇਂਦਰੀ ਟੀਮ ਭੇਜੀ ਜਾ ਰਹੀ ਹੈ ਅਤੇ ਉਹ ਸੂਬਿਆਂ ਨੂੰ ਸਹਿਯੋਗ ਕਰ ਰਹੀ ਹੈ।
ਇਹ ਵੀ ਪੜ੍ਹੋ- ਮੰਕੀਪਾਕਸ ਨੇ ਦੁਨੀਆ 'ਚ ਮਚਾਈ ਹਲ-ਚਲ, ਜਾਣੋ ਇਸ ਦੇ ਲੱਛਣ ਅਤੇ ਸੰਕੇਤ
ਅਜੇ ਤੱਕ ਕੋਈ ਟੀਕਾ ਨਹੀਂ ਆਇਆ-
ਸਿਹਤ ਮੰਤਰੀ ਮਾਂਡਵੀਆ ਨੇ ਕਿਹਾ ਕਿ ਮੰਕੀਪਾਕਸ ਦਾ ਅਜੇ ਤੱਕ ਕੋਈ ਟੀਕਾ ਸਾਹਮਣੇ ਨਹੀਂ ਆਇਆ ਹੈ। ਸਿਰਫ ਅੰਕਾਰਾ ’ਚ ਚੇਚਕ ਦੇ ਨਜਦੀਕ ਦਾ ਇਕ ਟੀਕਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ’ਚ ਮੰਕੀਪਾਕਸ ਦੇ ਵਾਇਰਸ ਨੂੰ ‘ਆਈਸੋਲੇਟ’ (ਵੱਖ) ਕਰ ਲਿਆ ਹੈ ਅਤੇ ਇਸ ਨੂੰ ਵਿਗਿਆਨਕ ਅਤੇ ਸ਼ੋਧ ਕਰਨ ਵਾਲੀਆਂ ਸੰਸਥਾਵਾਂ ਨੂੰ ਦਿੱਤਾ ਜਾਵੇਗਾ, ਤਾਂ ਕਿ ਇਸ ਦਾ ਟੀਕਾ ਵਿਕਸਿਤ ਕੀਤਾ ਜਾ ਸਕੇ। ਉਨ੍ਹਾਂ ਨੇ ਉਮੀਦ ਜਤਾਈ ਕਿ ਜਿਸ ਤਰ੍ਹਾਂ ਭਾਰਤੀ ਵਿਗਿਆਨੀਆਂ ਨੇ ਕੋਵਿਡ-19 ਰੋਕੂ ਟੀਕਿਆਂ ਦਾ ਈਜਾਦ ਕੀਤਾ, ਉਸ ਤਰ੍ਹਾਂ ਉਨ੍ਹਾਂ ਨੂੰ ਮੰਕੀਪਾਕਸ ਦੇ ਟੀਕੇ ਵਿਕਸਿਤ ਕਰਨ ’ਚ ਵੀ ਸਫ਼ਲਤਾ ਮਿਲੇਗੀ।