ਹੇਮੰਤ ਸੋਰੇਨ ਖ਼ਿਲਾਫ਼ ਮਨੀ ਲਾਂਡਰਿੰਗ ਦਾ ਮਾਮਲਾ : ED ਨੇ ਕੀਤੀ ਤੀਜੀ ਗ੍ਰਿਫ਼ਤਾਰੀ
Tuesday, Apr 09, 2024 - 12:48 PM (IST)
ਰਾਂਚੀ (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਖ਼ਿਲਾਫ਼ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਿਲਸਿਲੇ 'ਚ ਤੀਜੀ ਗ੍ਰਿਫ਼ਤਾਰੀ ਕੀਤੀ ਹੈ। ਅਧਿਕਾਰਤ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਮੁਹੰਮਦ ਸੱਦਾਮ ਝਾਰਖੰਡ ਦੇ ਇਕ ਜ਼ਮੀਨ ਘਪਲੇ ਮਾਮਲੇ 'ਚ ਜੇਲ੍ਹ 'ਚ ਬੰਦ ਸੀ ਅਤੇ ਅਦਾਲਤ 'ਚ ਇਕ ਅਰਜ਼ੀ ਦਾਖ਼ਲ ਕਰਨ ਤੋਂ ਬਾਅਦ ਕੇਂਦਰੀ ਏਜੰਸੀ ਨੇ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ ਦੇ ਅਧੀਨ ਉਸ ਨੂੰ ਹਿਰਾਸਤ 'ਚ ਲੈ ਲਿਆ। ਇਹ ਇਸ ਮਾਮਲੇ 'ਚ ਤੀਜੀ ਗ੍ਰਿਫ਼ਤਾਰੀ ਹੈ।
ਇਸ ਤੋਂ ਪਹਿਲਾਂ ਇਸ ਮਾਮਲੇ 'ਚ 48 ਸਾਲਾ ਸੋਰੇਨ ਅਤੇ ਰਾਜ ਸਰਕਾਰ ਦੇ ਮਾਲੀਆ ਵਿਭਾਗ ਦੇ ਸਾਬਕਾ ਸਬ ਇੰਸਪੈਕਟਰ ਭਾਨੂ ਪ੍ਰਤਾਪ ਪ੍ਰਸਾਦ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਸੱਦਾਮ 'ਤੇ ਰਾਂਚੀ 'ਚ 8.86 ਏਕੜ ਜ਼ਮੀਨ ਨਾਲ ਸੰਬੰਧਤ 'ਫਰਜ਼ੀ' ਜ਼ਮੀਨ ਰਿਕਾਰਡ ਰੱਖਣ ਦਾ ਦੋਸ਼ ਹੈ। ਡਾਇਰੈਕਟੋਰੇਟ ਦਾ ਦੋਸ਼ ਹੈ ਕਿ ਝਾਰਖੰਡ ਮੁਕਤੀ ਮੋਰਚਾ (ਜੇ.ਐੱਮ.ਐੱਮ.) ਦੇ ਨੇਤਾ ਨੇ ਇਹ ਜ਼ਮੀਨ ਗੈਰ-ਕਾਨੂੰਨੀ ਰੂਪ ਨਾਲ ਹਾਸਲ ਕੀਤੀ ਸੀ। ਸੋਰੇਨ ਵਲੋਂ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਕੁਝ ਹੀ ਦੇਰ ਬਾਅਦ ਈ.ਡੀ. ਨੇ ਉਨ੍ਹਾਂ ਨੂੰ ਜਨਵਰੀ 'ਚ ਗ੍ਰਿਫ਼ਤਾਰ ਕਰ ਲਿਆ ਸੀ। ਉਹ ਫਿਲਹਾਲ ਨਿਆਇਕ ਹਿਰਾਸਤ ਦੇ ਅਧੀਨ ਰਾਂਚੀ ਦੀ ਬਿਰਸਾ ਮੁੰਡਾ ਜੇਲ੍ਹ 'ਚ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e