ED ਦੀ ਕਾਰਵਾਈ; ਰਾਣਾ ਸ਼ੂਗਰਜ਼ ਲਿਮਟਿਡ ਦੀ 22.02 ਕਰੋੜ ਦੀ ਜਾਇਦਾਦ ਜ਼ਬਤ

Friday, Apr 04, 2025 - 12:19 AM (IST)

ED ਦੀ ਕਾਰਵਾਈ; ਰਾਣਾ ਸ਼ੂਗਰਜ਼ ਲਿਮਟਿਡ ਦੀ 22.02 ਕਰੋੜ ਦੀ ਜਾਇਦਾਦ ਜ਼ਬਤ

ਚੰਡੀਗੜ੍ਹ (ਅੰਕੁਰ)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਜਲੰਧਰ ਨੇ ਰਾਣਾ ਸ਼ੂਗਰਜ਼ ਲਿਮਟਿਡ ਦੀ 22.02 ਕਰੋੜ ਦੀ ਅਚੱਲ ਜਾਇਦਾਦ ਜ਼ਬਤ ਕਰ ਲਈ ਹੈ। ਇਹ ਕੰਪਨੀ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਹੈ, ਜਿਨ੍ਹਾਂ ਦੇ ਪੁੱਤਰ ਰਾਣਾ ਇੰਦਰਪ੍ਰਤਾਪ ਸਿੰਘ ਸੁਲਤਾਨਪੁਰ ਲੋਧੀ ਤੋਂ ਆਜ਼ਾਦ ਵਿਧਾਇਕ ਹਨ। ਈ. ਡੀ. ਮੁਤਾਬਕ ਇਹ ਕਾਰਵਾਈ ਫਾਰੇਨ ਐਕਸਚੇਂਜ ਮੈਨੇਜਮੈਂਟ ਐਕਟ (ਫੇਮਾ), 1999 ਦੀ ਧਾਰਾ 37ਏ ਤਹਿਤ ਕੀਤੀ ਗਈ ਹੈ। ਈ. ਡੀ. ਮੁਤਾਬਕ ਇਸ ਕੰਪਨੀ ਨੇ ਫੇਮਾ, 1999 ਦੀ ਧਾਰਾ 4 ਦੀ ਉਲੰਘਣਾ ਕਰਦਿਆਂ ਵਿਦੇਸ਼ ’ਚ ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ੀ ਮੁਦਰਾ ਰੱਖੀ।
ਈ.ਡੀ. ਨੇ ਰਾਣਾ ਸ਼ੂਗਰਜ਼ ਲਿਮਟਿਡ, ਇਸ ਦੇ ਪ੍ਰਮੋਟਰਾਂ, ਡਾਇਰੈਕਟਰਾਂ ਤੇ ਹੋਰ ਲੋਕਾਂ ਵਿਰੁੱਧ ਫੇਮਾ ਤਹਿਤ ਜਾਂਚ ਸ਼ੁਰੂ ਕੀਤੀ। ਜਾਂਚ ਗਲੋਬਲ ਡਿਪਾਜਟਰੀ ਰਸੀਦਾਂ ਜਾਰੀ ਕਰਨ ਤੇ ਉਨ੍ਹਾਂ ਦੀ ਪੂਰੀ ਰਕਮ ਉਦੇਸ਼ਿਤ ਮਕਸਦ ਲਈ ਨਾ ਵਰਤਣ ਦੇ ਮਾਮਲੇ ’ਚ ਕੀਤੀ ਗਈ।

ਈ.ਡੀ. ਦੀ ਜਾਂਚ ’ਚ ਸਾਹਮਣੇ ਆਇਆ ਕਿ ਰਾਣਾ ਸ਼ੂਗਰਜ਼ ਲਿਮਟਿਡ ਨੇ ਜੀ.ਡੀ.ਆਰ. ਦੀ ਪੂਰੀ ਰਕਮ ਭਾਰਤ ਨਹੀਂ ਲਿਆਂਦੀ ਤੇ 2.56 ਮਿਲੀਅਨ (22.02 ਕਰੋੜ) ਦੀ ਰਕਮ ਵਿਦੇਸ਼ ’ਚ ਹੀ ਰੱਖੀ, ਜੋ ਕਿ ਫੇਮਾ, 1999 ਦੀ ਧਾਰਾ 4 ਦੀ ਉਲੰਘਣਾ ਹੈ। ਈ. ਡੀ. ਵਲੋਂ ਇਸ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ। ਦੋ ਮਹੀਨੇ ਪਹਿਲਾਂ ਇਨਕਮ ਟੈਕਸ ਵਿਭਾਗ ਨੇ ਰਾਣਾ ਗੁਰਜੀਤ ਸਿੰਘ ਦੇ ਘਰ ਤੇ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਸੀ। ਪਿਛਲੇ ਮਹੀਨੇ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ ਵੀ 3.82 ਕਰੋੜ ਦੀ ਰਿਹਾਇਸ਼ੀ ਜਾਇਦਾਦ ਈ. ਡੀ. ਵਲੋਂ ਅਟੈਚ ਕੀਤੀ ਗਈ ਸੀ।


author

DILSHER

Content Editor

Related News