ਪੁਲਵਾਮਾ ਹਮਲੇ ’ਚ ਸ਼ਾਮਲ ਔਰੰਗਜ਼ੇਬ ਅੱਤਵਾਦੀ ਘੋਸ਼ਿਤ, ਗ੍ਰਹਿ ਮੰਤਰਾਲਾ ਨੇ ਜਾਰੀ ਕੀਤਾ ਨੋਟੀਫਿਕੇਸ਼ਨ
Tuesday, Apr 12, 2022 - 12:00 PM (IST)

ਨਵੀਂ ਦਿੱਲੀ (ਭਾਸ਼ਾ)- ਸਰਕਾਰ ਨੇ ਸੋਮਵਾਰ ਨੂੰ ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ਼) ਦੀ ਬੱਸ 'ਤੇ 2019 ਦੇ ਅੱਤਵਾਦੀ ਹਮਲੇ 'ਚ ਸ਼ਾਮਲ ਪਾਕਿਸਤਾਨੀ ਨਾਗਰਿਕ ਮੋਹੀਉਦੀਨ ਔਰੰਗਜ਼ੇਬ ਆਲਮਗੀਰ ਨੂੰ ਅੱਤਵਾਦੀ ਐਲਾਨ ਕਰ ਦਿੱਤਾ ਹੈ। ਪੁਲਵਾਮਾ 'ਚ 14 ਫਰਵਰੀ, 2019 ਗੇ ਹਮਲੇ 'ਚ ਸੀ.ਆਰ.ਪੀ.ਐੱਫ. ਦੇ 40 ਜਵਾਨ ਸ਼ਹੀਦ ਹੋਏ ਸਨ। ਲਗਭਗ ਪੰਦਰਵਾੜੇ ਬਾਅਦ, ਭਾਰਤ ਨੇ ਜਵਾਬੀ ਕਾਰਵਾਈ ਵਿਚ ਪਾਕਿਸਤਾਨ ਦੇ ਅੰਦਰ ਸਥਿਤ ਅੱਤਵਾਦੀ ਕੈਂਪਾਂ 'ਤੇ ਹਵਾਈ ਹਮਲੇ ਕੀਤੇ। ਸਰਕਾਰ ਨੇ ਸ਼ੁੱਕਰਵਾਰ ਨੂੰ ਅੱਤਵਾਦੀ ਸਮੂਹ ਲਸ਼ਕਰ-ਏ-ਤੋਇਬਾ (LeT) ਦੇ ਪ੍ਰਮੁੱਖ ਨੇਤਾ ਅਤੇ 26/11 ਮੁੰਬਈ ਅੱਤਵਾਦੀ ਹਮਲਿਆਂ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦੇ ਪੁੱਤਰ ਹਾਫਿਜ਼ ਤਲਹਾ ਸਈਦ ਨੂੰ ਅੱਤਵਾਦੀ ਘੋਸ਼ਿਤ ਕੀਤਾ ਸੀ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇਕ ਨੋਟੀਫਿਕੇਸ਼ਨ 'ਚ ਕਿਹਾ ਕਿ ਆਲਮਗੀਰ (39), ਜਿਸ ਨੂੰ ਮਕਤਬ ਅਮੀਰ, ਮੁਜਾਹਿਦ ਭਾਈ ਅਤੇ ਮੁਹੰਮਦ ਭਾਈ ਵਜੋਂ ਜਾਣਿਆ ਜਾਂਦਾ ਹੈ, ਪੁਲਵਾਮਾ 'ਚ ਸੀ.ਆਰ.ਪੀ.ਐੱਫ. ਦੇ ਕਾਫਲੇ 'ਤੇ ਹਮਲੇ 'ਚ ਸ਼ਾਮਲ ਸੀ।
ਉਹ ਜੈਸ਼-ਏ-ਮੁਹੰਮਦ (JeM) ਵਲੋਂ ਭਾਰਤ ਵਿਰੋਧੀ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਰਿਹਾ ਹੈ ਅਤੇ ਪਾਕਿਸਤਾਨੀ ਨਾਗਰਿਕਾਂ ਤੋਂ ਸੰਗਠਨ ਲਈ ਫੰਡ ਇਕੱਠਾ ਕਰਨ ਅਤੇ ਕਸ਼ਮੀਰ 'ਚ ਫੰਡ ਟ੍ਰਾਂਸਫਰ ਕਰਨ ਦੀਆਂ ਗਤੀਵਿਧੀਆਂ 'ਚ ਸ਼ਾਮਲ ਹੈ। ਆਲਮਗੀਰ ਅਫਗਾਨ ਲੜਾਕਿਆਂ ਦੀ ਘੁਸਪੈਠ ਅਤੇ ਜੰਮੂ-ਕਸ਼ਮੀਰ 'ਚ ਭਾਰਤੀ ਸੁਰੱਖਿਆ ਫ਼ੋਰਸਾਂ 'ਤੇ ਅੱਤਵਾਦੀ ਹਮਲਿਆਂ ਦਾ ਤਾਲਮੇਲ ਕਰਨ 'ਚ ਸ਼ਾਮਲ ਰਿਹਾ ਹੈ। ਮੰਤਰਾਲੇ ਨੇ ਕਿਹਾ ਕਿ ਆਲਮਗੀਰ ਦੀਆਂ ਸਾਰੀਆਂ ਗਤੀਵਿਧੀਆਂ ਨੂੰ ਧਿਆਨ 'ਚ ਰੱਖਦੇ ਹੋਏ, ਉਸ ਨੂੰ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੇ ਤਹਿਤ ਇਕ ਅੱਤਵਾਦੀ ਵਜੋਂ ਸੂਚਿਤ ਕੀਤਾ ਗਿਆ ਹੈ। ਆਲਮਗੀਰ 33ਵਾਂ ਵਿਅਕਤੀ ਹੈ ਜਿਸ ਨੂੰ ਸਰਕਾਰ ਨੇ ਅੱਤਵਾਦੀ ਐਲਾਨਿਆ ਹੈ। 1 ਜਨਵਰੀ 1983 ਨੂੰ ਜਨਮਿਆ ਅਤੇ ਪਾਕਿਸਤਾਨ ਦੇ ਪੰਜਾਬ ਦੇ ਬਹਾਵਲਪੁਰਦਾ ਰਹਿਣ ਵਾਲਾ, ਆਲਮਗੀਰ ਜੈਸ਼-ਏ-ਮੁਹੰਮਦ ਦਾ ਇਕ ਸੀਨੀਅਰ ਨੇਤਾ ਹੈ। ਜੈਸ਼ ਭਾਰਤ ਵਿਚ ਕਈ ਘਾਤਕ ਹਮਲਿਆਂ ਲਈ ਜ਼ਿੰਮੇਵਾਰ ਰਿਹਾ ਹੈ, ਜਿਸ ਵਿਚ ਕਈ ਸਾਲਾਂ ਤੋਂ ਬਹੁਤ ਸਾਰੇ ਨਾਗਰਿਕ ਅਤੇ ਸੁਰੱਖਿਆ ਕਰਮਚਾਰੀ ਮਾਰੇ ਗਏ ਹਨ। ਇਸ ਸੰਗਠਨ ਨੇ ਜ਼ਿਆਦਾਤਰ ਹਮਲੇ ਜੰਮੂ-ਕਸ਼ਮੀਰ 'ਚ ਕੀਤੇ ਹਨ। ਜੈਸ਼-ਏ-ਮੁਹੰਮਦ ਦੇ ਸੰਸਥਾਪਕ ਮੌਲਾਨਾ ਮਸੂਦ ਅਜ਼ਹਰ, ਲਸ਼ਕਰ-ਏ-ਤੋਇਬਾ ਦੇ ਸੰਸਥਾਪਕ ਹਾਫ਼ਿਜ਼ ਸਈਦ ਅਤੇ ਲਸ਼ਕਰ-ਏ-ਤੋਇਬਾ ਦੇ 'ਆਪਰੇਸ਼ਨਲ ਕਮਾਂਡਰ' ਜ਼ਕੀਉਰ ਰਹਿਮਾਨ ਲਖਵੀ ਭਾਰਤ ਦੇ ਸਭ ਤੋਂ ਵੱਧ ਲੋੜੀਂਦੇ ਅੱਤਵਾਦੀਆਂ 'ਚ ਸ਼ਾਮਲ ਹਨ।