''ਉਲਝਣਾਂ ’ਚ ਫਸੀ ਦੁਨੀਆ ਲਈ ਅੱਜ ਵੀ ਹੱਲ ਪ੍ਰਦਾਨ ਕਰਦੀ ਹੈ ਗੀਤਾ'' : ਮੋਹਨ ਭਾਗਵਤ

Monday, Nov 24, 2025 - 12:28 PM (IST)

''ਉਲਝਣਾਂ ’ਚ ਫਸੀ ਦੁਨੀਆ ਲਈ ਅੱਜ ਵੀ ਹੱਲ ਪ੍ਰਦਾਨ ਕਰਦੀ ਹੈ ਗੀਤਾ'' : ਮੋਹਨ ਭਾਗਵਤ

ਨੈਸ਼ਨਲ ਡੈਸਕ- ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਸਰਸੰਘਚਾਲਕ ਡਾ. ਮੋਹਨ ਰਾਓ ਭਾਗਵਤ ਨੇ ਕਿਹਾ ਹੈ ਕਿ ਉਲਝਣਾਂ ’ਚ ਫਸੀ ਦੁਨੀਆ ਲਈ ਸ਼੍ਰੀਮਦ ਭਗਵਦ ਗੀਤਾ ਅਜ ਵੀ ਸਦੀਵੀ ਮਾਰਗਦਰਸ਼ਨ ਤੇ ਹੱਲ ਪ੍ਰਦਾਨ ਕਰਦੀ ਹੈ।

ਜਨੇਸ਼ਵਰ ਮਿਸ਼ਰਾ ਪਾਰਕ ਵਿਖੇ ਆਯੋਜਿਤ ‘ਦਿਵਿਆ ਗੀਤਾ ਪ੍ਰੇਰਣਾ ਉਤਸਵ’ ਨੂੰ ਸੰਬੋਧਨ ਕਰਗਿਆਂ ਉਨ੍ਹਾਂ ਨੈਤਿਕ ਉਲਝਨਾਂ, ਟਕਰਾਅ ਤੇ ਸ਼ਾਂਤੀ ਦੀ ਘਾਟ ਤੋਂ ਪੀੜਤ ਵਿਸ਼ਵ ਪੱਧਰੀ ਦ੍ਰਿਸ਼ ’ਤੇ ਚਿੰਤਾ ਪ੍ਰਗਟਾਈ ਤੇ ਕਿਹਾ ਕਿ ਇਸ ਸਮਾਗਮ ਦਾ ਮੰਤਵ ਸਿਰਫ਼ ਇਕ ਰਸਮੀ ਕਾਰਵਾਈ ਨਹੀਂ ਸਗੋਂ ਲੋਕਾਂ ਨੂੰ ਗੀਤਾ ਅਨੁਸਾਰ ਜੀਵਨ ਜਿਊਣ ਲਈ ਪ੍ਰੇਰਿਤ ਕਰਨਾ ਵੀ ਹੈ। ਗੀਤਾ ਨੂੰ ਸਿਰਫ਼ ਸੁਣਨਾ ਨਹੀਂ ਹੈ, ਇਸ ’ਤੇ ਅਮਲ ਕਰ ਕੇ ਜੀਉਣਾ ਹੈ। ਇਸ ਦੇ 700 ਸ਼ਲੋਕਾਂ ਨੂੰ ਪੜ੍ਹਨਾ ਤੇ ਉਨ੍ਹਾਂ ਨੂੰ ਰੋਜ਼ਾਨਾ ਦੇ ਜੀਵਨ ’ਚ ਸ਼ਾਮਲ ਕਰਨਾ ਅਹਿਮ ਹੈ।

ਕੁਰੂਕਸ਼ੇਤਰ ’ਚ ਅਰਜੁਨ ਦੀ ਦੁਬਿਧਾ ਤੇ ਅੱਜ ਦੀ ਵਿਸ਼ਵ ਪੱਧਰੀ ਸਥਿਤੀ ਦਰਮਿਆਨ ਬਰਾਬਰੀ ਖਿੱਚਦੇ ਹੋਏ ਭਾਗਵਤ ਨੇ ਕਿਹਾ ਕਿ ਭੌਤਿਕ ਤਰੱਕੀ ਦੇ ਬਾਵਜੂਦ ਦੁਨੀਆ ਦਿਸ਼ਾਹੀਣ ਹੈ। ਅੱਜ ਦੌਲਤ ਤੇ ਆਰਾਮ ਹੈ ਪਰ ਸ਼ਾਂਤੀ ਤੇ ਸੰਤੁਸ਼ਟੀ ਨਹੀਂ ਹੈ। ਨੈਤਿਕ ਸਪੱਸ਼ਟਤਾ ਵੀ ਨਹੀਂ ਹੈ। ਭਾਰਤ ਦੇ ਪ੍ਰਾਚੀਨ ਗਿਆਨ ਨੇ ਸਦੀਆਂ ਤੋਂ ਦੁਨੀਆ ਦਾ ਮਾਰਗਦਰਸ਼ਨ ਕੀਤਾ ਹੈ ਤੇ ਗੀਤਾ ਉਸ ਗਿਆਨ ਦਾ ਨਿਚੋੜ ਹੈ।

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਕ੍ਰਿਸ਼ਨ ਜੀ ਨੇ ਅਰਜੁਨ ਦੇ ਭੁਲੇਖੇ ਨੂੰ ਦੂਰ ਕੀਤਾ, ਉਸੇ ਤਰ੍ਹਾਂ ਗੀਤਾ ਮਨੁੱਖਤਾ ਨੂੰ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸ਼ਕਤੀ ਪ੍ਰਦਾਨ ਕਰਦੀ ਹੈ। ਗੀਤਾ ਸਾਨੂੰ ਭੱਜਣ ਦੀ ਬਜਾਏ ਸਮੱਸਿਆਵਾਂ ਦਾ ਸਾਹਮਣਾ ਕਰਨ ਅਤੇ ਆਪਣੇ ਫਰਜ਼ਾਂ ਨੂੰ ਬਿਨਾ ਸਵਾਰਥ ਤੋਂ ਨਿਭਾਉਣ ਲਈ ਪ੍ਰੇਰਿਤ ਕਰਦੀ ਹੈ। ਗੀਤਾ ਉਲਝਣ ’ਚ ਫਸੀ ਦੁਨੀਆ ਲਈ ਹੱਲ ਪੇਸ਼ ਕਰਦੀ ਹੈ।

ਉਨ੍ਹਾਂ ਕਿਹਾ ਕਿ ਸਵਾਰਥੀ ਇਰਾਦਿਆਂ ਨਾਲ ਕੀਤੇ ਗਏ ਵੱਡੇ ਕੰਮ ਫਜ਼ੂਲ ਹਨ। ਦੂਜਿਆਂ ਦੇ ਭਲੇ ਲਈ ਛੋਟੇ ਕੰਮ ਵੀ ਬਹੁਤ ਕੀਮਤੀ ਹਨ। ਭਾਰਤੀ ਸੱਭਿਅਤਾ ਨੇ ਹਮਲਿਆਂ ਤੇ ਚੁਣੌਤੀਆਂ ਦੇ ਬਾਵਜੂਦ ਹਜ਼ਾਰਾਂ ਸਾਲਾਂ ਤੋਂ ਆਪਣੀ ਪਛਾਣ ਬਣਾਈ ਹੋਈ ਹੈ। ਗੀਤਾ ਦਾ ਅਧਿਐਨ, ਵਿਚਾਰ ਤੇ ਪਾਲਣਾ ਨਾ ਸਿਰਫ਼ ਇਕ ਵਿਅਕਤੀ ਦੇ ਜੀਵਨ ਨੂੰ ਬਦਲ ਸਕਦੇ ਹਨ ਸਗੋਂ ਸਮਾਜ ਤੇ ਰਾਸ਼ਟਰ ਨੂੰ ਤਰੱਕੀ ਵੱਲ ਵੀ ਲਿਜਾ ਸਕਦੇ ਹਨ।


author

Harpreet SIngh

Content Editor

Related News