ਨਾਗਪੁਰ ''ਚ ਭਾਗਵਤ, ਜੋਸ਼ੀ ਸਭ ਤੋਂ ਪਹਿਲਾਂ ਵੋਟਿੰਗ ਕਰਨ ਵਾਲਿਆਂ ''ਚ ਸ਼ਾਮਲ
Thursday, Apr 11, 2019 - 09:53 AM (IST)

ਨਾਗਪੁਰ— ਆਰ.ਐੱਸ.ਐੱਸ. ਮੁਖੀ ਮੋਹਨ ਭਾਗਵਤ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ 'ਚ ਵੀਰਵਾਰ ਦੀ ਸਵੇਰ ਮਹਾਰਾਸ਼ਟਰ ਦੀ ਨਾਗਪੁਰ ਸੀਟ 'ਤੇ ਸਭ ਤੋਂ ਪਹਿਲਾਂ ਵੋਟਿੰਗ ਕਰਨ ਪਹੁੰਚੇ ਲੋਕਾਂ 'ਚ ਸ਼ਾਮਲ ਰਹੇ। ਕੇਂਦਰੀ ਮੰਤਰੀ ਨਿਤਿਨ ਗਡਕਰੀ ਇੱਥੋਂ ਭਾਜਪਾ ਦੇ ਉਮੀਦਵਾਰ ਹਨ। ਉੱਥੇ ਹੀ ਕਾਂਗਰਸ ਨੇ ਇੱਥੋਂ ਭਾਜਪਾ ਦੇ ਸਾਬਕਾ ਸੰਸਦ ਮੈਂਬਰ ਨਾਨਾ ਪਟੋਲੇ ਨੂੰ ਮੈਦਾਨ 'ਚ ਉਤਾਰਿਆ ਹੈ। ਭਾਗਵਤ ਤੋਂ ਇਲਾਵਾ ਰਾਸ਼ਟਰੀ ਸੋਇਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਜਨਰਲ ਸਕੱਤਰ ਭੈਯਾ ਜੀ ਜੋਸ਼ੀ ਵੀ ਸਵੇਰੇ 6.50 ਵਜੇ ਨਜ਼ਦੀਕੀ ਮਹਿਲ ਇਲਾਕੇ 'ਚ ਭਊਜੀ ਦਫ਼ਤਰੀ ਸਕੂਲ ਸਥਿਤ ਵੋਟਿੰਗ ਕੇਂਦਰ ਪਹੁੰਚੇ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਭਾਗਵਤ ਨੇ ਲੋਕਾਂ ਨੂੰ ਵੱਡੀ ਗਿਣਤੀ 'ਚ ਵੋਟਿੰਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ,''ਵੋਟਿੰਗ ਜ਼ਰੂਰੀ ਅਤੇ ਸਾਰਿਆਂ ਲਈ ਮਹੱਤਵਪੂਰਨ ਜ਼ਿੰਮੇਵਾਰੀ ਹੈ। ਰਾਸ਼ਟਰੀ ਸੁਰੱਖਿਆ, ਵਿਕਾਸ ਅਤੇ ਪਛਾਣ ਲਈ ਵੋਟਿੰਗ ਕਰੋ।''
ਈ.ਵੀ.ਐੱਮ. 'ਚ 'ਨੋਟਾ' ਦੀ ਮੌਜੂਦਗੀ 'ਤੇ ਉਨ੍ਹਾਂ ਨੇ ਕਿਹਾ ਕਿ ਕੀ ਕਿਸੇ ਨੂੰ ਵੀ ਇਹ ਦੱਸਣ ਦੀ ਲੋੜ ਹੈ ਕਿ ਉਸ ਨੂੰ ਕੀ ਚਾਹੀਦਾ। ਉਨ੍ਹਾਂ ਨੇ ਕਿਹਾ,''ਚੁੱਪ ਰਹਿਣ ਨਾਲ ਕੁਝ ਨਹੀਂ ਹੋਵੇਗਾ, ਤੁਹਾਨੂੰ ਹਾਂ ਜਾਂ ਨਾ ਕਹਿਣਾ ਹੀ ਹੋਵੇਗਾ।'' ਜੋਸ਼ੀ ਨੇ ਵੀ ਲੋਕਾਂ ਨੂੰ ਵੋਟਿੰਗ ਕਰਨ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ,''ਮੈਂ ਆਸ ਕਰਦਾ ਹਾਂ ਕਿ ਚੋਣਾਂ ਤੋਂ ਬਾਅਦ ਸੱਤਾ 'ਚ ਆਉਣ ਵਾਲੀ ਸਰਕਾਰ ਰਾਸ਼ਟਰ ਹਿੱਤ 'ਚ ਕੰਮ ਕਰੇਗੀ।'' ਮਹਾਰਾਸ਼ਟਰ 'ਚ ਪਹਿਲੇ ਪੜਾਅ 'ਚ ਲੋਕ ਸਭਾ ਦੀਆਂ 7 ਸੀਟਾਂ ਨਾਗਪੁਰ, ਵਰਧਾ, ਰਾਮਟੇਕ, ਭੰਡਾਰਾ-ਗੋਂਦੀਆ, ਚੰਦਰਪੁਰ, ਗੜਚਿਰੌਲੀ-ਚਿਮੂਰ ਅਤੇ ਯਵਤਮਾਲ-ਵਾਸ਼ਿਮ ਸੀਟਾਂ 'ਤੇ ਵੀਰਵਾਰ ਸਵੇਰ ਤੋਂ ਵੋਟਿੰਗ ਜਾਰੀ ਹੈ।