ਅੰਤਰਰਾਸ਼ਟਰੀ ਵਪਾਰ ਸਵੈ-ਇੱਛਾ ਨਾਲ ਹੋਣਾ ਚਾਹੀਦੈ, ਦਬਾਅ ਹੇਠ ਨਹੀਂ : ਭਾਗਵਤ

Wednesday, Aug 27, 2025 - 10:05 PM (IST)

ਅੰਤਰਰਾਸ਼ਟਰੀ ਵਪਾਰ ਸਵੈ-ਇੱਛਾ ਨਾਲ ਹੋਣਾ ਚਾਹੀਦੈ, ਦਬਾਅ ਹੇਠ ਨਹੀਂ : ਭਾਗਵਤ

ਨਵੀਂ ਦਿੱਲੀ, (ਭਾਸ਼ਾ)- ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਮੁਖੀ ਮੋਹਨ ਭਾਗਵਤ ਨੇ ਸਵੈ-ਨਿਰਭਰਤਾ ਦੀ ਜ਼ੋਰਦਾਰ ਵਕਾਲਤ ਕਰਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਅੰਤਰਰਾਸ਼ਟਰੀ ਵਪਾਰ ਸਵੈ-ਇੱਛਾ ਨਾਲ ਕੀਤਾ ਜਾਣਾ ਚਾਹੀਦਾ ਹੈ, ਦਬਾਅ ਹੇਠ ਨਹੀਂ। ਆਰ. ਐੱਸ. ਐੱਸ. ਦੇ ਸ਼ਤਾਬਦੀ ਵਰ੍ਹੇ ਦੇ ਮੌਕੇ ’ਤੇ ਇੱਥੇ ਇਕ ਭਾਸ਼ਣ ਲੜੀ ਨੂੰ ਸੰਬੋਧਨ ਕਰਦਿਆਂ ਭਾਗਵਤ ਨੇ ਕਿਹਾ ਕਿ ਸਵੈ-ਨਿਰਭਰਤਾ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ ਅਤੇ ਉਨ੍ਹਾਂ ਨੇ ਸਵਦੇਸ਼ੀ ਉਤਪਾਦਾਂ ਨੂੰ ਤਰਜੀਹ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ।

ਮੋਹਨ ਭਾਗਵਤ ਨੇ ਕਿਹਾ ਕਿ ਸਵੈ-ਨਿਰਭਰ ਹੋਣ ਦਾ ਮਤਲਬ ਦਰਾਮਦ ਨੂੰ ਰੋਕਣਾ ਨਹੀਂ ਹੈ। ਦੁਨੀਆ ਅੱਗੇ ਵਧਦੀ ਹੈ ਕਿਉਂਕਿ ਇਹ ਇਕ-ਦੂਜੇ ’ਤੇ ਨਿਰਭਰ ਹੈ। ਇਸ ਲਈ ਦਰਾਮਦ-ਬਰਾਮਦ ਜਾਰੀ ਰਹੇਗੀ। ਹਾਲਾਂਕਿ, ਇਸ ਵਿਚ ਕੋਈ ਦਬਾਅ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸਵਦੇਸ਼ੀ ਦਾ ਮਤਲਬ ਇਹ ਨਹੀਂ ਹੈ ਕਿ ਉਨ੍ਹਾਂ ਚੀਜ਼ਾਂ ਨੂੰ ਦਰਾਮਦ ਨਾ ਕੀਤਾ ਜਾਵੇ, ਜੋ ਦੇਸ਼ ਵਿਚ ਪਹਿਲਾਂ ਤੋਂ ਮੌਜੂਦ ਹਨ ਜਾਂ ਜਿਨ੍ਹਾਂ ਦਾ ਨਿਰਮਾਣ ਆਸਾਨੀ ਨਾਲ ਕੀਤਾ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਬਾਹਰ (ਵਿਦੇਸ਼ਾਂ) ਤੋਂ ਵਸਤਾਂ ਦਰਾਮਦ ਕਰਨ ਨਾਲ ਸਥਾਨਕ ਵਿਕ੍ਰੇਤਾਵਾਂ ਨੂੰ ਨੁਕਸਾਨ ਹੁੰਦਾ ਹੈ। ਭਾਗਵਤ ਦੀ ਇਹ ਟਿੱਪਣੀ ਅਜਿਹੇ ਸਮੇਂ ਆਈ ਹੈ ਜਦੋਂ ਰੂਸੀ ਤੇਲ ਦੀ ਖਰੀਦ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ ’ਤੇ ਲਗਾਇਆ ਗਿਆ 25 ਫੀਸਦੀ ਦਾ ਵਾਧੂ ਟੈਰਿਫ ਲਾਗੂ ਹੋ ਗਿਆ ਹੈ।

ਉਨ੍ਹਾਂ ਕਿਹਾ ਕਿ ਜੋ ਵੀ ਤੁਹਾਡੇ ਦੇਸ਼ ਵਿਚ ਬਣਦਾ ਹੈ, ਉਸਨੂੰ ਬਾਹਰੋਂ ਦਰਾਮਦ ਕਰਨ ਦੀ ਕੋਈ ਲੋੜ ਨਹੀਂ ਹੈ। ਜੋ ਵੀ ਜੀਵਨ ਲਈ ਜ਼ਰੂਰੀ ਹੈ ਅਤੇ ਤੁਹਾਡੇ ਦੇਸ਼ ਵਿਚ ਨਹੀਂ ਬਣਦਾ, ਅਸੀਂ ਉਸਨੂੰ ਬਾਹਰੋਂ ਦਰਾਮਦ ਕਰਾਂਗੇ। ਭਾਗਵਤ ਨੇ ਕਿਹਾ ਕਿ ਦੇਸ਼ ਦੀ ਨੀਤੀ ਆਪਣੀ ਮਰਜ਼ੀ ਨਾਲ ਬਣਾਈ ਜਾਣੀ ਚਾਹੀਦੀ ਹੈ, ਇਸਨੂੰ ਕਿਸੇ ਦੇ ਦਬਾਅ ਹੇਠ ਨਹੀਂ ਆਉਣਾ ਚਾਹੀਦਾ। ਇਹੋ ਸਵਦੇਸ਼ੀ ਹੈ।


author

Rakesh

Content Editor

Related News