ਬੰਬਾਂ ਦੇ ਸਾਏ ਹੇਠ ਵੀ ਨਹੀਂ ਰੁਕਦੀ ਜ਼ਿੰਦਗੀ, ਹੌਲੀ-ਹੌਲੀ ਸੰਭਲ ਰਿਹੈ ਤਹਿਰਾਨ
Wednesday, Mar 11, 2026 - 08:27 AM (IST)
ਨਵੀਂ ਦਿੱਲੀ (ਵਿਸ਼ੇਸ਼) - ਜਦੋਂ ਕਿਸੇ ਸ਼ਹਿਰ ’ਤੇ ਬੰਬ ਡਿੱਗਦੇ ਹਨ ਤਾਂ ਸਭ ਤੋਂ ਪਹਿਲਾਂ ਸੰਨਾਟਾ ਪਸਰ ਜਾਂਦਾ ਹੈ ਪਰ ਜੰਗ ਦੇ ਵਿਚਕਾਰ ਵੀ ਜ਼ਿੰਦਗੀ ਪੂਰੀ ਤਰ੍ਹਾਂ ਨਹੀਂ ਰੁਕਦੀ। ਬੰਬਾਂ ਦੇ ਸਾਏ ਹੇਠ ਜੀ ਰਹੀ ਈਰਾਨ ਦੀ ਰਾਜਧਾਨੀ ਤਹਿਰਾਨ ਦੀ ਤਸਵੀਰ ਵੀ ਕੁਝ ਅਜਿਹੀ ਹੀ ਹੈ। ਇੱਥੇ ਲਗਾਤਾਰ ਬੰਬ ਡਿੱਗ ਰਹੇ ਹਨ, ਆਸਮਾਨ ਵਿਚ ਧੂੰਏਂ ਦੇ ਗੁਬਾਰ ਹਨ ਅਤੇ ਕਈ ਸੜਕਾਂ ਲੱਗਭਗ ਸੁੰਨਸਾਨ ਹਨ, ਇਸ ਦੇ ਬਾਵਜੂਦ ਸ਼ਹਿਰ ’ਚ ਜ਼ਿੰਦਗੀ ਪੂਰੀ ਤਰ੍ਹਾਂ ਨਹੀਂ ਰੁਕੀ ਹੈ। ਹਜ਼ਾਰਾਂ ਆਮ ਕਾਮੇ, ਡਰਾਈਵਰ, ਕਾਰੀਗਰ, ਡਿਲੀਵਰੀ ਕਰਨ ਵਾਲੇ ਅਤੇ ਦੁਕਾਨਦਾਰ ਅਜੇ ਵੀ ਆਪਣੇ ਕੰਮ ’ਤੇ ਡਟੇ ਹੋਏ ਹਨ ਤਾਂ ਜੋ ਰੋਜ਼ਾਨਾ ਦੀ ਜ਼ਿੰਦਗੀ ਚਲਦੀ ਰਹੇ।
ਸ਼ਹਿਰ ਦੇ ਕੁਝ ਹਿੱਸਿਆਂ ਵਿਚ ਨਗਰ ਨਿਗਮ ਦੇ ਕਰਮਚਾਰੀ ਵੀ ਕੰਮ ਕਰਦੇ ਦਿਖਾਈ ਦੇ ਰਹੇ ਹਨ। ਪੱਛਮੀ ਤਹਿਰਾਨ ਵਿਚ ਸੜਕ ਦੇ ਕਿਨਾਰੇ ਮੁਰੰਮਤ ਕਰ ਰਹੇ ਇਕ ਕਰਮਚਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਅਜੇ ਤੱਕ ਘਰ ਜਾਣ ਲਈ ਨਹੀਂ ਕਿਹਾ ਗਿਆ। ਉਨ੍ਹਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣਾ ਕੰਮ ਜਾਰੀ ਰੱਖਣ। ਸੜਕਾਂ ’ਤੇ ਸੁਰੱਖਿਆ ਫੋਰਸਾਂ ਦੀ ਭਾਰੀ ਮੌਜੂਦਗੀ ਹੈ। ਕਈ ਥਾਵਾਂ ’ਤੇ ਹਥਿਆਰਬੰਦ ਜਵਾਨਾਂ ਨੇ ਚੌਕੀਆਂ ਬਣਾਈਆਂ ਹੋਈਆਂ ਹਨ। ਹਜ਼ਾਰਾਂ ਤਹਿਰਾਨੀ ਨਿਵਾਸੀ ਇਜ਼ਰਾਈਲ ਅਤੇ ਅਮਰੀਕਾ ਦੇ ਲਗਾਤਾਰ ਹਵਾਈ ਹਮਲਿਆਂ ਦੇ ਵਿਚਕਾਰ ਵੀ ਕੰਮ ਕਰ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਸ਼ਹਿਰ ਨੂੰ ਚਲਦਾ ਰੱਖਣ ਲਈ ਕਿਸੇ ਨਾ ਕਿਸੇ ਨੂੰ ਤਾਂ ਕੰਮ ਕਰਨਾ ਹੀ ਪਵੇਗਾ। ਟੈਕਸੀ ਚਾਲਕ ਧੂੰਏਂ ਨਾਲ ਭਰੇ ਆਸਮਾਨ ਦੇ ਹੇਠਾਂ ਸੜਕਾਂ ’ਤੇ ਚੱਲ ਰਹੇ ਹਨ ਅਤੇ ਲੋਕ ਆਪਣੇ ਜ਼ਰੂਰੀ ਕੰਮਾਂ ਲਈ ਬਾਹਰ ਨਿਕਲ ਰਹੇ ਹਨ। ਉੱਥੇ ਹੀ ਜੋ ਲੋਕ ਬੰਬਾਰੀ ਦੇ ਡਰੋਂ ਘਰਾਂ ਵਿਚ ਕੈਦ ਹਨ, ਉਹ ਭੋਜਨ ਅਤੇ ਜ਼ਰੂਰੀ ਸਾਮਾਨ ਮੰਗਵਾਉਣ ਲਈ ਮੋਟਰਸਾਈਕਲ ਜਾਂ ਸਾਈਕਲ ਰਾਹੀਂ ਡਿਲੀਵਰੀ ਕਰਨ ਵਾਲੇ ਲੋਕਾਂ ’ਤੇ ਨਿਰਭਰ ਹੋ ਗਏ ਹਨ। ਇਸ ਸਥਿਤੀ ਦੇ ਵਿਚਕਾਰ ਪੈਟਰੋਲ ਪੰਪਾਂ ’ਤੇ ਲੰਬੀਆਂ ਕਤਾਰਾਂ ਲੱਗ ਗਈਆਂ ਹਨ। ਕਈ ਲੋਕ 20 ਲੀਟਰ ਪੈਟਰੋਲ ਲੈਣ ਲਈ ਘੰਟਿਆਂਬੱਧੀ ਇੰਤਜ਼ਾਰ ਕਰ ਰਹੇ ਹਨ, ਜੋ ਕਿ ਆਮ ਕੋਟੇ ਨਾਲੋਂ ਲੱਗਭਗ ਇਕ ਤਿਹਾਈ ਘੱਟ ਹੈ।
ਆਉਣ ਵਾਲਾ ਹੈ ‘ਨੌਰੋਜ਼’, ਖੁੱਲ੍ਹਣ ਲੱਗੀਆਂ ਦੁਕਾਨਾਂ
ਫ਼ਾਰਸੀ ਨਵੇਂ ਸਾਲ ‘ਨੌਰੋਜ਼’ ਆਉਣ ਵਿਚ ਦੋ ਹਫ਼ਤਿਆਂ ਤੋਂ ਵੀ ਘੱਟ ਸਮਾਂ ਬਾਕੀ ਹੈ। ਆਮ ਹਾਲਤਾਂ ਵਿਚ ਇਸ ਸਮੇਂ ਬਾਜ਼ਾਰਾਂ ਵਿਚ ਭਾਰੀ ਭੀੜ ਹੁੰਦੀ ਹੈ ਪਰ ਇਸ ਵਾਰ ਬਾਜ਼ਾਰ ਲੱਗਭਗ ਖਾਲੀ ਹਨ। ਹਾਲਾਂਕਿ ਸ਼ਨੀਵਾਰ ਤੋਂ, ਜੋ ਕਿ ਈਰਾਨ ’ਚ ਹਫ਼ਤੇ ਦਾ ਪਹਿਲਾ ਕੰਮਕਾਜੀ ਦਿਨ ਹੁੰਦਾ ਹੈ, ਕਈ ਕਾਰੋਬਾਰ ਹੌਲੀ-ਹੌਲੀ ਫਿਰ ਤੋਂ ਖੁੱਲ੍ਹਣ ਲੱਗੇ ਹਨ।
ਸਰਕਾਰੀ ਦਫ਼ਤਰਾਂ ਅਤੇ ਬੈਂਕਾਂ ਵਿਚ ਵੀ ਕੰਮ ਸ਼ੁਰੂ
ਸਰਕਾਰੀ ਦਫ਼ਤਰਾਂ ਅਤੇ ਬੈਂਕਾਂ ਨੇ ਐਤਵਾਰ ਤੋਂ ਸੀਮਤ ਪੱਧਰ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਲੱਗਭਗ 20 ਫ਼ੀਸਦੀ ਕਰਮਚਾਰੀ ਦਫ਼ਤਰ ਆ ਰਹੇ ਹਨ। ਸਰਕਾਰ ਨੇ ਮਹਿਲਾ ਕਰਮਚਾਰੀਆਂ ਨੂੰ ਘਰੋਂ ਕੰਮ (ਵਰਕ ਫ਼ਰਾਮ ਹੋਮ) ਕਰਨ ਦੀ ਇਜਾਜ਼ਤ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਦੇਸ਼ ਦੇ ਤੇਲ ਭੰਡਾਰ ਸੁਰੱਖਿਅਤ ਹਨ ਅਤੇ ਬੰਦਰਗਾਹਾਂ ਆਮ ਵਾਂਗ ਕੰਮ ਕਰ ਰਹੀਆਂ ਹਨ।
ਪਰਤਣ ਲੱਗੇ ਸ਼ਹਿਰ ਛੱਡ ਕੇ ਜਾਣ ਵਾਲੇ ਲੋਕ
ਕੁਝ ਅਜਿਹੇ ਸੰਕੇਤ ਵੀ ਮਿਲੇ ਹਨ ਕਿ ਜੋ ਲੋਕ ਪਿਛਲੇ ਦਿਨੀਂ ਸ਼ਹਿਰ ਛੱਡ ਕੇ ਗਏ ਸਨ, ਉਨ੍ਹਾਂ ਵਿਚੋਂ ਕੁਝ ਵਾਪਸ ਆਉਣ ਲੱਗੇ ਹਨ। ਤਹਿਰਾਨ ਨੂੰ ਕੈਸਪੀਅਨ ਸਾਗਰ ਦੇ ਕੰਢੀ ਸ਼ਹਿਰਾਂ ਨਾਲ ਜੋੜਨ ਵਾਲੀ ਚਾਲੂਸ ਸੜਕ ਨੂੰ ਆਰਜ਼ੀ ਤੌਰ ’ਤੇ ਰਾਜਧਾਨੀ ਵੱਲ ਆਉਣ ਵਾਲੇ ਵਾਹਨਾਂ ਲਈ ਵਨ ਵੇਅ ਕਰ ਦਿੱਤਾ ਗਿਆ ਹੈ।
ਤਣਾਅ ਦੇ ਵਿਚਕਾਰ ਵੀ ਦੁਬਈ ਸ਼ਾਂਤ
ਮੱਧ-ਪੂਰਬ ਦੇ ਕਈ ਹਿੱਸਿਆਂ ਵਿਚ ਵਧਦੇ ਤਣਾਅ ਦੇ ਵਿਚਕਾਰ ਵੀ ਦੁਬਈ ਅੱਜ ਵੀ ਸ਼ਾਂਤੀ, ਸਥਿਰਤਾ ਅਤੇ ਵਿਕਾਸ ਦਾ ਪ੍ਰਤੀਕ ਬਣਿਆ ਹੋਇਆ ਹੈ। ਆਪਣੀ ਸਥਿਰ ਵਿਵਸਥਾ ਅਤੇ ਤੇਜ਼ ਵਿਕਾਸ ਲਈ ਜਾਣਿਆ ਜਾਣ ਵਾਲਾ ਇਹ ਸ਼ਹਿਰ ਅਸ਼ਾਂਤ ਮਾਹੌਲ ਦੇ ਵਿਚਕਾਰ ਵੀ ਸ਼ਾਂਤੀ ਦੀ ਮਿਸਾਲ ਬਣਿਆ ਹੋਇਆ ਹੈ। ਦੁਬਈ ਇਹ ਸਾਬਿਤ ਕਰਦਾ ਹੈ ਕਿ ਇਕਜੁੱਟਤਾ, ਮਜ਼ਬੂਤ ਪ੍ਰਸ਼ਾਸਨ ਅਤੇ ਦ੍ਰਿੜ ਇਰਾਦੇ ਦੇ ਦਮ ’ਤੇ ਮੁਸ਼ਕਲ ਹਾਲਾਤਾਂ ਨੂੰ ਵੀ ਸੰਭਾਲਿਆ ਜਾ ਸਕਦਾ ਹੈ। ਇਲਾਕੇ ਵਿਚ ਤਣਾਅ ਦੇ ਬਾਵਜੂਦ ਦੁਬਈ ਵਿਚ ਜਨਜੀਵਨ ਆਮ ਅਤੇ ਵਿਵਸਥਿਤ ਬਣਿਆ ਹੋਇਆ ਹੈ।
ਪਿਛਲੇ 15 ਸਾਲਾਂ ਤੋਂ ਦੁਬਈ ਵਿਚ ਰਹਿ ਰਹੇ ਆਰੀਆਮਨ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਵਿਚ ਖੇਤਰੀ ਤਣਾਅ ਨੇ ਕਈ ਦੇਸ਼ਾਂ ਨੂੰ ਪ੍ਰਭਾਵਿਤ ਕੀਤਾ ਹੈ ਪਰ ਦੁਬਈ ਵਿਚ ਉਹ ਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਉਸ ਨੇ ਕਿਹਾ ਕਿ ਯੂ. ਏ. ਈ. ਦੇ ਨੇਤਾਵਾਂ ਨੇ ਨਾਗਰਿਕਾਂ ਅਤੇ ਵਸਨੀਕਾਂ ਨੂੰ ਵਾਰ-ਵਾਰ ਭਰੋਸਾ ਦਿਵਾਇਆ ਹੈ ਕਿ ਹਾਲ ਹੀ ਦੇ ਦਿਨਾਂ ਵਿਚ ਸੁਣਾਈ ਦੇਣ ਵਾਲੀਆਂ ਤੇਜ਼ ਆਵਾਜ਼ਾਂ ਆਉਣ ਵਾਲੀਆਂ ਮਿਜ਼ਾਈਲਾਂ ਅਤੇ ਡਰੋਨਾਂ ਨੂੰ ਰਸਤੇ ਵਿਚ ਹੀ ਰੋਕਣ ਦੀ ਕਾਰਵਾਈ ਦਾ ਨਤੀਜਾ ਸਨ ਅਤੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ। ਉਸ ਨੇ ਸਪੱਸ਼ਟ ਕਿਹਾ ਕਿ ਯੂ. ਏ. ਈ. ਵਿਚ ਕਿਸੇ ਤਰ੍ਹਾਂ ਦਾ ਯੁੱਧ ਵਰਗਾ ਮਾਹੌਲ ਨਹੀਂ ਹੈ। ਦੁਬਈ ਵਿਚ ਜੀਵਨ ਅਜੇ ਵੀ ਸਥਿਰ ਅਤੇ ਆਮ ਬਣਿਆ ਹੋਇਆ ਹੈ।
