ਮੋਦੀ ਦੀ ਇਸ ਸਾਲ ਯੂ. ਐੱਨ. ਮਹਾਸਭਾ ''ਚ ਸ਼ਾਮਲ ਹੋਣ ਦੀ ਸੰਭਾਵਨਾ ਨਹੀਂ

Wednesday, Jul 26, 2017 - 08:57 PM (IST)

ਸੰਯੁਕਤ ਰਾਸ਼ਟਰ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਸਾਲ ਸਤੰਬਰ 'ਚ ਹੋਣ ਵਾਲੀ ਸੰਯੁਕਤ ਰਾਸ਼ਟਰ ਮਹਾਸਭਾ ਦੇ ਸਾਲਾਨਾ ਸੈਸ਼ਨ 'ਚ ਸ਼ਾਮਲ ਹੋਣ ਦੀ ਸੰਭਾਵਨਾ ਨਹੀਂ ਹੈ। 
ਸੰਯੁਕਤ ਰਾਸ਼ਟਰ (ਯੂ. ਐੱਨ.) ਵੱਲੋਂ ਜਾਰੀ ਅਸਥਾਈ ਏਜੰਡੇ ਮੁਤਾਬਕ ਉਨ੍ਹਾਂ ਦੀ ਥਾਂ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਇਸ ਉੱਚ ਪੱਧਰੀ ਸੈਸ਼ਨ ਨੂੰ ਸੰਬੋਧਿਤ ਕਰੇਗੀ। ਮਹਾਸਭਾ ਦੇ 72ਵੇਂ ਸੈਸ਼ਨ 'ਚ ਆਮ ਬਹਿਸ ਲਈ ਸਪੀਕਰਾਂ ਦੀ ਪਹਿਲੀ ਅਸਥਾਈ ਲਿਸਟ ਦੇ ਮੁਤਾਬਕ, ਸੁਸ਼ਮਾ 23 ਸਤੰਬਰ ਦੀ ਸਵੇਰ ਨੂੰ ਉੱਚ ਪੱਧਰੀ ਸੈਸ਼ਨ ਨੂੰ ਸੰਬੋਧਿਤ ਕਰੇਗੀ। ਉਨ੍ਹਾਂ ਨੇ ਪਿਛਲੇ ਸਾਲ ਵੀ ਆਮ ਬਹਿਸ ਨੂੰ ਸੰਬੋਧਿਤ ਕੀਤਾ ਸੀ।
ਆਮ ਬਹਿਸ ਦੀ ਸ਼ੁਰੂਆਤ 19 ਸਤੰਬਰ ਨੂੰ ਹੋਵੇਗੀ ਅਤੇ 25 ਸਤੰਬਰ ਤੱਕ ਚਲੇਗੀ। ਇਸ ਦੌਰਾਨ ਸਾਰੀਆਂ ਦੀਆਂ ਨਜ਼ਰਾਂ ਅਮਰੀਕਾ ਦਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਹੋਣਗੀਆਂ, ਜਿਹੜੇ 19 ਸਤੰਬਰ ਨੂੰ ਮਹਾਸਭਾ ਦੇ ਇਤਿਹਾਸਕ ਮੰਚ ਤੋਂ ਪਹਿਲੀ ਵਾਰ ਦੁਨੀਆ ਦੇ ਨੇਤਾਵਾਂ ਨੂੰ ਸੰਬੋਧਿਤ ਕਰਨਗੇ। ਆਮ ਬਹਿਸ ਦੀ ਸ਼ੁਰੂਆਤ ਹੋਣ 'ਤੇ ਬ੍ਰਾਜ਼ੀਲ ਤੋਂ ਬਾਅਦ ਰਸਮੀ ਤੌਰ 'ਤੇ ਅਮਰੀਕਾ ਦੂਜਾ ਸਪੀਕਰ ਹੁੰਦਾ ਹੈ। ਲਿਸਟ ਮੁਤਾਬਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ 21 ਸਤੰਬਰ ਨੂੰ ਇਸ ਮਹਾਸਭਾ ਨੂੰ ਸੰਬੋਧਿਤ ਕਰਨਗੇ।


Related News