ਆਫ਼ ਦਿ ਰਿਕਾਰਡ: ਮੋਦੀ ਦਾ ਟੇਲੈਂਟ ਹੰਟ
Wednesday, Jun 08, 2022 - 11:11 AM (IST)
ਨਵੀਂ ਦਿੱਲੀ– ਸਭ ਪ੍ਰਧਾਨ ਮੰਤਰੀ ਆਪਣੀਆਂ ਸਰਕਾਰਾਂ ਨੂੰ ਬਿਹਤਰ ਪ੍ਰਦਰਸ਼ਨ ਕਰਨ ਵਿੱਚ ਮਦਦ ਕਰਨ ਲਈ ਪ੍ਰਤਿਭਾ ਦੀ ਖੋਜ ਦਾ ਸਹਾਰਾ ਲੈਂਦੇ ਹਨ ਅਤੇ ਵਿਸ਼ਾ ਮਾਹਿਰਾਂ ਨੂੰ ਲਿਆਉਂਦੇ ਹਨ। ਪੰਡਿਤ ਨਹਿਰੂ ਨੇ ਆਲ ਇੰਡੀਆ ਸਰਵਿਸਿਜ਼ ਤੋਂ ਬਾਹਰ ਨੌਕਰਸ਼ਾਹੀ ਵਿੱਚ ਲੇਟਰਲ ਪ੍ਰਵੇਸ਼ ਕਰਨ ਵਾਲੇ ਸੰਕਲਪ ਨੂੰ ਲਿਆਂਦਾ। ਇੰਦਰਾ ਗਾਂਧੀ ਵੀ ਪਿੱਛੇ ਨਹੀਂ ਰਹੀ।
ਰਾਜੀਵ ਗਾਂਧੀ ਨੇ 10 ਤਕਨੀਕੀ ਮਿਸ਼ਨਾਂ ਦੀ ਸਥਾਪਨਾ ਕੀਤੀ ਅਤੇ ਭਾਰਤ ਨੂੰ 21ਵੀਂ ਸਦੀ ਵਿੱਚ ਲਿਜਾਣ ਲਈ ਇਹਨਾਂ ਵਿੱਚੋਂ ਕੁਝ ਮਿਸ਼ਨਾਂ ਦੀ ਅਗਵਾਈ ਕਰਨ ਲਈ ਬਾਹਰੋਂ ਪ੍ਰਤਿਭਾ ਲਿਆਂਦੀ। ਉਨ੍ਹਾਂ ਦੇ ਜਾਨਸ਼ੀਨ ਵੀ ਪ੍ਰਤਿਭਾ ਲੈ ਕੇ ਆਏ ਪਰ ਸੱਤਾ ਦੇ ਪ੍ਰਬੰਧਨ ਵਿੱਚ ਉਹ ਬਹੁਤ ਫਸ ਗਏ ਜਾਂ ਕੁਝ ਵਿਵਾਦਾਂ ਜਾਂ ਗਲੋਬਲ ਚੁਣੌਤੀਆਂ ਦਾ ਉਨ੍ਹਾਂ ਨੂੰ ਸਾਹਮਣਾ ਕਰਨਾ ਪਿਆ। ਪੀ. ਐਮ. ਮੋਦੀ ਇਕ ਵੱਖਰੀ ਮਿੱਟੀ ਦੇ ਬਣੇ ਹੋਏ ਹਨ ਅਤੇ ਹਮੇਸ਼ਾ ਛੁਪੀ ਪ੍ਰਤਿਭਾ ਦੀ ਭਾਲ ਵਿਚ ਰਹਿੰਦੇ ਹਨ।
ਉਨ੍ਹਾਂ ਦੀ ਪ੍ਰਤਿਭਾ ਦੀ ਖੋਜ ਪਦਮ ਪੁਰਸਕਾਰ ਦੇਣ ਦੇ ਮਾਮਲੇ ਵਿੱਚ ਵੀ ਹੈ । ਹੁਣ ਉਹ ਪ੍ਰਤਿਭਾ ਖੋਜ ਲਈ ਸਾਰੇ ਸਰਕਾਰੀ ਪੁਰਸਕਾਰਾਂ ਲਈ ਇੱਕ ਕੇਂਦਰੀ ਯੂਨਿਟ ਚਾਹੁੰਦੇ ਹਨ। ਉਹ ਨਿੱਜੀ ਤੌਰ ’ਤੇ ਵੇਰਵਿਆਂ ਵਿੱਚ ਜਾਣ ਲਈ ਬਹੁਤ ਸਾਰਾ ਸਮਾਂ ਲਾਉਂਦੇ ਹਨ। ਕਦੇ ਵੀ ਜਲਦਬਾਜ਼ੀ ਵਿੱਚ ਨਹੀਂ ਹੁੰਦੇ। ਸਹੀ ਸਮੇਂ ਦੀ ਉਡੀਕ ਕਰਦੇ ਹਨ। ਉਹ ਇੱਕ ਕਦਮ ਪਿੱਛੇ ਹਟਣ ਤੋਂ ਨਹੀਂ ਝਿਜਕਦੇ। ਉਦਾਹਰਣ ਵਜੋਂ ਉਹ ਮਨਮੋਹਨ ਸਿੰਘ ਸਰਕਾਰ ਵਲੋਂ ਪੇਸ਼ ਕੀਤੇ ਗਏ ਆਧਾਰ ਕਾਰਡ ਦੀ ਆਲੋਚਨਾ ਕਰਦੇ ਸਨ ਪਰ ਜਦੋਂ ਉਹ ਆਧਾਰ ਦੀ ਖੋਜ ਕਰਨ ਵਾਲੇ ਟੈਕਨੋਕ੍ਰੇਟ ਨੰਦਨ ਨੀਲਕਾਨੀ ਨੂੰ ਮਿਲੇ ਤਾਂ ਉਨ੍ਹਾਂ ਆਪਣਾ ਮਨ ਬਦਲ ਲਿਆ ਅਤੇ ਯੋਜਨਾ ਨੂੰ ਪੂਰਾ ਸਮਰਥਨ ਦਿੱਤਾ।
ਮੋਦੀ ਨੇ ਹੁਣ ਸਰਕਾਰ ਨੂੰ ਕਿਹਾ ਹੈ ਕਿ ਬਾਹਰੀ ਪ੍ਰਤਿਭਾ ਪ੍ਰਮੁੱਖ ਸੰਸਥਾਵਾਂ, ਕਾਰਪੋਰੇਸ਼ਨਾਂ ਅਤੇ ਇੱਥੋਂ ਤੱਕ ਕਿ ਸਕੱਤਰ ਪੱਧਰ ਦੇ ਅਧਿਕਾਰੀਆਂ ਵਿੱਚੋਂ ਵੀ ਲੱਭੀ ਜਾ ਸਕਦੀ ਹੈ ਜਿਨ੍ਹਾਂ ਨੂੰ ਠੇਕੇ ’ਤੇ ਲਿਆਉਣ ਲਈ ਦਰਵਾਜ਼ੇ ਖੋਲ ਦਿੱਤੇ ਗਏ ਹਨ।
ਉਨ੍ਹਾਂ ਦੇ ਮੰਤਰੀ ਮੰਡਲ ਵਿੱਚ ਐੱਸ . ਜੈਸ਼ੰਕਰ, ਆਰ.ਕੇ. ਸਿੰਘ, ਹਰਦੀਪ ਪੁਰੀ, ਅਸ਼ਵਨੀ ਵੈਸ਼ਨਵ ਵਰਗੇ ਕਈ ਮੰਤਰੀ ਹਨ ਜੋ ਰਾਜਨੀਤੀ ਵਿੱਚ ਸਰਗਰਮ ਨਹੀਂ ਸਨ ਪਰ ਮੋਦੀ ਬਿਨਾਂ ਕਿਸੇ ਇਰਾਦੇ ਦੇ ਕੁਝ ਨਹੀਂ ਕਰਦੇ ਹਨ । ਇਹ ਤੁਰੰਤ ਸਮਝਣਾ ਮੁਸ਼ਕਲ ਹੈ ਕਿ ਉਨ੍ਹਾਂ ਅਜਿਹਾ ਕਿਉਂ ਕੀਤਾ?