ਹਸਪਤਾਲ ਦੇ ਕਾਗਜ਼ਾਂ 'ਚ ਲਾਪਤਾ ਕੈਂਸਰ ਮਰੀਜ਼ ਮੁਰਦਾ ਘਰ 'ਚੋਂ ਮਿਲਿਆ

05/13/2020 7:05:36 PM

ਅਹਿਮਦਾਬਾਦ (ਭਾਸ਼ਾ)— ਗੁਜਰਾਤ ਦੇ ਅਹਿਮਦਾਬਾਦ ਵਿਚ ਇਕ ਕੈਂਸਰ ਮਰੀਜ਼ ਦੇ ਪਰਿਵਾਰ ਵਾਲਿਆਂ ਨੇ ਸਿਵਲ ਹਸਪਤਾਲ ਪ੍ਰਸ਼ਾਸਨ 'ਤੇ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ 4 ਮਈ ਨੂੰ ਭਰਤੀ ਹੋਣ ਤੋਂ ਬਾਅਦ ਮਰੀਜ਼ ਦੀ ਸਥਿਤੀ ਅਤੇ ਉਸ ਦੀ 5 ਦਿਨਾਂ ਪਹਿਲਾਂ ਹੋਈ ਮੌਤ ਬਾਰੇ ਸੂਚਿਤ ਨਹੀਂ ਕੀਤਾ ਗਿਆ। ਪਰਿਵਾਰ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਮਰੀਜ਼ ਬਾਰੇ ਉਦੋਂ ਪਤਾ ਲੱਗਾ ਕਿ ਜਦੋਂ ਉਸ ਦੀ ਲਾਸ਼ ਹਸਪਤਾਲ ਦੇ ਮੁਰਦਾ ਘਰ 'ਚੋਂ ਮਿਲੀ। 54 ਸਾਲ ਦਾ ਮ੍ਰਿਤਕ ਪੋਰਬੰਦਰ ਦਾ ਰਹਿਣ ਵਾਲਾ ਸੀ। ਮ੍ਰਿਤਕ ਦੇ ਬੇਟੇ ਨੇ ਦੋਸ਼ ਲਾਇਆ ਕਿ ਅਧਿਕਾਰੀਆਂ ਨੇ ਉਸ ਨੂੰ 4 ਮਈ ਨੂੰ ਆਪਣੇ ਪਿਤਾ ਦਾ ਕੋਰੋਨਾ ਵਾਇਰਸ ਦੀ ਜਾਂਚ ਲਈ ਹਸਪਤਾਲ ਨਾਲ ਜੁੜੇ ਕੋਵਿਡ-19 ਸੈਂਟਰ ਨਾਲ ਸੰਪਰਕ ਕਰਨ ਨੂੰ ਕਿਹਾ। ਬੇਟੇ ਨੇ ਦਾਅਵਾ ਕੀਤਾ ਕਿ ਪਿਤਾ ਦੇ ਬਲਗਮ ਦਾ ਨਮੂਨਾ ਸਿਵਲ ਹਸਪਤਾਲ ਦੇ ਕੋਵਿਡ-19 ਸੈਂਟਰ ਵਿਚ ਲਿਆ ਗਿਆ ਸੀ ਅਤੇ ਉਨ੍ਹਾਂ ਨੂੰ 4 ਮਈ ਨੂੰ ਹਸਪਤਾਲ ਦੇ ਆਈ. ਸੀ. ਯੂ. 'ਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਅਧਿਕਾਰੀਆਂ ਨੇ ਮੈਨੂੰ ਦੱਸਿਆ ਕਿ ਉਹ ਮੈਨੂੰ ਮੇਰੇ ਪਿਤਾ ਦੀ ਜਾਂਚ ਰਿਪੋਰਟ ਬਾਰੇ ਸੂਚਿਤ ਕਰਨਗੇ ਪਰ 8 ਦਿਨਾਂ ਤਕ ਮੇਰੇ ਫੋਨ ਨੰਬਰ 'ਤੇ ਕੋਈ ਕਾਲ ਨਹੀਂ ਆਈ।

ਬੇਟੇ ਨੇ ਕਿਹਾ ਕਿ ਉਹ ਰੋਜ਼ਾਨਾ ਹਸਪਤਾਲ ਜਾਂਦੇ ਸਨ ਅਤੇ ਹੈਲਪ ਡੈਸਕ 'ਤੇ ਆਪਣਾ ਫੋਨ ਨੰਬਰ ਛੱਡ ਕੇ ਆਏ ਸਨ ਪਰ ਕੋਈ ਜਵਾਬ ਨਹੀਂ ਮਿਲਿਆ। ਉਨ੍ਹਾਂ ਨੇ ਇਹ ਵੀ ਦੋਸ਼ ਲਾਇਆ ਕਿ ਮਰੀਜ਼ਾਂ ਦੇ ਰਜਿਸਟਰ ਵਿਚ ਉਨ੍ਹਾਂ ਦੇ ਪਿਤਾ ਦਾ ਕੋਈ ਰਿਕਾਰਡ ਨਹੀਂ ਸੀ। ਉਨ੍ਹਾਂ ਨੇ ਕਾਂਗਰਸ ਦੇ ਸੀਨੀਅਰ ਨੇਤਾ ਅਰਜੁਨ ਮੋਢਵਾਡੀਆ ਤੋਂ ਮਦਦ ਲਈ ਸੰਪਰਕ ਕੀਤਾ, ਕਿਉਂਕਿ ਮ੍ਰਿਤਕ ਇਕ ਪਾਰਟੀ ਵਰਕਰ ਸੀ। ਕਾਂਗਰਸੀ ਨੇਤਾ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਕੈਂਸਰ ਦੇ ਮਰੀਜ਼ ਨੂੰ ਕੋਵਿਡ-19 ਸੈਂਟਰ ਦੇ ਵਾਰਡ ਨੰਬਰ-3 ਵਿਚ ਭਰਤੀ ਕਰਵਾਇਆ ਗਿਆ ਸੀ ਅਤੇ ਓ. ਪੀ. ਡੀ. ਰਿਕਾਰਡ ਮੁਤਾਬਕ ਆਈ. ਸੀ. ਯੂ. 'ਚ ਨਹੀਂ ਸੀ। ਹਾਲਾਂਕਿ ਉਸ ਵਾਰਡ ਵਿਚੋਂ ਮਰੀਜ਼ ਨਹੀਂ ਮਿਲਿਆ।

ਮ੍ਰਿਤਕ ਦੇ ਬੇਟੇ ਨੇ ਦੱਸਿਆ ਕਿ ਆਖਰਕਾਰ ਮਰੀਜ਼ ਹਸਪਤਾਲ ਦੇ ਮੁਰਦਾ ਘਰ ਵਿਚ ਮ੍ਰਿਤਕ ਮਿਲਿਆ। ਬੇਟੇ ਨੇ ਦੱਸਿਆ ਕਿ ਮੇਰੇ ਪਿਤਾ ਦੀ ਮੌਤ 8 ਮਈ ਨੂੰ ਹੋਈ ਸੀ ਪਰ ਮੈਨੂੰ ਅੱਜ ਤੱਕ ਉਨ੍ਹਾਂ ਦੀ ਮੌਤ ਬਾਰੇ ਸੂਚਿਤ ਨਹੀਂ ਕੀਤਾ ਗਿਆ ਸੀ। ਓਧਰ ਸਿਵਲ ਹਸਪਤਾਲ ਵਿਚ ਕੋਵਿਡ-19 ਮਾਮਲਿਆਂ ਲਈ ਵਿਸ਼ੇਸ਼ ਡਿਊਟੀ ਅਧਿਕਾਰੀ ਐੱਮ. ਐੱਮ. ਪ੍ਰਭਾਕਰ ਨੇ ਕਿਹਾ ਕਿ ਮਰੀਜ਼ ਦੀ ਮੌਤ 8 ਮਈ ਨੂੰ ਹੋਈ ਸੀ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੇ ਮ੍ਰਿਤਕ ਦੇ ਬੇਟੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਸੰਪਰਕ ਨਹੀਂ ਹੋ ਸਕਿਆ।


Tanu

Content Editor

Related News