ਮਿੰਟੀ ਦੇ ਸਟੀਕ ਸੰਦੇਸ਼ ’ਤੇ ਹੀ ਅਭਿਨੰਦਨ ਨੇ ਢੇਰ ਕੀਤਾ ਸੀ ਦੁਸ਼ਮਣ ਦਾ ਜਹਾਜ਼

08/28/2019 5:24:23 PM

ਅੰਬਾਲਾ— ਬੀਤੀ 26 ਫਰਵਰੀ 2019 ਨੂੰ ਭਾਰਤੀ ਹਵਾਈ ਫੌਜ ਵਲੋਂ ਬਾਲਾਕੋਟ ਏਅਰ ਸਟਰਾਈਕ ਕਰ ਕੇ ਅੱਤਵਾਦੀ ਟਿਕਾਣਿਆਂ ਨੂੰ ਢਹਿ-ਢੇਰੀ ਕੀਤਾ ਗਿਆ ਸੀ। ਇਸ ਤੋਂ ਅਗਲੇ ਦਿਨ ਯਾਨੀ ਕਿ 27 ਫਰਵਰੀ ਨੂੰ ਪਾਕਿਸਤਾਨੀ ਹਵਾਈ ਫੌਜ ਦੇ ਲੜਾਕੂ ਜਹਾਜ਼ ਐੱਫ-16 ਨੂੰ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੇ ਢੇਰ ਕੀਤਾ ਸੀ। ਇਸ ਮੁਹਿੰਮ ਵਿਚ ਹਵਾਈ ਫੌਜ ਦੀ ਯੁਵਾ ਮਹਿਲਾ ਫਾਈਟਰ ਕੰਟਰੋਲਰ ਮਿੰਟੀ ਅਗਰਵਾਲ ਨੇ ਬੇਹੱਦ ਅਹਿਮ ਭੂਮਿਕਾ ਨਿਭਾਈ ਸੀ। ਮਿੰਟੀ ਦੇ ਸਟੀਕ ਸੰਦੇਸ਼ ’ਤੇ ਹੀ ਅਭਿਨੰਦਨ ਨੇ ਦੁਸ਼ਮਣ ਦੇ ਐੱਫ-16 ਜਹਾਜ਼ ਨੂੰ ਢੇਰ ਕੀਤਾ ਸੀ। 

ਮਿੰਟੀ ਨੇ ਦੱਸਿਆ ਕਿ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਆਪਣੇ ਮਿਗ-21 ਬਾਇਸਨ ਲੜਾਕੂ ਜਹਾਜ਼ ਨਾਲ ਦੁਸ਼ਮਣ ਦੇ ਦੋ ਐੱਫ-16 ਜਹਾਜ਼ਾਂ ਦਾ ਪਿਛਾ ਕਰ ਰਹੇ ਸਨ। ਮੈਂ ਉਨ੍ਹਾਂ ਨੂੰ ਲੋਕੇਸ਼ਨ ਦੇ ਰਹੀ ਸੀ। ਛੇਤੀ ਹੀ ਉਹ ਪਲ ਆਇਆ ਜਦੋਂ ਮੈਂ ਕਿਹਾ- ਟਾਰਗੇਟ ਲੌਕ ਹਿਟ...। ਅਭਿਨੰਦਨ ਨੇ ਮਿਜ਼ਾਇਲ ਦਾਗ ਦਿੱਤੀ ਅਤੇ ਦੁਸ਼ਮਣ ਦਾ ਜਹਾਜ਼ ਤਬਾਹ ਕਰ ਦਿੱਤਾ। ਇਸ ਤੋਂ ਬਾਅਦ ਦੂਜੇ ਜਹਾਜ਼ ਨੂੰ ਨਿਸ਼ਾਨਾ ’ਤੇ ਲਿਆ ਗਿਆ ਪਰ ਇਸ ਦਰਮਿਆਨ ਅਭਿਨੰਦਨ ਦਾ ਜਹਾਜ਼ ਸਰਹੱਦ ਉੱਪਰ ਜਾ ਪੁੱਜਾ। ਮੈਂ ਉਨ੍ਹਾਂ ਨੂੰ ਵਾਪਸ ਮੋੜਨ ਦਾ ਸੰਕੇਤ ਦਿੱਤਾ ਪਰ ਉਸੇ ਸਮੇਂ ਉਹ ਸਰਹੱਦ ਪਾਰ ਕਰ ਕੇ ਉਸ ਰੇਂਜ ’ਚ ਦਾਖਲ ਹੋ ਗਏ। ਹਾਲਾਂਕਿ ਪਾਕਿਸਤਾਨ ਤੋਂ ਅਭਿਨੰਦਨ ਵਾਪਸ ਆ ਗਏ। 

ਮਿੰਟੀ ਨੇ ਦੱਸਿਆ ਕਿ ਅਸੀਂ 26 ਫਰਵਰੀ ਨੂੰ ਬਾਲਾਕੋਟ ਮਿਸ਼ਨ ਨੂੰ ਸਫਲਤਾਪੂਰਵਕ ਪੂਰਾ ਕੀਤਾ। ਅਸੀਂ ਜਵਾਬੀ ਹਮਲੇ ਦੀ ਉਮੀਦ ਕਰ ਰਹੇ ਸੀ। ਦੁਸ਼ਮਣ ਸਾਨੂੰ ਨੁਕਸਾਨ ਪਹੁੰਚਾਉਣ ਦੇ ਇਰਾਦੇ ਤੋਂ ਆਏ ਸਨ ਪਰ ਸਾਡੇ ਪਾਇਲਟਾਂ, ਕੰਟਰੋਲਰ ਅਤੇ ਟੀਮ ਦੇ ਸਾਹਸ ਨਾਲ ਉਨ੍ਹਾਂ ਦਾ ਮਕਸਦ ਪੂਰਾ ਨਹੀਂ ਹੋ ਸਕਿਆ। ਐੱਫ-16 ਨੂੰ ਵਿੰਗ ਕਮਾਂਡਰ ਅਭਿਨੰਦਨ ਨੇ ਢੇਰ ਕਰ ਦਿੱਤਾ। ਇਹ ਭਿਆਨਕ ਜੰਗ ਦੇ ਹਾਲਾਤ ਸਨ। ਉੱਥੇ ਦੁਸ਼ਮਣ ਦੇ ਕਈ ਏਅਰਕ੍ਰਾਫਟ ਸਨ ਅਤੇ ਸਾਡੇ ਫਾਈਟਰ ਏਅਰਕ੍ਰਾਫਟ ਪੂਰੀ ਤਰ੍ਹਾਂ ਨਾਲ ਮੁਕਾਬਲਾ ਕੀਤਾ। ਮੈਂ 26 ਫਰਵਰੀ ਅਤੇ 27 ਫਰਵਰੀ ਦੋਹਾਂ ਮਿਸ਼ਨਾਂ ਵਿਚ ਹਿੱਸਾ ਲਿਆ। ਮਿੰਟੀ ਦਾ ਪਰਿਵਾਰ ਹਰਿਆਣਾ ਦੇ ਅੰਬਾਲਾ ਸ਼ਹਿਰ ’ਚ ਰਹਿੰਦਾ ਹੈ।

 


Tanu

Content Editor

Related News